ਜਦ ਲੋਕਾਂ ਤਾੜੀਆਂ ਮਾਰੀਆਂ ਪਰ ਬਦਲੇ ਨਹੀਂ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਦਾਜ ਦੀ ਸਮੱਸਿਆ ਕਾਫੀ ਪੁਰਾਣੀ ਹੈ l ਜਿਸ ਤਰ੍ਹਾਂ ਲੋਕਾਂ ਕੋਲ ਪੈਸਾ ਵਧਦਾ ਗਿਆ ਉਸੇ ਤਰਾਂ ਸਮੱਸਿਆ ਵਧਦੀ ਗਈ l ਭਾਵੇਂ ਇਸ ਉਪਰ ਸਰਕਾਰ ਵਲੋਂ ਜਾਂ ਸਮਾਜ ਦੀਆਂ ਕੁੱਝ ਸੰਸਥਾਵਾਂ ਵਲੋਂ ਪਬੰਧੀ ਵੀ ਲਾ ਦਿੱਤੀ ਜਾਵੇ ਜਾਂ ਵਿਰੋਧ ਵੀ ਕੀਤਾ ਜਾਵੇ ਤਾਂ ਵੀ ਇਹ ਲੁਕਵੇਂ ਰੂਪ ਵਿੱਚ ਜਾਰੀ ਰਹੇਗੀ l ਇਸ ਸਮੱਸਿਆ ਦੇ ਕਾਰਨ ਬਹੁਤ ਸਾਰੇ ਲੋਕ ਕਰਜ਼ਾਈ ਹੋ ਗਏ ਹਨ l ਕਈਆਂ ਨੂੰ ਜ਼ਮੀਨਾਂ ਵੇਚਣੀਆਂ ਜਾਂ ਗਹਿਣੇ ਰੱਖਣੀਆਂ ਪੈਂਦੀਆਂ ਹਨ l ਇੱਕ ਵਾਰ ਦਾਜ ਦੇਣ ਤੋਂ ਬਾਦ ਕਈ ਵਾਰ ਲਾਲਚੀ ਸਹੁਰੇ ਵਾਰ ਵਾਰ ਦਾਜ ਦੀ ਮੰਗ ਕਰਦੇ ਹਨ l ਕੁੜੀ ਦੇ ਪੇਕੇ ਮਜ਼ਬੂਰੀ ਕਾਰਨ ਵਾਰ ਵਾਰ ਕਰਜ਼ਾ ਚੁੱਕਦੇ ਹਨ l ਕਈਆਂ ਹਾਲਤਾਂ ਵਿੱਚ ਕੁੜੀਆਂ ਨੂੰ ਸਹੁਰਿਆਂ ਵਲੋਂ ਅੱਗਾਂ ਲਗਾ ਦਿੱਤੀਆਂ ਜਾਂਦੀਆਂ ਹਨ ਜਾਂ ਕੁੜੀਆਂ ਆਤਮ ਹਤਿਆਵਾਂ ਕਰ ਲੈਂਦੀਆਂ ਹਨ l ਇਸ ਤੋਂ ਬਾਦ ਕੁੜੀ ਦੇ ਸੌਹਰੇ ਸਜ਼ਾਵਾਂ ਭੁਗਤਦੇ ਹਨ ਜਾਂ ਕਚਿਹਰੀਆਂ ਦੇ ਚੱਕਰ ਲਗਾਉਂਦੇ ਹਨ ਜੋ ਕਿ ਬਹੁਤ ਦੁਖਦਾਈ ਹੈ ਅਤੇ ਸਮੇਂ ਦੀ ਬਰਬਾਦੀ ਹੈ l ਇਸ ਤਰਾਂ ਦੀਆਂ ਘਟਨਾਵਾਂ ਦੇਖ ਜਾਂ ਸੁਣ ਕੇ ਮਨ ਵਿੱਚ ਵਾਰ ਵਾਰ ਸਵਾਲ ਆਉਂਦਾ ਹੈ ਕਿ ਅਸੀਂ ਕਿਹੜੀ ਸਦੀ ਵਿੱਚ ਜੀਅ ਰਹੇ ਹਾਂ ? ਸਾਨੂੰ ਅਜੇ ਤੱਕ ਔਰਤ ਦੀ ਅਹਿਮੀਅਤ ਵੀ ਪਤਾ ਨਹੀਂ ਲੱਗੀ ਹੈ l
