ਆਪਣੇ ਤਜ਼ਰਬੇ ਤੇ ਅਧਾਰਤ

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦੁਨੀਆਂ ਵਿੱਚ ਜਿਸ ਤਰ੍ਹਾਂ ਇਲਾਜ ਵਧ ਰਹੇ ਹਨ ਬਿਮਾਰੀਆਂ ਵੀ ਉਸੇ ਤਰਾਂ ਤੇਜੀ ਨਾਲ ਵਧ ਰਹੀਆਂ ਹਨ l ਬਹੁਤ ਸਾਰੇ ਲੋਕ ਜੋ ਧਾਰਮਿਕ ਹਨ ਜਾਂ ਰੱਬ ਨੂੰ ਮੰਨਣ ਵਾਲੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਰੱਬ ਨੇ ਸਾਡੇ ਸਾਹ ਪਹਿਲਾਂ ਹੀ ਲਿਖੇ ਹੋਏ ਹੁੰਦੇ ਹਨ l ਇਸ ਕਰਕੇ ਜੋ ਮਰਜ਼ੀ ਹੋਵੇ ਓਨੇ ਸਾਹ ਭੋਗਣੇ ਹੀ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਹੈ ਕਿ ਸਾਹ ਰੱਬ ਨੇ ਪਹਿਲਾਂ ਹੀ ਲਿਖੇ ਹੋਏ ਹਨ l ਵੈਸੇ ਵੀ ਰੱਬ ਨੂੰ ਮੰਨਣ ਵਾਲਿਆਂ ਨੂੰ ਸਬੂਤ ਦੀ ਕਦੇ ਲੋੜ ਨਹੀਂ ਪੈਂਦੀ l ਦੂਜੇ ਪਾਸੇ ਵਿਗਿਆਨਕ ਨਜ਼ਰੀਏ ਵਾਲੇ ਮੁਸੀਬਤਾਂ ਦੇ ਨਾਲ ਨਾਲ ਉਨ੍ਹਾਂ ਦਾ ਹੱਲ ਲੱਭਣ ਲਈ ਵੀ ਤਿਆਰ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਮਸਲੇ ਕਿਸੇ ਹੋਰ ਨੇ ਆ ਕੇ ਹੱਲ ਨਹੀਂ ਕਰਨੇ l ਵਿਗਿਆਨਕ ਨਜ਼ਰੀਏ ਵਾਲੇ ਹੱਥ ਜੋੜਨ ਜਾਂ ਮੱਥਾ ਰਗੜਨ ਦੀ ਬਜਾਏ ਹੱਥ ਖੋਲ੍ਹ ਕੇ ਉੱਦਮ ਕਰਕੇ ਮਸਲਿਆਂ ਦਾ ਹੱਲ ਲੱਭਦੇ ਹਨ l ਜੇ ਦੋਨੋਂ ਨਜ਼ਰੀਏ ਪਾਸੇ ਰੱਖ ਲਈਏ ਤਾਂ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅੱਖਾਂ ਬੰਦ ਕਰ ਲੈਣੀਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਅਤੇ ਅੱਖਾਂ ਬੰਦ ਕਰਨ ਨਾਲ ਕੋਈ ਵੀ ਖਤਰਾ ਟਲਦਾ ਨਹੀਂ ਹੈ l ਵਧ ਰਿਹਾ ਲਹੂ ਦਾ ਦਬਾਅ ਦੁਨੀਆਂ ਵਿੱਚ ਵਧ ਰਹੀ ਬਹੁਤ ਵੱਡੀ ਸਮੱਸਿਆ ਹੈ l ਇਹ ਇਕੱਲੀ ਭਾਰਤ ਵਿੱਚ ਹੀ ਨਹੀਂ ਹੈ l ਬਹੁਤ ਸਾਰੇ ਹੋਰ ਮੁਲਕ ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਿਲ ਹੈ ਬੁਰੀ ਤਰ੍ਹਾਂ ਇਸ ਦੀ ਲਪੇਟ ਵਿੱਚ ਹਨ l

