ਆਪਣੇ ਤਜਰਬੇ ਤੇ ਅਧਾਰਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਿਥੇ ਮਨੁੱਖੀ ਸਿਹਤ ਨੂੰ ਲੈ ਕੇ ਖੋਜਾਂ ਤਰੱਕੀ ਦੇ ਰਾਹ ਤੇ ਹਨ ਉਥੇ ਹੀ ਬਿਮਾਰੀਆਂ ਵੀ ਘੱਟ ਨਹੀਂ l ਬਹੁਤ ਵਾਰ ਇਨ੍ਹਾਂ ਬਿਮਾਰੀਆਂ ਨੂੰ ਥੋੜ੍ਹਾ ਸਮਝ ਕੇ ਘੱਟ ਕੀਤਾ ਜਾ ਸਕਦਾ ਹੈ ਜਾਂ ਖਤਮ ਕੀਤਾ ਜਾ ਸਕਦਾ ਹੈ l ਅੱਜ ਇਸ ਲੇਖ ਵਿੱਚ ਘਟ ਰਹੇ ਖੂਨ ਦੇ ਦਬਾਅ ਬਾਰੇ ਕੁੱਝ ਜਾਣਕਾਰੀ ਸਾਂਝੀ ਕਰ ਰਿਹਾ ਹਾਂ l

ਖੂਨ ਦਾ ਦਬਾਅ 120/80 ਹੋਵੇ ਤਾਂ ਇਸ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਇਸ ਵਿੱਚ ਬਦਲਾ ਹਰ ਮਿੰਟ ਵਿੱਚ ਹੀ ਹੁੰਦਾ ਰਹਿੰਦਾ ਹੈ l ਤੁਸੀਂ ਕਿਹੜੇ ਵੇਲੇ ਕੀ ਕਰ ਰਹੇ ਹੋ ? ਉਸ ਦਾ ਖੂਨ ਦੇ ਦਬਾਅ ਤੇ ਅਸਰ ਪੈਂਦਾ ਹੈ l ਇਥੇ ਇਹ ਗੱਲ ਨੋਟ ਕਰਨ ਦੀ ਲੋੜ ਹੈ ਕਿ ਘਟਿਆ ਹੋਇਆ ਖੂਨ ਦਾ ਦਬਾਅ ਫਿਰ ਹੀ ਖਤਰਨਾਕ ਮੰਨਿਆ ਜਾਂਦਾ ਹੈ ਜੇਕਰ ਉਸ ਦੀਆਂ ਨਿਸ਼ਾਨੀਆਂ ਦਿਖਾਈ ਦੇਣ l ਜੇ ਨਿਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ ਤਾਂ ਘਟੇ ਹੋਏ ਖੂਨ ਦੇ ਦਬਾਅ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ l

ਘਟਿਆ ਹੋਇਆ ਖੂਨ ਦਾ ਦਬਾਅ ਵੱਖ ਵੱਖ ਵਿਅਕਤੀਆਂ ਤੇ ਵੱਖ ਵੱਖ ਅਸਰ ਪਾਉਂਦਾ ਹੈ ਜਿਸ ਤਰਾਂ ਕਈਆਂ ਦਾ ਖੂਨ ਦਾ ਦਬਾਅ 115/75 ਹੋ ਜਾਵੇ ਤਾਂ ਨਿਸ਼ਾਨੀਆਂ ਦਿਖਾਈ ਦੇ ਸਕਦੀਆਂ ਹਨ l ਕਿਸੇ ਹੋਰ ਵਿਅਕਤੀ ਦਾ ਖੂਨ ਦਾ ਦਬਾਅ ਇਸ ਤੋਂ ਵੀ ਘੱਟ ਹੋਵੇ ਤਾਂ ਉਹ ਫਿਰ ਵੀ ਠੀਕ ਰਹਿ ਸਕਦਾ ਹੈ l ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਖੂਨ ਦੇ ਦਬਾਅ ਦੀ ਰੀਡਿੰਗ ਤੇ ਇਲਾਜ ਸ਼ੁਰੂ ਕੀਤਾ ਜਾਵੇ l ਇਲਾਜ ਸਿਰਫ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਨਿਸ਼ਾਨੀਆਂ ਦਿਖਾਈ ਦੇਣ l