ਦੁਨੀਆਂ ਦੇ ਇਤਿਹਾਸ ਵਿੱਚ ਔਰਤਾਂ ਨੇ ਵੱਖ ਵੱਖ ਖੇਤਰਾਂ ਵਿੱਚ ਮਰਦਾਂ ਵਾਂਗ ਹੀ ਮੱਲਾਂ ਮਾਰੀਆਂ ਹਨ ਫਿਰ ਅਸੀਂ ਔਰਤ ਨੂੰ ਬਰਾਬਰ ਦਾ ਦਰਜ਼ਾ ਕਿਉਂ ਨਹੀਂ ਦੇ ਸਕੇ ? ਕਈ ਮੁਲਕਾਂ ਵਿੱਚ ਔਰਤਾਂ ਦੇਸ਼ਾਂ ਦੀਆਂ ਪ੍ਰਧਾਨ ਮੰਤਰੀ ਹਨ ਅਤੇ ਬੜੇ ਵਧੀਆ ਤਰੀਕੇ ਨਾਲ ਦੇਸ਼ ਹੀ ਨਹੀਂ ਚਲਾਉਂਦੀਆਂ ਬਲਕਿ ਹੋਰ ਮੁਲਕਾਂ ਵਲੋਂ ਉਨ੍ਹਾਂ ਦੇ ਕੀਤੇ ਹੋਏ ਕੰਮ ਦੀ ਉਦਾਹਰਣ ਦਿੱਤੀ ਜਾਂਦੀ ਹੈ l ਨਿਊਜ਼ੀਲੈਂਡ ਵੀ ਉਸ ਵਿੱਚ ਸ਼ਾਮਲ ਹੈ ਜਿਥੇ ਔਰਤ ਪ੍ਰਧਾਨ ਮੰਤਰੀ ਹੈ ਅਤੇ ਨਿਊਜ਼ੀਲੈਂਡ ਵਿੱਚ ਪਹਿਲਾਂ ਵੀ ਔਰਤ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ l ਭਾਵੇਂ ਕਿ ਕੁੱਝ ਲੋਕ ਔਰਤ ਨੂੰ ਬਰਾਬਰਤਾ ਦੇਣ ਦੀ ਗੱਲ ਕਰਦੇ ਹਨ ਪਰ ਦਾਜ ਦਹੇਜ ਉਹ ਵੀ ਲੈਂਦੇ ਹਨ l ਉਥੇ ਹੀ ਕਈਆਂ ਦਾ ਮੰਨਣਾ ਹੈ ਕਿ ਜਿਸ ਘਰ ਵਿੱਚ ਕੁੜੀ ਪੈਦਾ ਹੋਈ ਉਸ ਘਰ ਵਿੱਚ ਉਸ ਦਾ ਵੀ ਹੱਕ ਬਣਦਾ ਹੈ ਜੋ ਦਾਜ ਦੇ ਰੂਪ ਵਿੱਚ ਦੇਣਾ ਬਣਦਾ ਹੈ l ਕੋਈ ਵੀ ਵਿਅਕਤੀ ਇਸ ਨੂੰ ਠੀਕ ਜਾਂ ਗਲਤ ਸਾਬਤ ਕਰਨ ਲਈ ਆਪਣੀ ਲੋੜ ਮੁਤਾਬਕ ਉਦਾਹਰਣ ਪੇਸ਼ ਕਰ ਸਕਦਾ ਹੈ l ਜੇਕਰ ਠੀਕ ਜਾਂ ਗਲਤ ਨੂੰ ਪਾਸੇ ਰੱਖ ਲਈਏ ਤਾਂ ਸਾਨੂੰ ਇਹ ਜ਼ਰੂਰ ਸਮਝ ਆ ਜਾਵੇਗਾ ਕਿ ਇਹ ਇੱਕ ਵੱਡੀ ਸਮੱਸਿਆ ਹੈ ਜਿਸ ਦੀ ਵਜ੍ਹਾ ਕਰਕੇ ਔਰਤਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਸਾਨੂੰ ਇਸ ਮਸਲੇ ਦਾ ਹੱਲ ਲੱਭਣ ਦੀ ਲੋੜ ਹੈ l
