ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧਣ ਨਾਲ ਕਾਫੀ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਤੇ ਚਾੜਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ l ਕਈ ਘਰ ਤਾਂ ਕਈ ਕਈ ਮਹੀਨੇ ਖਾਲੀ ਰਹਿ ਰਹੇ ਹਨ l
ਜਿੱਥੇ ਘਰਾਂ ਦੇ ਮਾਲਕਾਂ ਦੇ ਮਹਿੰਗਾਈ ਕਾਰਣ ਖਰਚੇ ਵਧੇ ਹਨ ਉੱਥੇ ਹੀ ਕਿਰਾਏ ਘਟਣ ਕਾਰਣ ਘਰਾਂ ਤੋਂ ਆਮਦਨ ਘਟੀ ਹੈ ਜਿਸ ਕਾਰਣ ਕੁੱਝ ਮਾਲਕਾਂ ਦੀ ਪ੍ਰੇਸ਼ਾਨੀ ਸਾਫ਼ ਦਿਖਾਈ ਦੇ ਦਿੰਦੀ ਹੈ l
ਘਰਾਂ ਦੇ ਖਰਚਿਆਂ ਵਿੱਚ ਇੰਸ਼ੋਰੈਂਸ ਦਾ ਮਹਿੰਗਾ ਹੋਣਾ, ਕਾਉਂਸਿਲ ਰੇਟਾਂ ਵਿੱਚ ਵਾਧਾ, ਘਰਾਂ ਤੇ ਲਏ ਕਰਜ਼ੇ ਦਾ ਵਿਆਜ਼ ਵਧਣਾ, ਘਰਾਂ ਦੇ ਸਮਾਨ ਦਾ ਮਹਿੰਗਾ ਹੋਣਾ ਅਤੇ ਲੇਬਰ ਰੇਟਾਂ ਦਾ ਵਧਣਾ ਸ਼ਾਮਿਲ ਹੈ l
ਕਿਰਾਏ ਵਾਲੇ ਘਰਾਂ ਦੀ ਸਪਲਾਈ ਵਧਣ ਦੇ ਕਈ ਕਾਰਣ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ ਚਲੇ ਜਾਣਾ, ਇੱਕ ਇੱਕ ਘਰ ਚੁੱਕ ਕੇ ਜਿਆਦਾ ਘਰ ਬਣਾਉਣੇ ਅਤੇ ਉਨ੍ਹਾਂ ਦੀ ਵਿਕਰੀ ਨਾ ਹੋ ਪਾਉਣਾ ਆਦਿ ਕਾਰਣ ਸ਼ਾਮਿਲ ਹਨ l
ਜਿਹੜੇ ਘਰ ਵਿਕਦੇ ਨਹੀਂ ਹਨ ਉਨ੍ਹਾਂ ਵਿੱਚੋਂ ਕਾਫੀ ਗਿਣਤੀ ਕਿਰਾਏ ਵਾਲੇ ਘਰਾਂ ਵਿੱਚ ਸ਼ਾਮਿਲ ਹੋ ਜਾਂਦੀ ਹੈ ਜਿਸ ਕਾਰਣ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧ ਜਾਂਦੀ ਹੈ l
ਲੰਬੇ ਸਮੇਂ ਤੋਂ ਘਰਾਂ ਦਾ ਕੰਮ ਕਰਦੇ ਹੋਣ ਕਰਕੇ ਮੈਨੂੰ ਅਕਸਰ ਕਈ ਮਾਲਕਾਂ ਦੇ ਫੋਨ ਆ ਜਾਂਦੇ ਹਨ ਕਿ ਤੁਸੀਂ ਘਰਾਂ ਨੂੰ ਕਿਰਾਏ ਤੇ ਕਿਵੇਂ ਚਾੜਦੇ ਹੋ ?
ਮੈਂ ਆਖਦਾ ਹਾਂ ਕਿ ਕਿਰਾਏ ਤੇ ਤਾਂ ਤੁਹਾਡੇ ਵਾਂਗ ਹੀ ਚਾੜ੍ਹਦਾ ਹਾਂ ਪਰ ਸਾਡੇ ਘਰ ਖਾਲੀ ਹੀ ਘੱਟ ਹੁੰਦੇ ਹਨ l ਜਿਆਦਾ ਕਿਰਾਏਦਾਰ 8-10 ਸਾਲ ਘਰਾਂ ਵਿੱਚ ਰਹਿ ਜਾਂਦੇ ਹਨ ਅਤੇ ਕੁੱਝ ਕੁ ਤਾਂ 15 ਸਾਲਾਂ ਤੋਂ ਵੀ ਰਹਿ ਰਹੇ ਹਨ l
ਜਦੋਂ ਘਰਾਂ ਦੀ ਮੁਰੰਮਤ ਸਮੇਂ ਸਿਰ ਕੀਤੀ ਜਾਵੇ ਤਾਂ ਬਹੁਤ ਕਿਰਾਏਦਾਰ ਕਈ ਕਈ ਸਾਲ ਉਸੇ ਘਰ ਵਿੱਚ ਹੀ ਰਹਿੰਦੇ ਹਨ l ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਉਸ ਘਰ ਨਾਲ ਜੁੜ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ l ਜੇਕਰ ਘਰਾਂ ਦੇ ਮਾਲਕ ਕਿਰਾਏਦਾਰਾਂ ਨਾਲ ਆਪਣਾ ਵਿਹਾਰ ਠੀਕ ਰੱਖਣ ਤਾਂ ਕਈ ਵਾਰ ਕਿਰਾਏਦਾਰਾਂ ਦੀ ਅਗਲੀ ਪੀੜ੍ਹੀ ਵੀ ਉਸੇ ਮਾਲਕ ਦੇ ਘਰ ਵਿੱਚ ਰਹਿੰਦੀ ਹੈ l
ਕਿਰਾਏਦਾਰਾਂ ਨੂੰ ਲੰਬਾ ਸਮਾਂ ਕਿਰਾਏ ਵਾਲੇ ਮਕਾਨ ਵਿੱਚ ਰੱਖਣ ਲਈ ਆਪਸੀ ਸੰਬੰਧ ਸੁਧਾਰਨ ਦੀ ਲੋੜ ਹੈ ਅਤੇ ਘਰਾਂ ਦੀ ਹਾਲਤ ਸੁਧਾਰਨ ਦੀ ਲੋੜ ਹੈ l
ਇਸ ਤਰਾਂ ਕਰਨ ਨਾਲ ਕਿਰਾਏਦਾਰਾਂ ਅਤੇ ਮਾਲਕਾਂ (ਦੋਨੋਂ ਧਿਰਾਂ) ਦੀ ਜਿੱਤ ਹੋਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147