ਦੁਨੀਆਂ ਤੇ ਲੱਗੀ ਹੋਈ ਕਈ ਮੁਲਕਾਂ ਦੀ ਲੜਾਈ ਬਾਰੇ ਵੱਡੀ ਗਿਣਤੀ ਲੋਕ ਫਿਕਰਮੰਦ ਹਨ l ਬਹੁਤਿਆਂ ਦੇ ਪਰਿਵਾਰਿਕ ਜੀਅ, ਰਿਸ਼ਤੇਦਾਰ, ਦੋਸਤ ਮਿੱਤਰ ਇਨ੍ਹਾਂ ਮੁਲਕਾਂ ਵਿੱਚ ਵਸਦੇ ਹਨ l
ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਤਰਾਂ ਦੀਆਂ ਲੜਾਈਆਂ ਵਿੱਚ ਦੁਨੀਆਂ ਤੋਂ ਸਦਾ ਲਈ ਚਲੇ ਜਾਂਦੇ ਹਨ ਉਨ੍ਹਾਂ ਦੇ ਪਰਿਵਾਰਿਕ ਜੀਅ ਅਗਲੀਆਂ ਪੀੜ੍ਹੀਆਂ ਤੱਕ ਸੰਤਾਪ ਭੋਗਦੇ ਹਨ l
ਨਾਗਾਸਾਕੀ ਅਤੇ ਹੀਰੋਸ਼ੀਮਾ ਦੀ ਧਰਤੀ ਇਸ ਸੰਤਾਪ ਨੂੰ ਬਹੁਤ ਲੰਬੇ ਸਮੇਂ ਤੋਂ ਭੋਗ ਰਹੀ ਹੈ ਅਤੇ ਉੱਥੇ ਜੰਗ ਤੋਂ ਬਾਦ ਪੈਦਾ ਹੋਣ ਵਾਲੇ ਬੱਚਿਆਂ ਨੇ ਵੀ ਇਸ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ l
ਮਨੁੱਖੀ ਨੁਕਸਾਨ ਹੋਣ ਦੇ ਨਾਲ ਨਾਲ ਲੋਕਾਂ ਦਾ ਅਤੇ ਮੁਲਕਾਂ ਦਾ ਆਰਥਿਕ ਪੱਖੋਂ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਹੈ l ਮੁਲਕ ਵੱਡੇ ਕਰਜ਼ਿਆਂ ਥੱਲੇ ਆ ਜਾਂਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਆਮ ਆਦਮੀ ਸਾਰੀ ਉਮਰ ਕੋਹਲੂ ਦੀ ਘਾਣੀ ਵਾਂਗ ਪਿਸਦਾ ਹੈ l
ਜੇਕਰ ਜਿਆਦਾ ਮੁਲਕਾਂ ਵੱਲ ਨਿਗਾਹ ਮਾਰੀਏ ਤਾਂ ਉੱਥੋਂ ਦੇ ਵੱਡੀ ਗਿਣਤੀ ਲੋਕ ਹੱਡ ਭੰਨਵੀਂ ਮਿਹਨਤ ਦੇ ਬਾਵਯੂਦ ਵੀ ਬਹੁਤ ਔਖਾ ਗੁਜ਼ਾਰਾ ਕਰਦੇ ਹਨ l ਇਨ੍ਹਾਂ ਹਾਲਤਾਂ ਵਿੱਚ ਮੁਲਕਾਂ ਤੇ ਚੜ੍ਹੇ ਕਰਜ਼ੇ ਦਾ ਭਾਰ ਉਹ ਕਿਵੇਂ ਉਠਾਉਣਗੇ? ਇਹ ਸਵਾਲ ਬਹੁਤਿਆਂ ਦੀ ਨੀਂਦ ਉਡਾ ਦਿੰਦਾ ਹੈ l
ਜੇਕਰ ਮੰਨੇ ਪਰਮੰਨੇ ਮੁਲਕਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਬਹੁਤ ਵਿਕਸਤ ਮੰਨਿਆ ਜਾਂਦਾ ਹੈ ਅਤੇ ਬਹੁਤੇ ਭਾਰਤੀ ਵੀ ਉੱਥੇ ਆਪਣੀ ਆਰਥਿਕਤਾ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਜਾਂਦੇ ਹਨ, ਵਿੱਚ ਵੀ ਉੱਥੇ ਵਸਦੇ ਬਹੁਤ ਲੋਕ ਗਰੀਬੀ ਹਾਲਤ ਵਿੱਚ ਦਿਨ ਕੱਟਦੇ ਹਨ l ਉਨ੍ਹਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੀ ਘਾਟ, ਖਾਣ ਪੀਣ ਦੀਆਂ ਚੀਜ਼ਾਂ ਦੀ ਘਾਟ ਅਕਸਰ ਸਤਾਉਂਦੀ ਹੈ l ਉਹ ਲੋਕ ਬੱਚਿਆਂ ਦੀ ਪੜ੍ਹਾਈ ਲਈ ਵੀ ਕਰਜ਼ਾ ਚੁੱਕਦੇ ਹਨ ਅਤੇ ਉਸ ਕਰਜ਼ੇ ਨੂੰ ਉਤਾਰਦਿਆਂ ਹੀ ਉਸ ਬੱਚੇ ਦੀ ਉਮਰ 35-40 ਸਾਲ ਹੋ ਜਾਂਦੀ ਹੈ l ਇਸ ਤੋਂ ਬਾਦ ਉਸ ਬੱਚੇ ਨੂੰ ਪਰਿਵਾਰਿਕ ਜ਼ਿੰਮੇਵਾਰੀ ਪੈ ਜਾਂਦੀ ਹੈ ਜੋ 55 ਕੁ ਸਾਲ ਉਮਰ ਤੱਕ ਲੈ ਜਾਂਦੀ ਹੈ l ਇਸ 55 ਸਾਲ ਦੀ ਉਮਰ ਤੱਕ ਜਾਂਦਿਆਂ ਹੀ ਇੱਕ ਦੋ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ 65 ਸਾਲ ਦੀ ਉਮਰ ਵਿੱਚ ਉਹ ਤਕਰੀਬਨ ਆਰਥਿਕ ਪੱਖੋਂ ਖਾਲੀ ਹੱਥੀਂ ਜਾਂ ਬਹੁਤ ਘੱਟ ਆਮਦਨ ਤੇ ਗਰੀਬੀ ਦੀ ਹਾਲਤ ਵਿੱਚ ਰਿਟਾਇਰ ਹੋ ਜਾਂਦਾ ਹੈ l
65 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਤੇ ਵਿਅਕਤੀ ਦੀ ਲੱਖਾਂ ਡਾਲਰ ਮਿਲਣ ਵਾਲੀ ਤਨਖਾਹ ਬੰਦ ਹੋ ਜਾਂਦੀ ਹੈ ਅਤੇ ਕੁੱਝ ਸੌ ਡਾਲਰ ਪੈਨਸ਼ਨ ਹਫ਼ਤੇ ਦੀ ਮਿਲਦੀ ਹੈ ਜਿਸ ਨਾਲ ਗੁਜ਼ਾਰਾ ਵੀ ਮੁਸ਼ਕਲ ਹੁੰਦਾ ਹੈ l
ਗਰੌਸਰੀ ਸਟੋਰਾਂ (ਕਰਿਆਨੇ ਵਾਲੀਆਂ ਦੁਕਾਨਾਂ) ਵਿੱਚ ਅਕਸਰ ਇਨ੍ਹਾਂ ਬਜ਼ੁਰਗਾਂ ਨੂੰ ਇਕੱਲੀ ਇਕੱਲੀ ਚੀਜ਼ ਦੀ ਕੀਮਤ ਦੇਖ ਕੇ ਖਰੀਦਦੇ ਤੁਸੀਂ ਅਕਸਰ ਦੇਖਿਆ ਹੋਵੇਗਾ l
ਇਸੇ ਤਰਾਂ ਹੀ ਅਗਲੀ ਪੀੜ੍ਹੀ ਨਾਲ ਹੁੰਦਾ ਹੈ l ਭਾਵ ਇਹ ਕੰਮ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ l
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਦੁਨੀਆਂ ਤੇ ਲੱਗੀ ਜੰਗ ਨਾਲ ਕੀ ਸੰਬੰਧ ਹੈ?