ਮੈਨੂੰ ਬਚਪਨ ਤੋਂ ਹੀ ਇਹ ਮਸਲਾ ਕਾਫੀ ਗੰਭੀਰ ਲਗਦਾ ਸੀ l ਜਦੋਂ ਮੈਂ ਅਜੇ ਪੰਜਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ ਤਾਂ ਮੇਰਾ ਅਧਿਆਪਕ ਸਾਰੀ ਜਮਾਤ ਨੂੰ ਕਹਿਣ ਲੱਗਾ ਕਿ ਇੱਕ ਮੁਕਾਬਲੇ ਵਾਸਤੇ ਡਿਬੇਟ ਤਿਆਰ ਕਰਨਾ ਹੈ l ਉਹ ਕਿਹੜਾ ਡਿਬੇਟ ਕੀਤਾ ਜਾਵੇ ? ਕਿਸੇ ਨੇ ਕੋਈ ਜਵਾਬ ਨਾ ਦਿੱਤਾ ਅਤੇ ਮੈਂ ਕਹਿ ਦਿੱਤਾ ਕਿ ਦਾਜ ਦੀ ਸਮੱਸਿਆ ਬਾਰੇ ਡਿਬੇਟ ਕੀਤਾ ਜਾ ਸਕਦਾ ਹੈ l ਅਧਿਆਪਕ ਨੂੰ ਮੇਰਾ ਸੁਝਾਅ ਪਸੰਦ ਆਇਆ l ਉਸ ਸਮੇਂ ਦਾਜ ਦੀ ਸਮੱਸਿਆ ਹੁਣ ਨਾਲੋਂ ਬਹੁਤ ਘੱਟ ਸੀ l ਭਰੂਣ ਹੱਤਿਆ ਵੀ ਉਨ੍ਹਾਂ ਦਿਨਾਂ ਵਿੱਚ ਨਹੀਂ ਹੁੰਦੀ ਸੀ ਪਰ ਪਤਾ ਨਹੀਂ ਮੈਨੂੰ ਕਿਉਂ ਲਗਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਦਾਜ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ l ਜਿਹੜਾ ਬੋਲੇ ਉਹੀ ਕੁੰਡਾ ਖੋਲ੍ਹੇ ਵਾਲੀ ਗੱਲ ਹੋਈ l ਅਧਿਆਪਕ ਮੈਨੂੰ ਕਹਿਣ ਲੱਗਾ ਕਿ ਇਸ ਡਿਬੇਟ ਵਾਸਤੇ ਦੋ ਜਣੇ ਚਾਹੀਦੇ ਹਨ l ਇੱਕ ਤੂੰ ਹੋ ਜਾਵੀਂ ਅਤੇ ਇੱਕ ਹੋਰ ਵਿਦਿਆਰਥੀ ਨੂੰ ਉਸ ਨੇ ਚੁਣ ਲਿਆ l ਮੈਨੂੰ ਬਚਪਨ ਤੋਂ ਹੀ ਆਦਤ ਹੈ ਕਿ ਜਿਹੜਾ ਵੀ ਕੰਮ ਕੀਤਾ ਜਾਵੇ ਉਹ 100% ਦੇ ਲਾਗੇ ਹੋਵੇ l ਇਹ ਸੋਚ ਕੇ ਡਿਬੇਟ ਵਾਸਤੇ ਕਾਫੀ ਮਿਹਨਤ ਕੀਤੀ l ਪਹਿਲਾਂ ਲਾਗੇ ਲਾਗੇ ਦੇ ਸਕੂਲਾਂ ਦਾ ਮੁਕਾਬਲਾ ਹੋਇਆ ਅਤੇ ਅਸੀਂ ਜਿੱਤ ਗਏ l ਲੋਕਾਂ ਨੇ ਬਹੁਤ ਤਾੜੀਆਂ ਮਾਰੀਆਂ l ਮੈਨੂੰ ਲੱਗਾ ਕਿ ਲੋਕਾਂ ਤੇ ਕਾਫੀ ਪ੍ਰਭਾਵ ਪਿਆ ਹੈ l
ਇਸ ਮੁਕਾਬਲੇ ਤੋਂ ਬਾਦ ਸਾਡਾ ਜਿਲ੍ਹੇ ਪੱਧਰ ਦਾ ਮੁਕਾਬਲਾ ਹੋਇਆ ਜਿਸ ਨੂੰ ਹਜ਼ਾਰਾਂ ਲੋਕ ਦੇਖਣ ਆਏ l ਕਾਫੀ ਫਸਵਾਂ ਮੁਕਾਬਲਾ ਸੀ l ਉਸ ਮੁਕਾਬਲੇ ਨੂੰ ਦੇਖਣ ਵਾਸਤੇ ਸਾਡੇ ਪਿੰਡ ਅਤੇ ਹੋਰ ਲਾਗੇ ਦੇ ਪਿੰਡਾਂ ਦੇ ਬਹੁਤ ਲੋਕ ਆਏ l ਅਸੀਂ ਦਾਜ ਦੀ ਸਮੱਸਿਆ ਵਾਲੇ ਡਿਬੇਟ ਵਿੱਚ ਫਿਰ ਜਿੱਤ ਗਏ l ਬਹੁਤ ਸਾਰੇ ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਸਾਨੂੰ ਸ਼ਾਬਾਸ਼ ਦਿੱਤੀ l ਜਦੋਂ ਐਨੀਆਂ ਤਾੜੀਆਂ ਵੱਜੀਆਂ ਤਾਂ ਮੈਨੂੰ ਲੱਗਾ ਕਿ ਲੋਕਾਂ ਤੇ ਸਾਡੀ ਗੱਲਬਾਤ ਦਾ ਕਾਫੀ ਅਸਰ ਪਿਆ ਹੈ ਅਤੇ ਇਹ ਦਾਜ ਲੈਣੋਂ ਹਟ ਜਾਣਗੇ l ਮੈਨੂੰ ਵੀ ਆਪਣੇ ਆਪ ਤੇ ਕਾਫੀ ਮਾਣ ਹੋਇਆ ਕਿ ਸਿਰਫ ਦਸ ਸਾਲ ਦੀ ਉਮਰ ਵਿੱਚ ਹੀ ਜਿਲ੍ਹਾ ਪੱਧਰ ਤੇ ਪਹਿਲੇ ਨੰਬਰ ਤੇ ਆ ਗਿਆ ਸੀ l
ਇਹ ਸਭ ਕੁੱਝ ਮੇਰੀ ਸੋਚ ਮੁਤਾਬਕ ਨਹੀਂ ਹੋਇਆ l ਲੋਕਾਂ ਨੇ ਦਾਜ ਪਹਿਲਾਂ ਨਾਲੋਂ ਵੀ ਵੱਧ ਲੈਣਾ ਸ਼ੁਰੂ ਕਰ ਦਿੱਤਾ l ਇਸ ਦੇ ਉਲਟ ਲੋਕਾਂ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨ ਪਰ ਅਸਲ ਜਿੰਦਗੀ ਵਿੱਚ ਲਾਗੂ ਕਰਨੀਆਂ ਬਹੁਤ ਮੁਸ਼ਕਲ l ਲੋਕਾਂ ਮੈਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖਾਂਗੇ ਜਦੋਂ ਤੂੰ ਵਿਆਹ ਕਰਾਵੇਂਗਾ ਫਿਰ ਤੂੰ ਦਾਜ ਲੈਂਦਾ ਹੈਂ ਕਿ ਨਹੀਂ l ਹਾਲਾਂਕਿ ਉਸ ਵੇਲੇ ਮੇਰੀ ਉਮਰ ਸਿਰਫ 10 ਸਾਲ ਸੀ ਅਤੇ ਮੇਰੇ ਵਿਆਹ ਵਿੱਚ 15 ਸਾਲ ਦੇ ਕਰੀਬ ਹੋਰ ਰਹਿੰਦੇ ਸੀ ਪਰ ਫਿਰ ਵੀ ਲੋਕ ਮੈਨੂੰ ਦੇਖਣ ਲੱਗ ਪਏ l ਸਾਲ ਬੀਤਦੇ ਗਏ ਮੈਂ ਇਸ ਤਰਾਂ ਦੇ ਡਿਬੇਟ, ਡਰਾਮੇ ਜਾਂ ਲੈਕਚਰ ਕਰਦਾ ਰਿਹਾ ਪਰ ਲੋਕਾਂ ਤੇ ਬਹੁਤਾ ਅਸਰ ਨਾ ਹੋਇਆ l
