ਅੱਜ ਦਾ ਦੌਰ ਜਿਸ ਨੂੰ ਇਨਫਰਮੇਸ਼ਨ ਏਜ਼ (Information age) ਕਹਿੰਦੇ ਹਾਂ ਜਿਸ ਵਿੱਚ ਇੰਡਸਟਰੀਅਲ ਏਜ਼ (Industrial Age) ਵਿੱਚ ਸਿੱਖੀਆਂ ਚੀਜ਼ਾਂ ਕੰਮ ਨਹੀਂ ਕਰਦੀਆਂ ਜਾਂ ਏਨਾ ਕੁ ਕੰਮ ਕਰਦੀਆਂ ਹਨ ਜਿਨ੍ਹਾਂ ਨਾਲ ਬਹੁਤ ਤੰਗੀ ਨਾਲ ਗੁਜ਼ਾਰਾ ਹੁੰਦਾ ਹੈ l
ਇੰਡਸਟਰੀਅਲ ਏਜ਼ ਵਿੱਚ ਲੋਕ ਵੱਡੀ ਗਿਣਤੀ ਵਿੱਚ ਹੱਡ ਭੰਨਵੀਂ ਮਿਹਨਤ ਕਰਦੇ ਸਨ ਜਾਂ ਮਜ਼ਦੂਰੀ ਕਰਦੇ ਸਨ l ਜਿਆਦਾ ਤੌਰ ਤੇ ਕੰਮ ਕਰਦਿਆਂ ਵਿਅਕਤੀ ਸਵੇਰ ਤੋਂ ਸ਼ਾਮ ਤੱਕ ਪਸੀਨੋਂ ਪਸੀਨਾ ਹੋ ਜਾਂਦਾ ਸੀ l ਇਸ ਨੂੰ ਖੂਨ ਪਸੀਨੇ ਦੀ ਕਮਾਈ ਕਿਹਾ ਜਾਂਦਾ ਸੀ l ਵੱਧ ਖੂਨ ਪਸੀਨਾ ਵਹਾਉਣ ਵਾਲਾ ਘੱਟ ਕੰਮ ਕਰਨ ਵਾਲੇ ਨਾਲੋਂ ਥੋੜ੍ਹਾ ਵੱਧ ਪੈਸਾ ਕਮਾ ਲੈਂਦਾ ਸੀ l
ਇੰਟਰਨੈਟ, ਸੋਸ਼ਲ ਮੀਡੀਆ ਅਤੇ ਕੰਪਿਊਟਰ ਯੁੱਗ ਦੇ ਆਉਣ ਤੇ ਇਨਫਰਮੇਸ਼ਨ ਏਜ਼ ਦੀ ਸ਼ੁਰੂਆਤ ਹੋਈ l ਬਹੁਤ ਕੁੱਝ ਪਸੀਨਾ ਬਹਾਏ ਬਿਨਾਂ ਹੋਣ ਲੱਗਾ ਭਾਵ ਏ ਸੀ ਕਮਰੇ ਵਿੱਚ ਬੈਠ ਕੇ ਹੀ ਪੜ੍ਹਿਆ ਲਿਖਿਆ ਵਰਗ ਕੰਮ ਕਰਨ ਲੱਗਾ ਅਤੇ ਕਮਾਈ ਪਹਿਲਾਂ ਨਾਲੋਂ ਵਧ ਗਈ l ਹੁਣ ਦੇ ਦੌਰ ਵਿੱਚ ਘਰ ਬੈਠੇ ਹੀ ਕੰਮ ਹੋਣ ਲੱਗੇ l
ਅੱਜ ਉਹ ਲੋਕ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਜੋ ਅਜੇ ਵੀ ਖੂਨ ਪਸੀਨੇ ਦੀ ਕਮਾਈ ਕਰਦੇ ਹਨ ਭਾਵ ਖੇਤਾਂ ਜਾਂ ਫੈਕਟਰੀਆਂ ਵਿੱਚ ਮਜ਼ਦੂਰੀ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਮਦਨ ਇਨਫਰਮੇਸ਼ਨ ਦੇ ਦੌਰ ਵਿੱਚ ਬਹੁਤ ਘੱਟ ਹੈ l
