-ਆਪਣੇ ਤਜ਼ਰਬੇ ਦੇ ਅਧਾਰ ਤੇ
ਨਿਊਜ਼ੀਲੈਂਡ ਵਿੱਚ ਹਰ ਸਾਲ ਮੌਸਮ ਬਦਲ ਰਿਹਾ ਹੈ ਅਤੇ ਸਮੁੰਦਰਾਂ ਦਾ ਤੱਲ ਵਧ ਰਿਹਾ ਹੈ l ਇਸ ਦੇ ਨਾਲ ਨਾਲ ਹੀ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ l ਨਿਊਜ਼ੀਲੈਂਡ ਵਿੱਚ ਭਾਵੇਂ ਲੋਕਾਂ ਨੇ ਅਤੇ ਸਰਕਾਰ ਨੇ ਕੁਦਰਤ ਸਾਂਭ ਕੇ ਰੱਖੀ ਹੋਈ ਹੈ ਪਰ ਫਿਰ ਵੀ ਆਪਣੇ ਘਰਾਂ ਨੂੰ ਸੁਰੱਖਿਅਤ ਜਾਂ ਤੰਦਰੁਸਤੀ ਵਾਲੇ ਬਣਾਉਣ ਲਈ ਕੁੱਝ ਉਪਰਾਲੇ ਖੁਦ ਵੀ ਕਰਨ ਦੀ ਲੋੜ ਹੈ l ਕੁੱਝ ਹੇਠ ਲਿਖੇ ਸੁਝਾਅ ਹਨ ਜੋ ਵਰਤੇ ਜਾ ਸਕਦੇ ਹਨ :-
* 1 ਜੁਲਾਈ 2025 ਤੋਂ ਕਿਰਾਏ ਵਾਲੇ ਘਰਾਂ ਵਾਸਤੇ ਹੈਲਥੀ ਹੋਮਸ ਸਟੈਂਡਰਡ ਲਾਗੂ ਹੋਣ ਜਾ ਰਿਹਾ ਹੈ l ਉਸ ਤੋਂ ਪਹਿਲਾਂ ਸਾਰੇ ਕਿਰਾਏ ਵਾਲੇ ਘਰਾਂ ਦੀਆਂ ਕਿਚਨਾਂ ਦੇ ਚੁੱਲ੍ਹੇ ਉੱਪਰ ਰੇਂਜਹੁੱਡ (Rangehood) ਅਤੇ ਬਾਥਰੂਮਾਂ ਵਿੱਚ ਪੱਖੇ (Extractor Fan) ਲੱਗੇ ਹੋਣੇ ਚਾਹੀਦੇ ਹਨ ਜੋ ਭਾਫ਼ ਨੂੰ ਘਰ ਤੋਂ ਬਾਹਰ ਲੈ ਕੇ ਜਾਣ l
ਸੀਲਿੰਗ ਵਿੱਚ ਇੰਸੋਲੇਸ਼ਨ ਪਈ ਹੋਣੀ ਚਾਹੀਦੀ ਹੈ ਅਤੇ ਜਿਹੜੇ ਘਰ ਜ਼ਮੀਨ ਤੋਂ ਉੱਚੇ ਬਣੇ ਹੋਏ ਹਨ ਉਨ੍ਹਾਂ ਦੀ ਫਲੋਰ ਦੇ ਥੱਲੇ ਇੰਸੋਲੇਸ਼ਨ ਪਈ ਹੋਣੀ ਚਾਹੀਦੀ ਹੈ l ਜ਼ਮੀਨ ਤੋਂ ਉੱਚੇ ਬਣੇ ਘਰਾਂ ਵਿੱਚ ਘਰ ਦੇ ਥੱਲੇ ਵਾਲੀ ਜ਼ਮੀਨ ਤੇ ਪਲਾਸਟਿਕ ਦੀ ਤਰਪਾਲ ਵਿਛਾਈ ਹੋਣੀ ਚਾਹੀਦੀ ਹੈ ਜਿਸ ਨੂੰ ਗਰਾਉਂਡ ਮੋਇਸਚਰ ਬੈਰੀਅਰ (Ground Moisture Barrier) ਕਹਿੰਦੇ ਹਨ l
ਘਰਾਂ ਦੇ ਲਿਵਿੰਗ ਏਰੀਏ ਵਿੱਚ ਸਾਈਜ਼ ਮੁਤਾਬਿਕ ਹੀਟ ਪੰਪ ਜਾਂ ਫਾਇਰ ਪਲੇਸ ਹੋਣੀ ਚਾਹੀਦੀ ਹੈ l ਕੁੱਝ ਹਾਲਤਾਂ ਵਿੱਚ ਫਿਕਸਡ ਹੀਟਰ ਵੀ ਲਗਾਏ ਜਾ ਸਕਦੇ ਹਨ ਪਰ ਇਹ ਕਿਸੇ ਮਾਹਿਰ ਦੀ ਸਲਾਹ ਨਾਲ ਹੀ ਲਗਾਏ ਜਾਣ l
ਘਰਾਂ ਦੀਆਂ ਤਾਕੀਆਂ ਵਿੱਚੋਂ ਦੀ ਜਿਆਦਾ ਹਵਾ ਲੰਘਦੀ ਨਹੀਂ ਹੋਣੀ ਚਾਹੀਦੀ ਹੈ l ਇਸ ਵਾਸਤੇ ਜ਼ਰੂਰੀ ਹੈ ਕਿ ਤਾਕੀਆਂ ਦੇ ਹੈਂਡਲ ਅਤੇ ਲੈਚਸ ਠੀਕ ਹੋਣ l
ਘਰਾਂ ਵਿੱਚ ਡਰੇਨ ਸਿਸਟਮ ਠੀਕ ਹੋਣਾ ਚਾਹੀਦਾ ਹੈ l
ਲੱਕੜ ਦੀਆਂ ਤਾਕੀਆਂ ਵਿੱਚ ਹਵਾ ਰੋਕਣ ਦਾ ਵੱਧ ਇੰਤਜ਼ਾਮ ਕਰਨਾ ਪੈਂਦਾ ਹੈ l ਘਰਾਂ ਦੇ ਪਰਨਾਲੇ (ਗਟਰ) ਅਤੇ ਡਾਉਨ ਪਾਈਪ ਲੀਕ ਨਾ ਕਰਦੇ ਹੋਣ ਅਤੇ ਇਹ ਸਹੀ ਜਗ੍ਹਾ ਕਨੇਕਟ ਹੋਏ ਹੋਣ l
ਘਰਾਂ ਵਿੱਚ ਮੋਲਡ (ਜੋ ਕਾਲਾ ਹੁੰਦਾ ਹੈ) ਨਾ ਹੋਵੇ l ਮੋਲਡ ਘਰਾਂ ਵਿੱਚ ਸਿਲ੍ਹ ਦੀ ਸਮੱਸਿਆ ਹੋਣ ਕਾਰਣ ਹੁੰਦਾ ਹੈ l ਘਰਾਂ ਵਿੱਚ 10 ਸਾਲਾਂ ਬੈਟਰੀ ਵਾਲੇ ਫੋਟੋਇਲੈਕਟ੍ਰਿਕ ਸਮੋਕ ਅਲਾਰਮਾਂ ਦਾ ਹੋਣਾ ਵੀ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਚੈੱਕ/ਸਰਵਿਸ ਕਰਨ ਦੀ ਵੀ ਲੋੜ ਹੈ l ਹਾਰਡ-ਵਾਇਰਡ ਸਮੋਕ ਅਲਾਰਮ ਵੀ ਲਗਾਏ ਜਾ ਸਕਦੇ ਹਨ ਜਾਂ ਇੰਟਰ- ਕੋਨੇਕਟਿਡ ਸਮੋਕ ਅਲਾਰਮ ਵੀ ਲਗਾਏ ਜਾ ਸਕਦੇ ਹਨ l
ਟੀਨ ਦੀਆਂ ਪੁਰਾਣੀਆਂ ਛੱਤਾਂ ਅਕਸਰ ਲੀਕ ਕਰਨ ਲੱਗ ਪੈਂਦੀਆਂ ਹਨ ਕਿਉਂਕਿ ਉਨ੍ਹਾਂ ਵਿੱਚ ਬਹੁਤ ਮੇਖਾਂ ਢਿੱਲੀਆਂ ਹੋ ਜਾਂਦੀਆਂ ਹਨ l ਉਨ੍ਹਾਂ ਨੂੰ ਬਦਲ ਕੇ ਸਕਰਿਊ ਲਗਾ ਕੇ ਛੱਤ ਪੇਂਟ ਕੀਤੀ ਜਾ ਸਕਦੀ ਹੈ l ਜੇ ਛੱਤ ਜਿਆਦਾ ਲੀਕ ਕਰ ਜਾਵੇ ਤਾਂ ਸੀਲਿੰਗ ਇੰਸੋਲੇਸ਼ਨ ਵਿੱਚ ਪਾਣੀ ਪੈਣ ਨਾਲ ਇੰਸੋਲੇਸ਼ਨ ਭਾਰੀ ਹੋ ਕੇ ਸੀਲਿੰਗ ਨੂੰ ਤੋੜ ਕੇ ਥੱਲੇ ਡਿਗ ਸਕਦੀ ਹੈ ਜੋ ਲਾਈਟਾਂ ਅਤੇ ਕਾਰਪੈੱਟ ਦਾ ਵੀ ਨੁਕਸਾਨ ਕਰ ਸਕਦੀ ਹੈ ਜਿਸ ਦੀ ਮੁਰੰਮਤ ਹਜ਼ਾਰਾਂ ਡਾਲਰਾਂ ਨਾਲ ਹੀ ਹੋ ਸਕਦੀ ਹੈ l ਟੀਨ ਦੀਆਂ ਛੱਤਾਂ ਪੇਂਟ ਕਰਨ ਵੇਲੇ ਜੰਗਾਲ ਨੂੰ ਮਾਰ ਕੇ ਫਿਰ ਪ੍ਰਾਇਮਰ ਅਤੇ ਦੋ ਉਪਰਲੇ ਕੋਟ ਕਰਨੇ ਚਾਹੀਦੇ ਹਨ ਤਾਂ ਕਿ ਛੱਤਾਂ ਦੀ ਉਮਰ ਵਧ ਸਕੇ l
ਨਵੇਂ ਇਨਵੈਸਟਰ ਨੂੰ ਜਾਂ ਪਹਿਲਾ ਘਰ ਖਰੀਦਣ ਵਾਲੇ ਨੂੰ ਏਨਾ ਕੁੱਝ ਪਤਾ ਨਹੀਂ ਲਗਦਾ l ਇਸ ਕਰਕੇ ਪ੍ਰਫੈਸ਼ਨਲ ਵਿਅਕਤੀਆਂ ਦੀ ਕੁੱਝ ਪੈਸੇ ਖਰਚ ਕੇ ਸਲਾਹ ਲਈ ਜਾ ਸਕਦੀ ਹੈ l ਹੈਲਥੀ ਹੋਮਸ ਅਸੇਸਮੈਂਟ ਕਰਨ ਵਾਲੀ ਕਿਸੇ ਕੰਪਨੀ ਕੋਲੋਂ ਘਰਾਂ ਦੀ ਅਸੇਸਮੈਂਟ ਕਰਵਾਈ ਜਾ ਸਕਦੀ ਹੈ ਤਾਂ ਕਿ ਹੋਣ ਵਾਲੇ ਜ਼ੁਰਮਾਨੇ ਜਾਂ ਨੁਕਸਾਨ ਤੋਂ ਬਚਿਆ ਜਾ ਸਕੇ l
ਚੰਗੀ ਗੱਲ ਹੈ ਕਿ ਹਰ ਸਾਲ ਹੀਟ ਪੰਪਾਂ ਤੇ ਫਾਇਰ ਪਲੇਸਾਂ ਦੀ ਸਰਵਿਸ ਕਰਵਾਈ ਜਾਵੇ l ਘਰਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਵੀ ਅਕਸਰ ਕਹਿੰਦੀਆਂ ਹਨ ਕਿ ਹਰ ਸਾਲ ਫਾਇਰ ਪਲੇਸ ਦੀ ਚਿਮਨੀ ਸਾਫ਼ ਕਰਵਾਈ ਜਾਵੇ l
ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਗਟਰ ਸਾਫ਼ ਕਰਵਾਏ ਜਾਣ l ਜਿੱਥੇ ਘਰ ਦੇ ਲਾਗੇ ਦਰੱਖਤ ਹੋਣ ਉਥੇ ਘਰਾਂ ਦੇ ਗਟਰ ਸਾਲ ਵਿੱਚ ਦੋ ਜਾਂ ਤਿੰਨ ਵਾਰ ਸਾਫ਼ ਕੀਤੇ ਜਾ ਸਕਦੇ ਹਨ l ਇਸ ਤਰਾਂ ਵੱਡੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ l ਨਿਊਜ਼ੀਲੈਂਡ ਵਿੱਚ ਮਈ ਤੋਂ ਲੈ ਕੇ ਅਗਸਤ ਤੱਕ ਜਿਆਦਾ ਮੀਂਹ ਪੈਂਦੇ ਹਨ l ਇਸ ਕਰਕੇ ਚੰਗੀ ਗੱਲ ਹੈ ਕਿ ਗਟਰ/ਪਰਨਾਲੇ ਅਪ੍ਰੈਲ ਵਿੱਚ ਸਾਫ਼ ਕਰਵਾ ਲਏ ਜਾਣ l ਕਈ ਵਾਰੀ ਬੱਚਿਆਂ ਦੀ ਗੇਂਦ (Ball) ਪਰਨਾਲੇ ਵਿੱਚ ਫਸ ਕੇ ਵੀ ਪਾਣੀ ਰੋਕ ਦਿੰਦੀ ਹੈ l
ਨਿਊਜ਼ੀਲੈਂਡ ਵਿੱਚ ਜਿਹੜੇ ਘਰ 50-60 ਸਾਲ ਤੋਂ ਵੱਧ ਸਮਾਂ ਪਹਿਲਾਂ ਬਣੇ ਸਨ ਉਨ੍ਹਾਂ ਵਿੱਚ ਕਈ ਵਾਰੀ ਡਾਉਨ ਪਾਈਪ ਘੱਟ ਲੱਗੇ ਹੁੰਦੇ ਹਨ ਜੋ ਮੀਂਹ ਦਾ ਪੂਰਾ ਪਾਣੀ ਨਹੀਂ ਖਿੱਚਦੇ l ਜ਼ਰੂਰੀ ਹੈ ਕਿ ਇਸ ਹਾਲਤ ਵਿੱਚ ਹੋਰ ਡਾਉਨ ਪਾਈਪ ਲਗਾ ਦਿੱਤੇ ਜਾਣ l
ਜਿਹੜੇ ਘਰ 1940 ਤੋਂ ਪਹਿਲਾਂ ਬਣੇ ਹੋਏ ਹਨ ਉਨ੍ਹਾਂ ਦੀ ਰੀ-ਵਾਈਰਿੰਗ ਕਰਵਾਉਣ ਦੀ ਅਕਸਰ ਲੋੜ ਪੈ ਜਾਂਦੀ ਹੈ ਅਤੇ ਬਿਜਲੀ ਵਾਲਾ ਮੀਟਰ ਵੀ ਨਵਾਂ ਲਗਾਇਆ ਜਾ ਸਕਦਾ ਹੈ l
ਸਿਲ੍ਹ ਤੋਂ ਬਚਣ ਲਈ ਵੈਂਟੀਲੇਸ਼ਨ ਸਿਸਟਮ ਲਗਵਾਏ ਜਾ ਸਕਦੇ ਹਨ ਜਾਂ ਡੀਹਿਊਮੀਡੀਫਾਇਰ (Dehumidifier) ਵਰਤੇ ਜਾ ਸਕਦੇ ਹਨ ਜੋ ਘਰ ਵਿੱਚ ਸਿਲ੍ਹ ਘਟਾ ਦਿੰਦੇ ਹਨ l ਜਦੋਂ ਘਰਾਂ ਵਿੱਚ ਸਿਲ੍ਹ ਘਟਾ ਦਿੱਤੀ ਜਾਵੇ ਤਾਂ ਸਿਲ੍ਹ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਕਾਫੀ ਰਾਹਤ ਮਿਲ ਜਾਂਦੀ ਹੈ ਜਿਵੇਂ ਛਿੱਕਾਂ ਆਉਣੀਆਂ, ਦਮਾ, ਅਲਰਜ਼ੀ ਅਤੇ ਡਸਟ ਮਾਈਟ ਆਦਿ l ਡਸਟ ਮਾਈਟ ਕਾਰਪੈੱਟ ਵਿੱਚ ਸਿਲ੍ਹ ਕਾਰਣ ਪੈਦਾ ਹੁੰਦੇ ਹਨ l