ਮੈਂ ਨਿਊਜ਼ੀਲੈਂਡ ਆ ਗਿਆ l ਮੇਰਾ ਵਿਆਹ ਰੱਖਿਆ ਗਿਆ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਦਾਜ ਨਹੀਂ ਲੈਣਾ ਹੈ l ਇਹ ਵੈਸੇ ਵੀ ਮੇਰੇ ਇਮਤਿਹਾਨ ਦੀ ਘੜੀ ਸੀ ਕਿਉਂਕਿ ਮੈਨੂੰ ਦਾਜ ਨਾ ਲੈਂਦਾ ਦੇਖਣ ਲਈ ਲੋਕ 15 ਸਾਲ ਤੋਂ ਵੀ ਵੱਧ ਸਮੇਂ ਤੋਂ ਉਡੀਕ ਕਰ ਰਹੇ ਸੀ l ਵਿਆਹ ਹੋ ਗਿਆ l ਕੋਈ ਦਾਜ ਨਹੀਂ ਲਿਆ ਅਤੇ ਪਾਰਟੀ ਵੀ ਮੈਂ ਓਵਰਸਟੇ ਹੋਣ ਦੇ ਬਾਵਯੂਦ ਆਪਣੇ ਖਰਚੇ ਤੇ ਕਰ ਲਈ l ਲੋਕ ਫਿਰ ਵੀ ਨਹੀਂ ਬਦਲੇ l ਮੈਂ ਸੋਚਦਾ ਹਾਂ ਕਿ ਜੇਕਰ ਜਿੰਦਗੀ ਵਿੱਚ ਕੋਈ ਚੰਗਾ ਕੰਮ ਕਰਨਾ ਹੈ ਤਾਂ ਸਾਨੂੰ ਦੂਜੇ ਨੂੰ ਦੇਖਣ ਦੀ ਲੋੜ ਨਹੀਂ ਹੈ ਅਤੇ ਸਾਨੂੰ ਚੰਗਾ ਕੰਮ ਕਰਨ ਲਈ ਕੋਈ ਦਿਨ ਜਾਂ ਸਮਾਂ ਮਿਥਣ ਦੀ ਲੋੜ ਨਹੀਂ ਹੈ l ਜਦੋਂ ਜਿੰਦਗੀ ਵਿੱਚ ਬਦਲਾ ਕਰਨਾ ਹੋਵੇ ਉਸ ਨੂੰ ਉਸੇ ਵੇਲੇ ਕਰ ਲੈਣਾ ਚਾਹੀਦਾ ਹੈ l ਜੇ ਉਸ ਵਾਸਤੇ ਢੁਕਵੇਂ ਸਮੇਂ ਦੀ ਉਡੀਕ ਕਰਨ ਲੱਗ ਪਈਏ ਤਾਂ ਉਹ ਢੁਕਵਾਂ ਸਮਾਂ ਕਈ ਵਾਰ ਕਦੇ ਵੀ ਨਹੀਂ ਆਉਂਦਾ l ਸਾਨੂੰ ਸਾਰਿਆਂ ਨੂੰ ਦਾਜ ਅਤੇ ਇਸ ਵਰਗੀਆਂ ਹੋਰ ਕੁਰੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਕਾਰਨ ਔਰਤਾਂ ਦੀ ਜਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈ l ਔਰਤ ਨੂੰ ਬਰਾਬਰਤਾ ਦਾ ਦਰਜ਼ਾ ਕਹਿਣ ਨਾਲ ਨਹੀਂ ਮਿਲਦਾ l ਬਰਾਬਰਤਾ ਦਾ ਦਰਜ਼ਾ ਦੇਣ ਨਾਲ ਮਿਲਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
avtar31@hotmailcom