ਕੁੱਝ ਵਿਅਕਤੀ ਉਨ੍ਹਾਂ ਸਬਕਾਂ ਤੋਂ ਸਿੱਖ ਜਾਂਦੇ ਹਨ ਪਰ ਬਾਕੀ ਜਿਆਦਾ ਤੌਰ ਤੇ ਘਬਰਾ ਜਾਂਦੇ ਹਨ l
ਸਬਕ ਹਮੇਸ਼ਾਂ ਸਿੱਖਣ ਵਾਸਤੇ ਹੁੰਦੇ ਹਨ ਘਬਰਾਉਣ ਲਈ ਨਹੀਂ l
ਜ਼ਿੰਦਗੀ ਵਿੱਚ ਅਨੇਕਾਂ ਸਬਕ ਲੈਣ ਵਾਲੇ ਅਤੇ ਉਨ੍ਹਾਂ ਸਬਕਾਂ ਤੋਂ ਸਿੱਖਣ ਵਾਲੇ ਆਪਣੇ ਆਪ ਵਿੱਚ ਹੀ ਯੂਨੀਵਰਸਿਟੀ ਬਣ ਜਾਂਦੇ ਹਨ l
ਹਰ ਸਬਕ ਦੀ ਕੀਮਤ ਹੁੰਦੀ ਹੈ l ਇਹ ਜ਼ਰੂਰੀ ਨਹੀਂ ਹੈ ਕਿ ਉਸ ਸਬਕ ਵਾਸਤੇ ਹਮੇਸ਼ਾਂ ਪੈਸੇ ਹੀ ਤਾਰਨੇ ਪੈਣ l ਕਈ ਵਾਰ ਸਬਕ ਲੈਣ ਲਈ ਆਪਣਾ ਸਮਾਂ ਕੁਰਬਾਨ ਕਰਨਾ ਪੈਂਦਾ ਹੈ, ਕਈ ਵਾਰ ਸਬਕ ਲੈਣ ਲਈ ਘਾਟਾ ਜ਼ਰਨਾ ਪੈਂਦਾ ਹੈ, ਕਈ ਵਾਰ ਦੂਜਿਆਂ ਤੇ ਯਕੀਨ ਕਰਨਾ ਪੈਂਦਾ ਹੈ, ਕਈ ਵਾਰ ਦੂਜਿਆਂ ਦਾ ਕੀਤਾ ਧੋਖਾ ਜ਼ਰਨਾ ਪੈਂਦਾ ਹੈ, ਕਈ ਵਾਰ ਸਬਕ ਲੈਂਦੇ ਲੈਂਦੇ ਫੇਲ੍ਹ ਵੀ ਹੋਣਾ ਪੈਂਦਾ ਹੈ ਅਤੇ ਕਈ ਵਾਰ ਸਬਕ ਲੈਣ ਲਈ ਡਿਗ ਡਿਗ ਕੇ ਉੱਠਣਾ ਪੈਂਦਾ ਹੈ l
ਉਪਰੋਕਤ ਸਭ ਪੜ੍ਹ ਕੇ ਪਤਾ ਲਗਦਾ ਹੈ ਕਿ ਅਕਸਰ ਸਬਕ ਬਹੁਤ ਮਹਿੰਗੇ ਪੈਂਦੇ ਹਨ ਅਤੇ ਸਬਕ ਜ਼ਿੰਦਗੀ ਦਾ ਬਹੁਤ ਸਮਾਂ ਲੈ ਜਾਂਦੇ ਹਨ ਅਤੇ ਕਈ ਸਬਕ ਵਿਅਕਤੀ ਨੂੰ ਜ਼ਿੰਦਗੀ ਵਿੱਚ ਬਹੁਤ ਪਿੱਛੇ ਧੱਕ ਦਿੰਦੇ ਹਨ l
ਕਿਤਾਬਾਂ ਪੜ੍ਹਨ ਵਾਲੇ ਲੋਕ ਬਹੁਤ ਸਾਰੇ ਸਬਕ ਲੈ ਲੈਂਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ l ਉਹ ਦੂਜਿਆਂ ਦੇ ਤਜ਼ਰਬਿਆਂ ਅਤੇ ਕੀਤੀਆਂ ਗਲਤੀਆਂ ਤੋਂ ਸਿੱਖ ਲੈਂਦੇ ਹਨ ਜਿਸ ਨਾਲ ਉਨ੍ਹਾਂ ਦਾ ਆਪਣਾ ਨੁਕਸਾਨ ਨਹੀਂ ਹੁੰਦਾ l
ਆਓ ਕਿਤਾਬਾਂ ਨੂੰ ਆਪਣਾ ਮਨਭਾਉਂਦਾ ਸਾਥੀ ਬਣਾਈਏ l ਕਿਤਾਬਾਂ ਇੱਕ ਅਜਿਹਾ ਸਾਥੀ ਹੁੰਦੀਆਂ ਹਨ ਜੋ ਕੁੱਝ ਖਾਂਦੀਆਂ ਪੀਂਦੀਆਂ ਨਹੀਂ, ਇਨ੍ਹਾਂ ਨੂੰ ਗਰਮੀ ਜਾਂ ਠੰਡ ਨਹੀਂ ਲਗਦੀ ਅਤੇ ਨਾ ਹੀ ਇਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੁੰਦੀ ਹੈ l ਇਹ ਤਾਂ ਗਿਆਨ ਦਾ ਸਾਗਰ ਹੁੰਦੀਆਂ ਹਨ l ਇੱਕ ਕਿਤਾਬ ਤੋਂ ਜਿੰਨੇ ਲੋਕ ਮਰਜ਼ੀ ਗਿਆਨ ਲੈ ਜਾਣ ਪਰ ਕਿਤਾਬ ਵਿੱਚ ਉਹ ਗਿਆਨ ਕਦੇ ਖ਼ਤਮ ਨਹੀਂ ਹੁੰਦਾ ਹੈ l ਕਿਤਾਬਾਂ ਇੱਕ ਐਸੀ ਰੌਸ਼ਨੀ ਵੰਡਦੀਆਂ ਹਨ ਜਿਸ ਦਾ ਹਰ ਮਹੀਨੇ ਬਿੱਲ ਨਹੀਂ ਆਉਂਦਾ ਅਤੇ ਤੁਸੀਂ ਖੁਦ ਵੀ ਰੌਸ਼ਨੀ ਫੈਲਾਉਣ ਵਾਲੇ ਬਣ ਜਾਂਦੇ ਹੋ l
ਆਓ ਕਿਤਾਬਾਂ ਨੂੰ ਆਪਣਾ ਸਾਥੀ ਬਣਾਈਏ ਅਤੇ ਹੋਰ ਨਵੇਂ ਸਬਕ ਲਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147