ਹੁਣ ਦੇਖੀਏ ਕਿ ਕੀ ਬਲੱਡ ਪ੍ਰੈਸ਼ਰ ਇੱਕ ਬਿਮਾਰੀ ਹੈ ? ਮੈਂ ਆਪਣੇ ਤਜਰਬੇ ਮੁਤਾਬਕ ਕਹਿ ਸਕਦਾ ਹਾਂ ਕਿ ਇਹ ਇੱਕ ਬਿਮਾਰੀ ਨਹੀਂ ਹੈ ਪਰ ਜੇ ਇਸ ਨੂੰ ਕਾਬੂ ਹੇਠ ਨਾ ਰੱਖਿਆ ਜਾਵੇ ਤਾਂ ਇਸ ਨਾਲ ਕਈ ਹੋਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਜੋ ਸਾਨੂੰ ਮੌਤ ਦੇ ਮੂੰਹ ਵਿੱਚ ਲਿਜਾ ਸਕਦੀਆਂ ਹਨ l ਹੁਣ ਜੇ ਬਲੱਡ ਪ੍ਰੈਸ਼ਰ ਬਿਮਾਰੀ ਨਹੀਂ ਹੈ ਤਾਂ ਇਹ ਕੀ ਹੈ ? ਮੈਂ ਸੋਚਦਾ ਹਾਂ ਕਿ ਇਹ ਇੱਕ ਇਸ਼ਾਰਾ ਹੈ ਜੋ ਦੱਸਦਾ ਹੈ ਕਿ ਤੁਹਾਡੇ ਸਰੀਰ ਵਿੱਚ ਕੋਈ ਚੀਜ਼ ਸਹੀ ਨਹੀਂ ਹੈ l ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿ ਉਸ ਚੀਜ਼ ਨੂੰ ਲੱਭਣਾ ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਹੋਇਆ ਹੈ l ਇਸ ਨੂੰ ਲੱਭਣ ਵਾਸਤੇ ਅਤੇ ਮਰੀਜ਼ ਨੂੰ ਸਮਝਾਉਣ ਵਾਸਤੇ ਕਾਫੀ ਸਮਾਂ ਲਗਦਾ ਹੈ l ਭਾਰਤ ਵਿੱਚ ਡਾਕਟਰ ਇੱਕ ਮਰੀਜ਼ ਤੇ ਬਹੁਤਾ ਸਮਾਂ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ ਪਿੱਛੇ ਹੋਰ ਮਰੀਜ਼ਾਂ ਦੀ ਕਤਾਰ ਲੱਗੀ ਹੋਈ ਹੁੰਦੀ ਹੈ l ਮਰੀਜ਼ ਵੀ ਸੌਖਾ ਇਲਾਜ਼ ਹੀ ਲੱਭਦਾ ਹੈ l ਪ੍ਰਹੇਜ਼ ਕਰਨ ਦੀ ਬਜਾਏ ਇਲਾਜ਼ ਕਰਵਾਉਣਾ ਹੀ ਬਿਹਤਰ ਸਮਝਦਾ ਹੈ l ਜਿਸ ਦੇ ਸਿੱਟੇ ਵਜੋਂ ਡਾਕਟਰ ਮਰੀਜ਼ ਨੂੰ ਗੋਲੀਆਂ ਦੇ ਦਿੰਦਾ ਹੈ l ਜਦੋਂ ਉਹ ਗੋਲੀਆਂ ਅਸਰ ਕਰਨੋਂ ਹਟ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਮਿਕਦਾਰ ਵਧਾ ਦਿੱਤੀ ਜਾਂਦੀ ਹੈ l ਇਥੇ ਇੱਕ ਗੱਲ ਸਮਝ ਲਈਏ ਕਿ ਅੰਗਰੇਜ਼ੀ ਦਵਾਈਆਂ ਵਿੱਚ ਕੈਮੀਕਲ ਪਾਏ ਹੁੰਦੇ ਹਨ ਜਿਨ੍ਹਾਂ ਦੇ ਫਾਇਦੇ ਘੱਟ ਅਤੇ ਨੁਕਸਾਨ ਵੱਧ ਹੁੰਦੇ ਹਨ l ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਮਾਰੀ ਦੀ ਜੜ੍ਹ ਲੱਭੀ ਜਾਵੇ l ਸਦਾ ਦਵਾਈਆਂ ਖਾਣੀਆਂ ਕੋਈ ਸਿਹਤ ਪੱਖੀ ਨਹੀਂ ਹੈ l ਇਸ ਦੇ ਨਾਲ ਹੀ ਬਿਨਾਂ ਪਤੇ ਤੋਂ ਦਵਾਈ ਖਾਣੀ ਛੱਡਣਾ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ l

ਜਿਆਦਾ ਕੇਸਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀਆਂ ਸ਼ੁਰੂ ਵਿੱਚ ਕੋਈ ਨਿਸ਼ਾਨੀਆਂ ਨਹੀਂ ਹੁੰਦੀਆਂ ਇਸ ਕਰਕੇ ਇਸ ਨੂੰ ਸਾਈਲੈਂਟ ਕਿੱਲਰ (ਚੁੱਪ ਚਾਪ ਮੌਤ) ਦਾ ਨਾਮ ਵੀ ਦਿੱਤਾ ਜਾਂਦਾ ਹੈ l ਭਾਰਤ ਵਿੱਚ ਬਿਨਾਂ ਬਿਮਾਰੀ ਤੋਂ ਕੋਈ ਡਾਕਟਰ ਕੋਲ ਨਹੀਂ ਜਾਂਦਾ ਅਤੇ ਬਲੱਡ ਟੈਸਟ ਵੀ ਨਹੀਂ ਕਰਵਾਉਂਦਾ l ਜਦੋਂ ਉਹ ਕਿਸੇ ਹੋਰ ਬਿਮਾਰੀ ਲਈ ਡਾਕਟਰ ਕੋਲ ਗਿਆ ਹੋਵੇ ਅਤੇ ਡਾਕਟਰ ਬਲੱਡ ਪ੍ਰੈਸ਼ਰ ਚੈੱਕ ਕਰਕੇ ਦੱਸਦਾ ਹੈ ਕਿ ਤੇਰਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ l ਡਾਕਟਰ ਵੀ ਇਕੋ ਵਾਰ ਬਲੱਡ ਪ੍ਰੈਸ਼ਰ ਵਧੇ ਹੋਣ ਤੇ ਦਵਾਈ ਨਹੀਂ ਦੇ ਦਿੰਦਾ l ਉਸ ਨੂੰ ਵਾਰ ਵਾਰ ਚੈੱਕ ਕਰਨ ਤੋਂ ਬਾਦ ਪਤਾ ਚੱਲੇਗਾ ਕਿ ਮਰੀਜ਼ ਨੂੰ ਦਵਾਈ ਦੀ ਲੋੜ ਹੈ ਕਿ ਨਹੀਂ ? ਵਧੀਆ ਗੱਲ ਹੈ ਕਿ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲਾ ਯੰਤਰ ਘਰ ਹੀ ਰੱਖਿਆ ਹੋਵੇ ਤਾਂ ਕਿ ਬਲੱਡ ਪ੍ਰੈਸ਼ਰ ਘਰ ਹੀ ਚੈੱਕ ਕੀਤਾ ਜਾ ਸਕੇ l ਬਲੱਡ ਪ੍ਰੈਸ਼ਰ ਹਰ ਮਿੰਟ ਬਾਦ ਬਦਲਦਾ ਰਹਿੰਦਾ ਹੈ l ਇਹ ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਕੰਮ ਕਰਕੇ ਹਟੇ ਹੋ ? ਅਰਾਮ ਕਰਕੇ ਹਟੇ ਹੋ ਜਾਂ ਜੋਰ ਵਾਲਾ ਕੰਮ ਕੀਤਾ ਹੈ ਜਾਂ ਤੁਸੀਂ ਗੁੱਸੇ ਵਿੱਚ ਹੋ l ਭਾਰਤ ਵਿੱਚ ਮਹਿੰਗਾਈ ਹੋਣ ਕਰਕੇ ਬਹੁਤੇ ਲੋਕ ਇਸ ਯੰਤਰ ਨੂੰ ਖਰੀਦ ਨਹੀਂ ਸਕਦੇ l ਇਸ ਨੂੰ ਖਰੀਦਣ ਦੀ ਲੋੜ ਵੀ ਜਿਆਦਾ ਮੀਡੀਅਮ ਕਲਾਸ ਤੇ ਅਮੀਰਾਂ ਨੂੰ ਹੀ ਪੈਂਦੀ ਹੈ ਕਿਉਂਕਿ ਗਰੀਬਾਂ ਦਾ ਬਲੱਡ ਪ੍ਰੈਸ਼ਰ ਅਮੀਰਾਂ ਦੇ ਮੁਕਾਬਲੇ ਘੱਟ ਵਧਦਾ ਹੈ ਕਿਉਂਕਿ ਬਹੁਤੇ ਗਰੀਬਾਂ ਦਾ ਭਾਰ ਘੱਟ ਹੁੰਦਾ ਹੈ l ਉਨ੍ਹਾਂ ਨੂੰ ਪਨੀਰ, ਮੀਟ, ਅੰਡੇ ਅਤੇ ਦੁੱਧ ਵਰਗੀਆਂ ਚੀਜ਼ਾਂ ਘੱਟ ਖਾਣ ਨੂੰ ਮਿਲਦੀਆਂ ਹਨ ਅਤੇ ਵੱਧ ਕੰਮ ਕਰਨ ਕਰਕੇ ਸਰੀਰ ਵੀ ਪਤਲਾ ਹੀ ਰਹਿੰਦਾ ਹੈ l ਗਰੀਬਾਂ ਨੂੰ ਗੁੱਸਾ ਵੀ ਹਰ ਗੱਲ ਤੇ ਨਹੀਂ ਆਉਂਦਾ l ਇਸ ਕਰਕੇ ਜਿਆਦਾ ਗਰੀਬਾਂ ਦਾ ਬਲੱਡ ਪ੍ਰੈਸ਼ਰ ਨਹੀਂ ਵਧਦਾ l ਜਿਸ ਤਰ੍ਹਾਂ ਜਦੋਂ ਸਭ ਸਾਈਕਲਾਂ ਤੇ ਸਫ਼ਰ ਕਰਦੇ ਸੀ ਉਦੋਂ ਜਿਆਦਾ ਪਤਲੇ ਹੁੰਦੇ ਸੀ l

ਚੰਗੀ ਗੱਲ ਤਾਂ ਇਹ ਹੈ ਕਿ ਭਾਰਤ ਵਰਗੇ ਮੁਲਕ ਵਿੱਚ 30 ਸਾਲ ਦੀ ਉਮਰ ਤੋਂ ਬਾਦ ਹਰ ਛੇ ਮਹੀਨੇ ਬਾਦ ਖੂਨ ਦਾ ਪ੍ਰੀਖਣ ਕਰਵਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਚੀਜ਼ ਦੀ ਵਾਧ ਘਾਟ ਹੈ ? ਜਿਆਦਾ ਚਰਬੀ ਵਾਲਾ ਖਾਣਾ ਖਾਣ, ਜਿਆਦਾ ਮਿੱਠੇ ਵਾਲੀਆਂ ਚੀਜ਼ਾਂ ਖਾਣ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਨਾਲ ਦਿਲ ਵਾਲੀਆਂ ਨਾੜਾਂ ਸਖਤ ਹੋ ਜਾਂਦੀਆਂ ਹਨ ਜਿਨ੍ਹਾਂ ਵਿੱਚ ਖੂਨ ਲੰਘਣਾ ਔਖਾ ਹੋ ਜਾਂਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ l ਵਧਦੀ ਹੋਈ ਉਮਰ ਦੇ ਨਾਲ ਵੀ ਥੋੜ੍ਹਾ ਬਲੱਡ ਪ੍ਰੈਸ਼ਰ ਵਧਦਾ ਰਹਿੰਦਾ ਹੈ l ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ ਉਨ੍ਹਾਂ ਦਾ ਵੀ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ l ਜਿਹੜੇ ਜਿਆਦਾ ਲੂਣ ਵਾਲੀਆਂ ਚੀਜ਼ਾਂ ਖਾਂਦੇ ਹਨ ਉਨ੍ਹਾਂ ਵਿੱਚ ਸੋਡੀਅਮ ਵਧ ਜਾਂਦਾ ਹੈ ਜੋ ਕਿ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ l ਕਈਆਂ ਦੇ ਸਰੀਰ ਵਿੱਚ ਪੋਟਾਸ਼ੀਅਮ ਦੀ ਘਾਟ ਹੋ ਜਾਂਦੀ ਹੈ ਉਸ ਨਾਲ ਵੀ ਬਲੱਡ ਪ੍ਰੈਸ਼ਰ ਵਧ ਸਕਦਾ ਹੈ l ਭਾਰ ਵਧਣ ਨਾਲ ਵੀ ਬਲੱਡ ਪ੍ਰੈਸ਼ਰ ਵਧਦਾ ਹੈ l ਕਸਰਤ ਨਾ ਕਰਨਾ ਵੀ ਬਲੱਡ ਪ੍ਰੈਸ਼ਰ ਵਧਾਉਂਦਾ ਹੈ l ਜਿਆਦਾ ਸ਼ਰਾਬ, ਸਿਗਰਟਾਂ, ਕੋਕੀਨ ਦੀ ਵਰਤੋਂ ਅਤੇ ਮੈਥ (methamphetamine/ਇੱਕ ਨਸ਼ਾ) ਨਾਲ ਵੀ ਬਲੱਡ ਪ੍ਰੈਸ਼ਰ ਵਧਦਾ ਹੈ l ਮੈਗਨੀਜ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਵੀ ਬਲੱਡ ਪ੍ਰੈਸ਼ਰ ਵਧਾਉਂਦੀ ਹੈ l ਗੁੱਸਾ ਸਭ ਤੋਂ ਵੱਡਾ ਕਾਰਨ ਹੈ l ਜੇਕਰ ਤੁਹਾਡਾ ਸੁਭਾਅ ਹੈ ਕਿ ਤੁਸੀਂ ਛੋਟੀ ਛੋਟੀ ਚੀਜ਼ ਬਦਲੇ ਲੜਦੇ ਰਹਿੰਦੇ ਹੋ ਜਾਂ ਛੋਟੀ ਜਿਹੀ ਸਮੱਸਿਆ ਕਰਕੇ ਬਹੁਤ ਜਿਆਦਾ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋ ਤਾਂ ਇਹ ਵੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ l ਬਹੁਤ ਥੋੜ੍ਹੇ ਲੋਕਾਂ ਵਿੱਚ ਇਹ ਸਮੱਸਿਆ ਪੀੜ੍ਹੀ ਦਰ ਪੀੜ੍ਹੀ ਹੋਣ ਕਰਕੇ ਵੀ ਹੁੰਦੀ ਹੈ ਪਰ ਇਸ ਤਰਾਂ ਬਹੁਤ ਘੱਟ ਹੁੰਦਾ ਹੈ l

ਹਾਈ ਬਲੱਡ ਪ੍ਰੈਸ਼ਰ ਹੋਣ ਤੋਂ ਪਹਿਲਾਂ ਆਮ ਤੌਰ ਤੇ ਹਾਈ ਕੋਲੈਸਟਰਾਲ ਹੁੰਦਾ ਹੈ ਫਿਰ ਹਾਈ ਬਲੱਡ ਪ੍ਰੈਸ਼ਰ, ਫਿਰ ਸ਼ੂਗਰ ਦੀ ਸਮੱਸਿਆ, ਫਿਰ ਕਿਡਨੀ ਦੀ ਸਮੱਸਿਆ, ਫਿਰ ਦਿਲ ਨਾਲ ਸਬੰਧਤ ਰੋਗ ਅਤੇ ਦਿਮਾਗੀ ਰੋਗ ਹੁੰਦੇ ਹਨ l ਇਹ ਰੋਗ ਇੱਕ ਦੂਸਰੇ ਨਾਲ ਇਸ ਕਰਕੇ ਜੁੜਦੇ ਜਾਂਦੇ ਹਨ ਕਿਉਂਕਿ ਅਸੀਂ ਪਹਿਲੇ ਹੋਏ ਰੋਗ ਤੋਂ ਬਾਦ ਵੀ ਪ੍ਰਹੇਜ਼ ਨਹੀਂ ਕਰਦੇ l ਜਦੋਂ ਉਪਰੋਕਤ ਸਭ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਡਾਕਟਰ ਕਹਿੰਦਾ ਹੈ ਕਿ ਸ਼ਰਾਬ ਜਾਂ ਨਸ਼ਾ ਤੇਰੇ ਵਾਸਤੇ ਮੌਤ ਹੈ l ਫਿਰ ਅਸੀਂ ਸਭ ਖ਼ਬਰ ਲੈਣ ਆਏ ਲੋਕਾਂ ਨੂੰ ਦੱਸਦੇ ਹਾਂ ਕਿ ਹੁਣ ਸਭ ਨਸ਼ੇ ਛੱਡ ਦਿੱਤੇ ਹਨ l ਦੇਖਣ ਦੀ ਲੋੜ ਹੈ ਕਿ ਜਿਹੜਾ ਅੰਦਰੂਨੀ ਨੁਕਸਾਨ ਤੁਸੀਂ ਪਹਿਲਾਂ ਕਰ ਚੁੱਕੇ ਹੋ ਉਹ ਕਿਸ ਤਰਾਂ ਠੀਕ ਹੋਵੇਗਾ ?