ਅਸਲ ਵਿੱਚ ਇਨ੍ਹਾਂ ਸਭ ਗੱਲਾਂ ਦਾ ਸਿੱਧਾ ਸੰਬੰਧ ਹੈ l ਉਪਰੋਕਤ ਸਭ ਕੁੱਝ ਦੱਸਣ ਦਾ ਭਾਵ ਹੈ ਕਿ ਆਮ ਪਰਿਵਾਰ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਵੀ ਬਹੁਤ ਮੁਸ਼ਕਲ ਗੁਜ਼ਾਰਾ ਕਰਦਾ ਹੈ l ਬਹੁਤ ਵਾਰ ਉਨ੍ਹਾਂ ਕੋਲ 100 ਜਾਂ 200 ਡਾਲਰ ਹਫ਼ਤੇ ਵਿੱਚ ਘਟ ਜਾਂਦਾ ਹੈ ਅਤੇ ਬਹੁਤ ਵਾਰੀ ਸਰਕਾਰਾਂ ਉਨ੍ਹਾਂ ਨੂੰ 100 ਜਾਂ 200 ਡਾਲਰ ਹਫ਼ਤੇ ਦਾ ਨਹੀਂ ਦੇ ਸਕਦੀਆਂ l ਇਹ ਮੱਦਦ ਨਾ ਦੇ ਸਕਣ ਦੇ ਸਰਕਾਰਾਂ ਕੋਲ ਬਹੁਤ ਬਹਾਨੇ ਹੁੰਦੇ ਹਨ ਜਾਂ ਕਾਰਣ ਹੁੰਦੇ ਹਨ ਪਰ ਦੂਜੇ ਮੁਲਕਾਂ ਨਾਲ ਲੜਾਈਆਂ ਕਰਨ ਵੇਲੇ ਕੋਈ ਬਜ਼ਟ ਬਣਾਇਆ ਹੀ ਨਹੀਂ ਜਾਂਦਾ ਅਤੇ ਹਿਸਾਬ ਵੀ ਨਹੀਂ ਰੱਖਿਆ ਜਾਂਦਾ ਕਿ ਅਸੀਂ ਬਜ਼ਟ ਤੋਂ ਕਿੰਨਾ ਉੱਤੇ ਚਲੇ ਗਏ ਹਾਂ?
ਇਸ ਸਭ ਤੋਂ ਲਗਦਾ ਹੈ ਕਿ ਸਰਕਾਰਾਂ ਕੋਲ ਲੋਕਾਂ ਨੂੰ ਮਾਰਨ ਲਈ ਪੈਸਾ ਹੈ ਪਰ ਜਿਉਂਦੇ ਰੱਖਣ ਲਈ ਨਹੀਂ l
ਇਸ ਤਰਾਂ ਦੀਆਂ ਲੜਾਈਆਂ ਸਦਾ ਲਈ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਇਹੋ ਬਰਬਾਦ ਹੋਣ ਵਾਲਾ ਪੈਸਾ ਚੰਗੇ ਕਾਰਜ਼ਾਂ ਵਿੱਚ ਅਤੇ ਮਨੁੱਖਤਾ ਦੀ ਭਲਾਈ ਤੇ ਲੱਗਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਕੋਲ ਜੋ ਪੈਸਾ ਹੁੰਦਾ ਹੈ ਉਹ ਲੋਕਾਂ ਦਾ ਹੀ ਹੁੰਦਾ ਹੈ ਅਤੇ ਲੋਕਾਂ ਤੇ ਹੀ ਵਰਤਿਆ ਜਾਣਾ ਚਾਹੀਦਾ ਹੈ l ਲੋਕਾਂ ਨੂੰ ਮਰਨ ਮਰਾਉਣ ਤੇ ਨਹੀਂ ਵਰਤਿਆ ਜਾਣਾ ਚਾਹੀਦਾ l
ਨੋਟ :- ਜੇ ਤੁਸੀਂ ਇਸ ਨਾਲ ਸਹਿਮਤ ਹੋ ਤਾਂ ਇਸ ਲੇਖ ਨੂੰ ਹੋਰਾਂ ਤੱਕ ਪਹੁੰਚਾ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147