ਘਰਾਂ ਵਿੱਚ ਸਿਲ੍ਹ ਘਟਾਉਣ ਲਈ ਜ਼ਰੂਰੀ ਹੈ ਕਿ ਕੱਪੜੇ ਅਤੇ ਭਾਂਡੇ ਜਿਆਦਾ ਚਿਰ ਡੋਬ ਕੇ ਨਾ ਰੱਖੇ ਜਾਣ l
ਚੰਗੀ ਗੱਲ ਹੈ ਕਿ ਹਰ ਵੇਲੇ ਘਰਾਂ ਦੀ ਇੰਸ਼ੋਰੈਂਸ ਕਰਵਾ ਕੇ ਰੱਖੀ ਜਾਵੇ l ਜੇਕਰ ਘਰ ਨੂੰ ਅੱਗ ਲੱਗ ਜਾਵੇ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਨਾਲ ਘਰ ਨੁਕਸਾਨਿਆ ਜਾਵੇ ਤਾਂ ਉਸ ਦੇ ਬਣਨ ਨੂੰ ਸਾਲ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਭਾਵ ਇੱਕ ਸਾਲ ਤੋਂ ਵੱਧ ਸਮਾਂ ਤੁਹਾਨੂੰ ਕਿਰਾਇਆ ਨਹੀਂ ਆਉਂਦਾ ਅਤੇ ਘਰ ਦੀ ਕਿਸ਼ਤ ਤੁਹਾਨੂੰ ਕੋਲੋਂ ਹੀ ਦੇਣੀ ਪੈਂਦੀ ਹੈ l ਇਸ ਕਰਕੇ ਜ਼ਰੂਰੀ ਹੈ ਕਿ ਉਸ ਸਮੇਂ ਤੁਹਾਡੀ ਇੰਸ਼ੋਰੈਂਸ ਕੰਪਨੀ ਉਸ ਖਰਚੇ ਨੂੰ ਕਵਰ ਕਰੇ l
ਘਰਾਂ ਦੇ ਨਾਲ ਨਾਲ ਆਪਣੀ ਖੁਦ ਦੀ ਇੰਸ਼ੋਰੈਂਸ ਕਰਵਾਉਣੀ ਵੀ ਜ਼ਰੂਰੀ ਹੈ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਵਾਪਰਣ ਤੇ ਇੰਸ਼ੋਰੈਂਸ ਦਾ ਪੈਸਾ ਪਰਿਵਾਰ ਨੂੰ ਮਿਲ ਸਕੇ l
ਅਕਸਰ ਘਟਨਾ ਵਾਪਰ ਜਾਣ ਤੋਂ ਬਾਦ ਸਾਡਾ ਭਾਈਚਾਰਾ ਮਾੜੀ ਕਿਸਮਤ ਨੂੰ ਕੋਸਣ ਲੱਗ ਪੈਂਦਾ ਹੈ l ਚੰਗੀ ਗੱਲ ਹੈ ਕਿ ਕਿਸਮਤ ਨੂੰ ਕੋਸਣ ਦੀ ਬਜਾਏ ਘਟਨਾਵਾਂ ਵਾਪਰਣ ਤੋਂ ਪਹਿਲਾਂ ਹੀ ਤਿਆਰ ਹੋਈਏ l ਆਪਣੀ ਕਿਸਮਤ ਆਪਣੇ ਕੀਤੇ ਹੋਏ ਫੈਸਲਿਆਂ ਤੇ ਨਿਰਭਰ ਕਰਦੀ ਹੈ l ਇਥੇ ਇਹ ਵੀ ਵਰਣਨਯੋਗ ਹੈ ਕਿ ਕੁੱਝ ਆਪਣੇ ਫੈਸਲੇ ਵੀ ਗਲਤ ਨਿੱਕਲ ਸਕਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147