ਹਾਈ ਬਲੱਡ ਪ੍ਰੈਸ਼ਰ ਵਾਲੇ ਨੂੰ ਚਾਹੀਦਾ ਹੈ ਕਿ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੇ :-

  • ਨਸ਼ੇ ਤੋਂ ਬਚਿਆ ਜਾਵੇ l
  • ਹਰ ਤਿੰਨ ਜਾਂ ਛੇ ਮਹੀਨੇ ਬਾਦ ਬਲੱਡ ਟੈਸਟ ਕਰਵਾਇਆ ਜਾਵੇ l ਸੋਡੀਅਮ, ਪੋਟਾਸ਼ੀਅਮ, ਮੈਗਨਿਜੀਅਮ, ਸ਼ੂਗਰ ਦਾ ਲੈਵਲ ਅਤੇ ਵਿਟਾਮਿਨ ਡੀ ਦੀ ਮਾਤਰਾ ਦਾ ਧਿਆਨ ਰੱਖਿਆ ਜਾਵੇ l
  • ਘੱਟ ਤੋਂ ਘੱਟ ਅੱਧਾ ਘੰਟਾ ਹਰ ਰੋਜ਼ ਤੇਜ਼ ਤੁਰ ਕੇ ਜਾਂ ਹੌਲੀ ਦੌੜ ਕੇ ਕਸਰਤ ਕੀਤੀ ਜਾਵੇ l ਇਸ ਨਾਲ 200 ਤੋਂ ਵੱਧ ਕੈਲਰੀਆਂ ਜਲਣਗੀਆਂ, ਸਾਹ ਚੜ੍ਹਨ ਨਾਲ ਦਿਲ ਦੀ ਕਸਰਤ ਹੋਵੇਗੀ ਅਤੇ ਭਾਰ ਘਟਨਾ ਸ਼ੁਰੂ ਹੋ ਜਾਵੇਗਾ l
  • ਵਧੇਰੇ ਚਰਬੀ ਵਾਲੀਆਂ, ਮਿੱਠੇ ਵਾਲੀਆਂ ਅਤੇ ਤਲੀਆਂ ਚੀਜ਼ਾਂ ਦਾ ਪ੍ਰਹੇਜ਼ ਕੀਤਾ ਜਾਵੇ l
  • ਫ਼ਲ ਅਤੇ ਸਬਜ਼ੀਆਂ ਜਿਆਦਾ ਖਾਧੀਆਂ ਜਾਣ ਜਿਨ੍ਹਾਂ ਤੇ ਸਪਰੇ ਨਾ ਹੋਈ ਹੋਵੇ l ਘਰ ਪੈਦਾ ਕੀਤੀਆਂ ਠੀਕ ਰਹਿੰਦੀਆਂ ਹਨ l
  • ਅਨਾਨਾਸ (pineapple) ਅਤੇ ਚੁਕੰਦਰ (beetroot) ਦਾ ਜੂਸ ਵਧੀਆ ਰਹਿੰਦਾ ਹੈ l
  • ਹਦਵਾਣਾ, ਲਾਲ ਅੰਗੂਰ ਅਤੇ ਬਲਿਊ ਬੇਰੀ ਖਾਣਾ ਫਾਇਦੇਮੰਦ ਰਹਿੰਦਾ ਹੈ l
  • ਵਧੀਆ ਕੁਆਲਿਟੀ ਵਾਲੇ ਮੱਛੀ ਦੇ ਤੇਲ ਤੋਂ ਬਣੇ ਕੈਪਸੂਲ ਜਿਨ੍ਹਾਂ ਵਿੱਚ omega-3 ਅਤੇ omega-6 ਹੋਵੇ ਖਾਣੇ ਚਾਹੀਦੇ ਹਨ l ਜਿਹੜੇ ਮੁਲਕ ਵੱਧ ਮੱਛੀ ਖਾਂਦੇ ਹਨ ਉਥੇ ਇਹ ਬਿਮਾਰੀਆਂ ਘੱਟ ਹਨ ਜਿਵੇਂ ਜਪਾਨ l
  • ਜੇ ਹੋ ਸਕੇ ਤਾਂ ਸਮੁੰਦਰੀ ਜੀਵਾਂ ਵਾਲਾ ਖਾਣਾ ਖਾਧਾ ਜਾਵੇ ਉਸ ਵਿੱਚ ਚਰਬੀ ਨਾ ਦੇ ਬਰਾਬਰ ਹੁੰਦੀ ਹੈ l
  • ਪਾਣੀ ਘੱਟੋ ਘੱਟ ਅੱਠ ਗਲਾਸ ਜ਼ਰੂਰ ਪੀਣੇ ਚਾਹੀਦੇ ਹਨ l ਜੇ ਦੌੜਦੇ ਹੋ ਤਾਂ ਹੋਰ ਜਿਆਦਾ ਪੀਣਾ ਚਾਹੀਦਾ ਹੈ l