ਇੰਡਸਟਰੀਅਲ ਏਜ਼ ਵਿੱਚ ਕਰਜ਼ੇ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਸੀ ਅਤੇ ਸਿਆਣਿਆਂ ਵਲੋਂ ਅਕਸਰ ਸੁਝਾਅ ਦਿੱਤਾ ਜਾਂਦਾ ਸੀ ਕਿ ਸ਼ਾਹੂਕਾਰ ਦੇ ਕਰਜ਼ੇ ਤੋਂ ਬਚਣਾ ਚਾਹੀਦਾ ਹੈ l ਲੋਕ ਘੱਟ ਪੜ੍ਹੇ ਲਿਖੇ ਹੁੰਦੇ ਸਨ ਅਤੇ ਕਰਜ਼ਾ ਚੁੱਕਣ ਵੇਲੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲਗਦਾ ਸੀ ਕਿ ਜਿਹੜੇ ਕਾਗਜ਼ਾਂ ਤੇ ਉਹ ਦਸਤਖਤ ਕਰ ਰਹੇ ਹਨ ਉਨ੍ਹਾਂ ਤੇ ਲਿਖਿਆ ਕੀ ਹੈ? ਇਸ ਤਰਾਂ ਸ਼ਾਹੂਕਾਰ ਦਾ ਵਿਆਜ਼ ਸਾਰੀ ਉਮਰ ਮੁੱਕਦਾ ਨਹੀਂ ਹੁੰਦਾ ਸੀ l
ਇਨਫਰਮੇਸ਼ਨ ਏਜ਼ ਵਿੱਚ ਲੋਕ ਜਿਆਦਾ ਪੜ੍ਹ ਲਿਖ ਗਏ ਅਤੇ ਦਸਤਖਤ ਕਰਨ ਤੋਂ ਪਹਿਲਾਂ ਕਾਗਜ਼ ਪੜ੍ਹਨ ਲੱਗੇ l ਅੱਜ ਆਰਥਿਕ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੱਧ ਹੈ ਜਿਨ੍ਹਾਂ ਨੂੰ ਕਰਜ਼ੇ ਬਾਰੇ ਸਮਝ ਨਹੀਂ ਹੈ, ਇਹ ਨਹੀਂ ਪਤਾ ਕਿ ਕਰਜ਼ਾ ਵਰਤਣਾ ਕਿਵੇਂ ਹੈ?
ਕਰਜ਼ਾ ਵਿਅਕਤੀ ਨੂੰ ਗਰੀਬ ਜਾਂ ਅਮੀਰ ਕਰਦਾ ਹੈ l ਇਹ ਵਿਅਕਤੀ ਦੀ ਸਮਝ ਅਤੇ ਵਰਤੋਂ ਤੇ ਨਿਰਭਰ ਕਰਦਾ ਹੈ ਕਿ ਕਰਜ਼ੇ ਨਾਲ ਵਿਅਕਤੀ ਅਮੀਰ ਹੋਵੇਗਾ ਜਾਂ ਗਰੀਬ l ਵੱਧ ਪੜ੍ਹੇ ਹੋਣਾ ਕੋਈ ਜ਼ਰੂਰੀ ਨਹੀਂ l ਕਰਜ਼ੇ ਬਾਰੇ ਸਮਝ ਹੋਣਾ ਜ਼ਰੂਰੀ ਹੈ ਜੋ ਜਿਆਦਾ ਸਕੂਲਾਂ ਵਿੱਚੋਂ ਸਿੱਖਣ ਨੂੰ ਨਹੀਂ ਮਿਲਦੀ l ਕਿਸੇ ਵੀ ਬੈਂਕ ਕੋਲੋਂ ਕਰਜ਼ਾ ਲੈਣ ਜਾਓ ਉਹ ਤੁਹਾਨੂੰ ਕਦੇ ਨਹੀਂ ਪੁੱਛਦੇ ਕਿ ਤੁਸੀਂ ਕਿੰਨਾ ਪੜ੍ਹੇ ਹੋ, ਕਿਹੜੀ ਡਿਗਰੀ ਕੀਤੀ ਹੈ? ਉਹ ਸਿਰਫ ਇਹ ਜਾਨਣਾ ਚਾਹੁੰਦੇ ਹਨ ਕਿ ਆਰਥਿਕ ਤੌਰ ਤੇ ਤੁਸੀਂ ਕਿੰਨੇ ਸਮਾਰਟ (Smart) ਹੋ l
ਆਰਥਿਕ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਹੈ ਜੋ ਆਪਣੇ ਸਮੇਂ ਦੀ ਯੋਗ ਵਰਤੋਂ ਕਰਨਾ ਨਹੀਂ ਸਿੱਖਦੇ ਭਾਵ ਥੋੜ੍ਹੇ ਸਮੇਂ ਵਿੱਚ ਬਹੁਤ ਕੰਮ ਕਰਨਾ ਨਹੀਂ ਸਿੱਖਦੇ l