ਘਟ ਰਹੇ ਖੂਨ ਦੇ ਦਬਾਅ ਦੀਆਂ ਨਿਸ਼ਾਨੀਆਂ : – ਚੱਕਰ ਆਉਣੇ, ਉਲਟੀਆਂ, ਅੱਖਾਂ ਅੱਗੇ ਝੌਲਾ ਦਿਸਣਾ ਅਤੇ ਕਿਸੇ ਇੱਕ ਚੀਜ਼ ਤੇ ਧਿਆਨ ਨਾ ਦੇ ਸਕਣਾ ਜਾਂ ਫੋਕਸ ਨਾ ਕਰ ਸਕਣਾ ਆਦਿ ਨਿਸ਼ਾਨੀਆਂ ਹਨ l

ਘਟ ਰਹੇ ਖੂਨ ਦੇ ਦਬਾਅ ਦੇ ਕਾਰਣ :

  • ਸਰੀਰ ਵਿੱਚ ਲੋੜ ਮੁਤਾਬਕ ਜ਼ਰੂਰੀ ਤੱਤਾਂ ਦੀ ਘਾਟ
  • ਬਹੁਤ ਸਮਾਂ ਮੰਜੇ ਤੇ ਰਹਿਣਾ
  • ਪ੍ਰੈਗਨੈਂਸੀ
  • ਕਿਸੇ ਦਵਾਈ ਦਾ ਮਾੜਾ ਅਸਰ ਹੋਣਾ
  • ਬਹੁਤ ਜਿਆਦਾ ਇਨਫੈਕਸ਼ਨ ਹੋਣਾ
  • ਅਲਰਜੀ ਦਾ ਰਿਐਕਸ਼ਨ
  • ਖੂਨ ਦੀ ਮਿਣਤੀ ਘਟ ਜਾਣਾ ਆਦਿ l

ਘਰੇਲੂ ਇਲਾਜ :

  • ਸੋਡੀਅਮ ਦੀ ਮਾਤਰਾ ਵਧਾ ਸਕਦੇ ਹੋ l
  • ਜਿਨ੍ਹਾਂ ਖਾਣਿਆਂ ਵਿੱਚ ਅਲਕੋਹਲ ਹੁੰਦੀ ਹੈ ਉਸ ਤੋਂ ਬਚਣਾ ਚਾਹੀਦਾ ਹੈ l
  • ਬੈਠਣ ਸਮੇਂ ਲੱਤਾਂ ਇੱਕ ਦੂਜੀ ਲੱਤ ਉਪਰ (Cross Legs) ਰੱਖ ਕੇ ਬੈਠਣਾ ਚਾਹੀਦਾ ਹੈ l
  • ਇਕੱਠਾ ਖਾਣਾ ਖਾਣ ਦੀ ਬਜਾਏ ਥੋੜ੍ਹੇ ਥੋੜ੍ਹੇ ਸਮੇਂ ਬਾਦ ਥੋੜ੍ਹਾ ਥੋੜ੍ਹਾ ਖਾਣਾ ਚਾਹੀਦਾ ਹੈ l
  • ਇੱਕ ਦਮ ਸਰੀਰ ਦੀ ਦਿਸ਼ਾ ਨਹੀਂ ਬਦਲਣੀ ਚਾਹੀਦੀ l ਉਦਾਹਰਣ ਦੇ ਤੌਰ ਤੇ ਇੱਕ ਦਮ ਖੜ੍ਹੇ ਨਹੀਂ ਹੋਣਾ ਚਾਹੀਦਾ l
  • ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਆਦਾ ਭਾਰੀਆਂ ਚੀਜ਼ਾਂ ਨਾ ਚੁਕੀਆਂ ਜਾਣ l
  • ਇੱਕ ਹੀ ਜਗ੍ਹਾ ਤੇ ਜਿਆਦਾ ਚਿਰ ਖੜ੍ਹੇ ਨਹੀਂ ਹੋਣਾ ਚਾਹੀਦਾ l
  • ਕਸਰਤ ਕਰਨ ਵੇਲੇ ਅਤੇ ਗਰਮੀ ਵਿੱਚ ਜਿਆਦਾ ਪਾਣੀ ਪੀਣਾ ਚਾਹੀਦਾ ਹੈ l
  • ਪੈਰਾਂ ਵਾਲਾ ਪਾਸਾ ਉਚਾ ਕਰਕੇ ਸੌਣਾ ਚਾਹੀਦਾ ਹੈ ਤਾਂ ਕਿ ਦਿਲ ਵੱਲ ਨੂੰ ਜਾਂਦੇ ਖੂਨ ਦੀ ਰਫਤਾਰ ਵਧ ਸਕੇ l
  • ਕੌਫੀ ਪੀਣੀ ਚਾਹੀਦੀ ਹੈ l

ਨੋਟ :- ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
Email avtar31@hotmail.com