ਪਾਣੀ ਦੀਆਂ ਲਹਿਰਾਂ ਦੀ ਦਿਸ਼ਾ ਵੱਲ ਹਰ ਕੋਈ ਵਹਿ ਜਾਂਦਾ ਹੈ ਪਰ ਪਾਣੀ ਦੀਆਂ ਲਹਿਰਾਂ ਦੇ ਉਲਟ ਚੱਲਣ ਦਾ ਹੌਂਸਲਾ ਵਿਰਲੇ ਹੀ ਕਰਦੇ ਹਨ l ਲਹਿਰਾਂ ਤੋਂ ਉਲਟ ਚੱਲਣਾ ਇਕੱਲਾ ਮੁਸ਼ਕਿਲ ਕੰਮ ਹੀ ਨਹੀਂ ਹੁੰਦਾ ਬਲਕਿ ਉਸ ਰਾਹ ਤੇ ਚੱਲਣ ਵਾਲਿਆਂ ਦੀਆਂ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਹਨ l
ਲਹਿਰਾਂ ਦੇ ਉਲਟ ਚੱਲਣਾ ਹੀ ਸ਼ਾਇਦ ਕਾਕੇ ਦੇ ਹਿੱਸੇ ਆਇਆ ਜਿਸ ਦੇ ਗੀਤ ਬਹੁਤ ਚਰਚਾ ਵਿੱਚ ਆਏ l ਹੁਣੇ ਜਿਹੇ ਕਾਕੇ ਦਾ ਆਇਆ ਗੀਤ “ਪੱਤਾ ਵੀ ਨੀ ਹਿੱਲਦਾ” ਵੀ ਇਸ ਵੇਲੇ ਪੂਰੀ ਚਰਚਾ ਵਿੱਚ ਹੈ l
ਪਿਛਲੇ ਹੀ ਕੁੱਝ ਮਹੀਨਿਆਂ ਵਿੱਚ ਲਹਿਰਾਂ ਦੇ ਉਲਟ ਚੱਲਣ ਵਾਲੀਆਂ ਮੇਰੀਆਂ ਪੰਜ ਕਿਤਾਬਾਂ ਆਈਆਂ ਜਿਨਾਂ ਵਿੱਚੋਂ ਚਾਰ ਕਿਤਾਬਾਂ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ”, “ਤਰਕਸ਼ੀਲਤਾ ਤੇ ਤੰਦਰੁਸਤੀ”, “ਸਵੈ ਵਿਕਾਸ ਬਾਰੇ” ਅਤੇ “ਮੌਟੀਵੇਸ਼ਨਲ ਤੇ ਹੋਰ ਲੇਖ” ਦਾ ਸਿਰਫ ਅੱਠ ਕੁ ਮਹੀਨਿਆਂ ਵਿੱਚ ਦੂਜਾ ਐਡੀਸ਼ਨ ਵੀ ਛਪ ਚੁੱਕਾ ਹੈ ਅਤੇ ਮੇਰੀ ਅੰਗਰੇਜ਼ੀ ਦੀ ਕਿਤਾਬ “Homeless To Multi Millionaire” ਕਿਤਾਬ ਦੀ ਵਿਕਰੀ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ l
ਪੰਜਾਬੀ ਗਾਇਕ ਕਾਕੇ ਨਾਲ ਮਿਲਣੀ ਦੌਰਾਨ ਤਰਕਸ਼ੀਲ Satnam Singh Daun ਜੀ ਨੇ ਮੇਰੀ ਕਿਤਾਬ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਕਾਕੇ ਨੂੰ ਤੋਹਫੇ ਵਜੋਂ ਦਿੱਤੀ l ਇਹ ਕਿਤਾਬ ਮੇਰੀ ਜ਼ਿੰਦਗੀ ਬਾਰੇ ਡਾਕਟਰ ਰਾਜਾ ਰਾਮ ਹੰਡਿਆਇਆ ਜੀ ਦੁਆਰਾ ਲਿਖੀ ਹੋਈ ਹੈ ਜੋ ਤੀਹ ਹਜ਼ਾਰ ਤੋਂ ਵੱਧ ਮਾਨਸਿਕ ਰੋਗੀਆਂ ਦਾ ਇਲਾਜ ਕਰ ਚੁੱਕੇ ਹਨ ਅਤੇ ਤਰਕਸ਼ੀਲ ਲਹਿਰ ਵਿੱਚ ਕੰਮ ਕਰਦਿਆਂ ਉਨ੍ਹਾਂ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ l ਡਾਕਟਰ ਜੀ ਦੁਆਰਾ ਲਿਖੀ ਇਸ ਕਿਤਾਬ ਦਾ ਤਰਕਸ਼ੀਲ ਸਾਥੀ ਸਤਨਾਮ ਸਿੰਘ ਦਾਓਂ ਦੁਆਰਾ ਗਾਇਕ ਕਾਕਾ ਜੀ ਨੂੰ ਤੋਹਫੇ ਵਿੱਚ ਦਿੱਤੇ ਜਾਣਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ l
ਇਸ ਕਿਤਾਬ ਦੇ ਨਾਲ ਨਾਲ ਤਰਕਸ਼ੀਲ ਮੈਗਜ਼ੀਨ ਅਤੇ Manjit Boparai ਜੀ ਦੀ ਕਿਤਾਬ “ਕਾਫ਼ਿਰ ਹੀ ਪਵਿੱਤਰ ਮਨੁੱਖ” ਵੀ ਕਾਕਾ ਜੀ ਨੂੰ ਤੋਹਫੇ ਵਿੱਚ ਦਿੱਤੀਆਂ ਗਈਆਂ l ਇਹ ਵੀ ਮੇਰੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਕਿਤਾਬ “ਕਾਫ਼ਿਰ ਹੀ ਪਵਿੱਤਰ ਮਨੁੱਖ” ਦਾ ਖਰੜਾ ਸਭ ਤੋਂ ਪਹਿਲਾਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਸੀ l
ਇਹ ਵਿਚਾਰਾਂ ਅਤੇ ਲਿਖਤਾਂ ਦੀ ਸਾਂਝ ਹੀ ਹੈ ਜਿਸ ਨੇ ਏਨੇ ਦੂਰ ਬੈਠਿਆਂ ਮੈਨੂੰ ਮਨਜੀਤ ਬੋਪਾਰਾਏ, ਸਤਨਾਮ ਸਿੰਘ ਦਾਓਂ, ਕਾਕੇ ਗਾਇਕ ਨੂੰ ਅਤੇ ਡਾਕਟਰ Raja Ram Handiaya ਜੀ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੋਇਆ ਹੈ l
ਕਿਤਾਬਾਂ ਤੇ ਗੀਤਾਂ ਦੀ ਕਾਮਯਾਬੀ ਪਾਠਕਾਂ ਅਤੇ ਗੀਤ ਸੁਣਨ ਵਾਲਿਆਂ ਨਾਲ ਹੀ ਹੁੰਦੀ ਹੈ ਜਿਸ ਦੀ ਸਾਂਝ ਆਪ ਨਾਲ ਪਾ ਕੇ ਮਾਣ ਮਹਿਸੂਸ ਕਰਦਾ ਹਾਂ l ਫੋਟੋ ਵਿੱਚ ਹੋਰ ਸਾਥੀਆਂ ਦੇ ਨਾਲ ਕਾਕਾ ਜੀ ਗਾਇਕ ਤੇ ਸਤਨਾਮ ਸਿੰਘ ਦਾਓਂ ਦਿਖਾਈ ਦੇ ਰਹੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
006421392147