ਆਰਥਿਕ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਹੈ ਜਿਨ੍ਹਾਂ ਨੂੰ ਬੱਚਤ ਕਰਨ ਦੀ ਆਦਤ ਨਹੀਂ ਪੈਂਦੀ l ਪੁਰਾਣੇ ਸਮੇਂ ਵਿੱਚ (1980 ਦੇ ਦੌਰ ਵਿੱਚ) ਕਮਾਈ ਬਹੁਤ ਘੱਟ ਹੋਣ ਦੇ ਬਾਵਯੂਦ ਔਰਤਾਂ ਭਾਨ ਜਾਂ ਇੱਕ ਦੋ ਰੁਪਏ ਆਪਣੀ ਚੁੰਨੀ/ਦੁਪੱਟੇ ਦੇ ਲੜ ਬੰਨ ਕੇ ਰੱਖਦੀਆਂ ਸਨ ਅਤੇ ਕੋਸ਼ਿਸ਼ ਕਰਦੀਆਂ ਸਨ ਕਿ ਰੁਪਿਆ ਬੱਝਾ ਹੀ ਰੱਖਿਆ ਜਾਵੇ l ਜੇ ਇਸ ਨੂੰ ਤੁੜ੍ਹਾ ਲਿਆ ਤਾਂ ਖ਼ਤਮ ਹੋ ਜਾਵੇਗਾ l
ਅੱਜ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਰਿਵਾਰ ਵਿੱਚ ਹਜ਼ਾਰਾਂ ਡਾਲਰ ਦੀ ਕਮਾਈ ਹਰ ਹਫ਼ਤੇ ਆਉਂਦੀ ਹੈ ਪਰ ਫਿਰ ਕਿਹਾ ਜਾਂਦਾ ਹੈ ਕਿ ਕੁੱਝ ਬਚਦਾ ਨਹੀਂ l ਦੂਜੇ ਪਾਸੇ ਕੁੱਝ ਲੋਕ ਓਨੇ ਹੀ ਪੈਸਿਆਂ ਵਿੱਚੋਂ ਬਚਾ ਕੇ ਬਹੁਤ ਕੁੱਝ ਕਰ ਜਾਂਦੇ ਹਨ l ਦੋਨਾਂ ਵਿੱਚ ਫ਼ਰਕ ਸੋਚ ਦਾ ਹੈ ਜਾਂ ਬੱਚਤ ਕਰਨ ਦੀ ਆਦਤ ਦਾ ਹੈ ਜਿਸ ਨੂੰ ਬਦਲਿਆ ਜਾ ਸਕਦਾ ਹੈ l
ਅੱਜ ਦੇ ਦੌਰ ਵਿੱਚ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਘਰ ਖਰੀਦਣਾ ਜਾਂ ਉਸ ਦੀਆਂ ਕਿਸ਼ਤਾਂ ਭਰਨੀਆਂ ਜਾਂ ਕਿਰਾਇਆ ਦੇਣਾ ਬਹੁਤ ਔਖਾ ਸਮਝਿਆ ਜਾਂਦਾ ਹੈ l
ਮੇਰੀ ਕਿਤਾਬ ਹੋਮਲੈੱਸ ਟੂ ਮਲਟੀ-ਮਿਲਿਅਨੇਅਰ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬਹੁਤ ਘੱਟ ਤਨਖਾਹ ਮਿਲਣ ਦੇ ਬਾਵਯੂਦ ਵੀ ਆਰਥਿਕ ਤਰੱਕੀ ਕੀਤੀ ਜਾ ਸਕਦੀ ਹੈ l
ਮੇਰੀ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੇ ਅਧਾਰਤ ਲਿਖੀਆਂ ਕਿਤਾਬਾਂ “Homeless To Multi-Millionaire”, “ਤਰਕਸ਼ੀਲਤਾ ਤੇ ਤੰਦਰੁਸਤੀ”, “ਸਵੈ-ਵਿਕਾਸ ਬਾਰੇ”, “ਮੌਟੀਵੇਸ਼ਨਲ ਤੇ ਹੋਰ ਲੇਖ” ਅਤੇ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਹੋਰ ਜਾਣਕਾਰੀ ਲਈ ਪੜ੍ਹ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147