  • ਜਿਆਦਾ ਕੌਫੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ l
  • ਕਣਕ ਦੀ ਰੋਟੀ ਦੀ ਵਜਾਏ ਛੋਲਿਆਂ ਦੀ ਰੋਟੀ ਖਾਧੀ ਜਾ ਸਕਦੀ ਹੈ l
  • ਡਾਰਕ ਚੌਕਲੇਟ ਜਿਸ ਵਿੱਚ 95% ਕੋਕੋਆ ਹੋਵੇ ਉਹ 20 ਗ੍ਰਾਮ ਹਰ ਰੋਜ਼ ਖਾ ਸਕਦੇ ਹੋ l
  • ਆਮ ਚਾਹ ਦੀ ਜਗਾ ਹਰੀ ਚਾਹ (Green Tea) ਪੀ ਸਕਦੇ ਹੋ ਬਿਨਾਂ ਖੰਡ ਤੋਂ l
  • ਆਮ ਲੂਣ ਦੀ ਬਜਾਏ ਪਿੰਕ ਲੂਣ (pink salt) ਵਰਤਿਆ ਜਾ ਸਕਦਾ ਹੈ l ਉਸ ਵਿੱਚ ਸੋਡੀਅਮ ਘੱਟ ਹੁੰਦਾ ਹੈ ਅਤੇ 84 ਹੋਰ ਤੱਤ ਹੁੰਦੇ ਹਨ ਜੋ ਸਿਹਤ ਲਈ ਜ਼ਰੂਰੀ ਹੁੰਦੇ ਹਨ l ਸੁਆਦ ਵਿੱਚ ਕੋਈ ਫਰਕ ਨਹੀਂ ਹੁੰਦਾ l ਕੀਮਤ ਵਿੱਚ ਬਹੁਤ ਘੱਟ ਫਰਕ ਹੁੰਦਾ ਹੈ l ਸਾਰਾ ਪਰਿਵਾਰ ਵੀ ਇਸ ਨੂੰ ਖਾ ਸਕਦਾ ਹੈ l
  • ਉਪਰੋਕਤ ਚੀਜ਼ਾਂ ਤਕਰੀਬਨ ਚਾਰ ਕੁ ਹਫਤੇ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ 13 ਪੁਆਇੰਟ ਤੋਂ ਵੱਧ ਘਟ ਜਾਂਦਾ ਹੈ ਜੋ ਕਿ ਬਹੁਤੀਆਂ ਹਾਲਤਾਂ ਵਿੱਚ ਖਤਰਨਾਕ ਨਹੀਂ ਰਹਿੰਦਾ l
  • ਅੰਗਰੇਜ਼ੀ ਵਿੱਚ ਕਹਾਵਤ ਹੈ ਕਿ ‘Eat your food like medicine otherwise you have to eat medicine like your food’ ਜਿਸ ਦਾ ਭਾਵ ਹੈ ਕਿ ‘ਆਪਣਾ ਖਾਣਾ ਦਵਾਈ ਦੀ ਤਰਾਂ ਖਾਵੋ ਨਹੀਂ ਤਾਂ ਤੁਹਾਨੂੰ ਦਵਾਈ ਖਾਣੇ ਦੀ ਤਰਾਂ ਖਾਣੀ ਪਵੇਗੀ l’

ਨੋਟ :- ਉਪਰੋਕਤ ਸਭ ਚੀਜ਼ਾਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਵਿਚਾਰ ਕਰਨਾ ਜ਼ਰੂਰੀ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
avtar31@hotmail.com