ਅੱਜ ਦੁਨੀਆਂ ਪੱਧਰ ਤੇ ਕਿਤਾਬ ਦਿਵਸ ਮਨਾਇਆ ਜਾ ਰਿਹਾ ਹੈ l ਇਸ ਦਿਨ ਤੇ ਲਿਖਣਾ ਸ਼ੁਰੂ ਕਰਾਂ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਵੱਡੀ ਲਿਖੀ ਲਿਖਤ ਨੂੰ ਪੜ੍ਹਨ ਦਾ ਸਮਾਂ ਬਹੁਤ ਪਾਠਕਾਂ ਕੋਲ ਨਹੀਂ ਹੁੰਦਾ l ਇਹ ਧਿਆਨ ਵਿੱਚ ਰੱਖਦਿਆਂ ਆਪਣਾ ਕਿਤਾਬਾਂ ਪ੍ਰਤੀ ਤਜਰਬਾ ਛੋਟੇ ਜਿਹੇ ਲੇਖ ਵਿੱਚ ਹੀ ਲਿਖ ਰਿਹਾ ਹਾਂ l
ਮੈਨੂੰ ਕਿਤਾਬਾਂ ਦੀ ਅਹਿਮੀਅਤ ਬਹੁਤ ਛੋਟੀ ਉਮਰ ਵਿੱਚ ਪਤਾ ਲੱਗ ਗਈ ਸੀ l ਜਦੋਂ ਮੈਂ ਪੜ੍ਹਦਾ ਸੀ ਤਾਂ ਪੰਜਾਬ ਵਿੱਚ ਵੱਡੀ ਗਿਣਤੀ ਲੋਕਾਂ ਕੋਲ ਉਸ ਸਮੇਂ ਬਹੁਤ ਜਿਆਦਾ ਪੈਸਾ ਨਹੀਂ ਹੁੰਦਾ ਸੀ l ਖੇਤੀ ਕਰਨ ਵਾਲਿਆਂ ਕੋਲ ਤਾਂ ਹਾੜੀ ਸਾਉਣੀ ਪੈਸੇ ਆਉਂਦੇ ਸਨ l ਕੁੱਝ ਨੌਕਰੀ ਕਰਨ ਵਾਲੇ ਪਰਿਵਾਰਾਂ ਕੋਲ ਮਹੀਨੇ ਬਾਦ ਪੈਸੇ ਆਉਂਦੇ ਸਨ l ਇਸ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਵਾਸਤੇ ਸਕੂਲੀ ਕਿਤਾਬਾਂ ਖਰੀਦਣ ਵਿੱਚ ਵੀ ਤੰਗੀ ਹੁੰਦੀ ਸੀ l
ਕੁੱਝ ਪਰਿਵਾਰ ਇੱਕ ਦੂਜੇ ਤੋਂ ਪੁਰਾਣੀਆਂ ਕਿਤਾਬਾਂ ਖਰੀਦ ਕੇ ਜਾਂ ਉਧਾਰ ਲੈ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ l
ਜਦੋਂ ਮੈਂ ਦਸਵੀਂ ਜਮਾਤ ਪਹਿਲੇ ਦਰਜ਼ੇ ਵਿੱਚ ਪਾਸ ਕੀਤੀ ਤਾਂ ਅਗਲੀ ਪੜ੍ਹਾਈ ਮਹਿੰਗੀ ਹੋਣ ਕਰਕੇ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ l ਜਮਾਤ ਵਿੱਚ ਹੁਸ਼ਿਆਰ ਹੋਣ ਅਤੇ ਪਹਿਲੇ ਦਰਜ਼ੇ ਵਿੱਚ ਦਸਵੀਂ ਪਾਸ ਕਰਨ ਕਰਕੇ ਇੱਕ ਅਧਿਆਪਕ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਸਰਕਾਰ ਤੋਂ ਪੜ੍ਹਾਈ ਲਈ ਮੱਦਦ ਦੁਆ ਦੇਵੇ l ਉਹ ਇਸ ਵਿੱਚ ਕਾਮਯਾਬ ਨਾ ਹੋ ਸਕਿਆ ਅਤੇ ਬਹੁਤ ਮਾਯੂਸ ਹੋਇਆ l
ਇਸ ਤੋਂ ਬਾਦ ਮੈਂ ਕਿਤਾਬਾਂ ਛਾਪਣ ਦਾ ਕੰਮ ਸ਼ੁਰੂ ਕੀਤਾ ਅਤੇ ਫਿਰ ਇਹ ਕੰਮ ਆਪਣਾ ਛਾਪਾਖਾਨਾ ਲਗਾ ਕੇ ਜਾਰੀ ਰੱਖਿਆ ਜਿਸ ਨਾਲ ਮੈਨੂੰ ਕਈ ਕਿਤਾਬਾਂ ਅਤੇ ਮੈਗਜ਼ੀਨਾਂ ਛਾਪਣ ਅਤੇ ਪੜ੍ਹਨ ਦਾ ਮੌਕਾ ਮਿਲਿਆ l
ਦਿਲ ਵਿੱਚ ਇੱਕ ਇੱਛਾ ਜਾਗੀ ਕਿ ਜੇ ਮੈਂ ਕਿਤਾਬਾਂ ਦੀ ਘਾਟ ਕਾਰਨ ਜਿਆਦਾ ਪੜ੍ਹ ਨਹੀਂ ਸਕਿਆ ਤਾਂ ਜਦੋਂ ਮੇਰੇ ਵਿੱਚ ਹਿੰਮਤ ਹੋਵੇਗੀ ਤਾਂ ਇਹ ਘਾਟ ਮੈਂ ਹੋਰ ਬੱਚਿਆਂ ਦੀ ਜਰੂਰ ਪੂਰੀ ਕਰਾਂਗਾ l ਇਹੀ ਕਿਤਾਬਾਂ ਦਾ ਸੁਪਨਾ ਲੈ ਮੇਰੀ ਜਿੰਦਗੀ ਅੱਗੇ ਤੁਰੀ l
ਨਿਊਜ਼ੀਲੈਂਡ ਆਇਆ ਤਾਂ ਇਥੇ ਤਰਕਸ਼ੀਲ ਕਿਤਾਬਾਂ ਮੰਗਵਾ ਕੇ ਤਰਕਸ਼ੀਲ ਲਹਿਰ ਸ਼ੁਰੂ ਕੀਤੀ ਭਾਵੇਂ ਕਿ ਉਸ ਵੇਲੇ ਮੈਂ ਓਵਰਸਟੇ ਸੀ ਅਤੇ ਆਰਥਿਕ ਪੱਖੋਂ ਮੇਰੀ ਸਥਿਤੀ ਡਾਵਾਂਡੋਲ ਸੀ l
ਉਹੀ ਕਿਤਾਬਾਂ ਵੱਡੀ ਗਿਣਤੀ ਵਿੱਚ ਮੰਗਵਾ ਕੇ ਆਪਣੇ ਘਰ ਤੋਂ ਹੀ ਮੈਂ ਪਾਠਕਾਂ ਵਾਸਤੇ ਪੂਰੇ ਨਿਊਜ਼ੀਲੈਂਡ ਲਈ ਮੁਫ਼ਤ ਕਿਤਾਬਾਂ ਪੜ੍ਹਨ ਲਈ ਲਾਇਬਰੇਰੀ ਸ਼ੁਰੂ ਕੀਤੀ ਜਿਸ ਵਾਸਤੇ ਮੁਫ਼ਤ ਫੋਨ ਨੰਬਰ 0800MANAVTA ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵਲੋਂ ਲਿਆ ਗਿਆ l ਇਸ ਨੰਬਰ ਤੇ ਫੋਨ ਕਰਕੇ ਜਿੱਥੇ ਪਾਠਕ ਕਿਤਾਬਾਂ ਲੈ ਕੇ ਪੜ੍ਹਦੇ ਹਨ ਉੱਥੇ ਹੀ ਉਨ੍ਹਾਂ ਨੂੰ ਆਉਂਦੀਆਂ ਰੋਜ਼ਾਨਾ ਮੁਸ਼ਕਲਾਂ ਬਾਰੇ ਵੀ ਸਲਾਹ ਮਸ਼ਵਰਾ ਕਰਦੇ ਹਨ l
ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿੱਚ ਇੱਕ ਹੋਰ ਪੰਜਾਬੀ ਲਾਇਬਰੇਰੀ ਵਾਸਤੇ ਵੀ ਅਹਿਮ ਯੋਗਦਾਨ ਪਾਇਆ ਗਿਆ l
ਇਨ੍ਹਾਂ ਸਾਲਾਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕਾਫੀ ਲਾਇਬਰੇਰੀਆਂ ਅਤੇ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਈਆਂ ਗਈਆਂ l ਕਈ ਸਕੂਲਾਂ ਦੇ ਬੱਚਿਆਂ ਤੱਕ ਮੁਫ਼ਤ ਕਿਤਾਬਾਂ ਪਹੁੰਚਾਈਆਂ ਗਈਆਂ l ਕੁੱਝ ਲੇਖਕ ਜੋ ਆਪਣੀਆਂ ਕਿਤਾਬਾਂ ਪੈਸੇ ਦੀ ਘਾਟ ਕਾਰਨ ਨਹੀਂ ਛਪਵਾ ਸਕਦੇ ਸਨ ਉਨ੍ਹਾਂ ਦੀ ਵੀ ਕਿਤਾਬਾਂ ਛਪਵਾਉਣ ਵਿੱਚ ਮੱਦਦ ਕੀਤੀ ਗਈ l
ਵਿਗਿਆਨਜੋਤ ਮੈਗਜ਼ੀਨ ਵੀ ਜਿਲ੍ਹਾ ਜਲੰਧਰ ਦੇ ਸਾਰੇ ਹਾਇਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਵਾਸਤੇ ਮੇਰੇ ਵਲੋਂ ਲਾਈਫ ਟਾਈਮ ਲਈ ਸਪੌਂਸਰ ਕੀਤੀ ਗਈ ਸੀ l ਕੁਲ ਮਿਲਾ ਕੇ ਲੱਖਾਂ ਪਾਠਕਾਂ ਤੱਕ ਕਿਤਾਬਾਂ ਮੇਰੇ ਵਲੋਂ ਮੁਫ਼ਤ ਪਹੁੰਚਾਈਆਂ ਗਈਆਂ ਜੋ ਮੇਰਾ ਸੁਪਨਾ ਵੀ ਸੀ l ਇਹ ਸਫ਼ਰ ਨਿਰੰਤਰ ਜਾਰੀ ਹੈ l
ਦਸ ਜਮਾਤਾਂ ਪਾਸ ਹੋਣ ਕਰਕੇ ਮੈਨੂੰ ਅੰਗਰੇਜ਼ੀ ਜਿਆਦਾ ਨਹੀਂ ਆਉਂਦੀ ਸੀ l ਸੰਨ 1989 ਵਿੱਚ ਪਿੰਡੋਂ ਤੁਰਨ ਵੇਲੇ ਅੰਗਰੇਜ਼ੀ ਦੀ ਡਿਕਸ਼ਨਰੀ ਅਤੇ ਇੰਗਲਿਸ਼ ਸਪਿਕਿੰਗ ਕੋਰਸ ਨਾਂ ਦੀਆਂ ਕਿਤਾਬਾਂ ਮੈਂ ਨਾਲ ਹੀ ਨਿਊਜ਼ੀਲੈਂਡ ਨੂੰ ਲੈ ਆਇਆ ਸੀ l ਮੈਂ ਅੰਗਰੇਜ਼ੀ ਕਿਤਾਬਾਂ ਵੀ ਪੜ੍ਹਨ ਦੀ ਇੱਛਾ ਰੱਖਦਾ ਸੀ l ਇਸ ਕਰਕੇ ਮੈਂ ਰੋਜ਼ਾਨਾ ਅੰਗਰੇਜ਼ੀ ਦੇ ਦੋ ਦੋ ਸ਼ਬਦਾਂ ਦੇ ਦੋ ਦੋ ਪੰਨੇ ਲਿਖਣੇ ਸ਼ੁਰੂ ਕੀਤੇ ਜਿਨ੍ਹਾਂ ਨਾਲ ਮੇਰੀ ਅੰਗਰੇਜ਼ੀ ਦੀ ਲਿਖਾਈ ਵਧੀਆ ਹੋ ਗਈ, ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਯਾਦ ਹੋ ਗਏ ਅਤੇ ਅੰਗਰੇਜ਼ੀ ਲਿਖਣ ਦੀ ਰਫਤਾਰ ਵੀ ਪੰਜਾਬੀ ਜਿੰਨੀ ਹੀ ਤੇਜ਼ ਹੋ ਗਈ l
ਇਸ ਤਰਾਂ ਮੇਰੇ ਕਿਤਾਬਾਂ ਪੜ੍ਹਨ ਦੇ ਸੁਪਨੇ ਨੇ ਮੈਨੂੰ ਅੰਗਰੇਜ਼ੀ ਦਾ ਮਾਹਰ ਵੀ ਬਣਾ ਦਿੱਤਾ ਜਿਸ ਨਾਲ ਮੈਂ ਬਿਨਾਂ ਕਿਸੇ ਡਿਗਰੀ ਜਾਂ ਸਰਟੀਫਿਕੇਟ ਤੋਂ ਔਕਲੈਂਡ ਦੀ ਇੱਕ ਸਭ ਤੋਂ ਵੱਡੀ ਕੀਵੀਫਰੂਟ ਕੰਪਨੀ ਦਾ ਮੈਨੇਜਰ ਬਣਿਆ ਅਤੇ ਉਸ ਤੋਂ ਬਾਦ ਮੈਂ ਕਈ ਹੋਰ ਵੱਖ ਵੱਖ ਕਾਰੋਬਾਰ ਸ਼ੁਰੂ ਕੀਤੇ l
ਇਹ ਸਭ ਕੁੱਝ ਮੈਨੂੰ ਕਿਤਾਬਾਂ ਪੜ੍ਹਨ ਕਰਕੇ ਹੀ ਮਿਲਿਆ ਸੀ l ਮੈਨੂੰ ਅੱਜ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ l
ਕਿਤਾਬਾਂ ਪੜ੍ਹਨ ਦੇ ਸ਼ੌਂਕ ਨੇ ਮੈਨੂੰ ਦੁਨੀਆਂ ਦੇ ਉੱਚ ਕੋਟੀ ਦੇ ਲੇਖਕਾਂ ਨਾਲ ਮਿਲਾਇਆ ਜਿਨ੍ਹਾਂ ਬਾਰੇ ਮੈਂ ਕਦੇ ਸੁਪਨਾ ਵੀ ਨਹੀਂ ਲਿਆ ਸੀ l
ਕਿਤਾਬਾਂ ਨਾਲ ਜੁੜਨ ਕਰਕੇ ਹੀ ਅਨੇਕਾਂ ਉੱਚ ਕੋਟੀ ਦੇ ਲੇਖਕ ਮੇਰੇ ਘਰ ਮੈਨੂੰ ਮਿਲਣ ਆਏ l
ਅੱਜ ਬਹੁਤ ਹੈਰਾਨ ਹੁੰਦਾ ਹਾਂ ਜਦੋਂ ਨਵੀਂ ਪੀੜ੍ਹੀ ਨੂੰ ਕਹਿੰਦਾ ਸੁਣਦਾ ਹਾਂ ਕਿ ਸਾਡੇ ਕੋਲ ਪੜ੍ਹਨ ਵਾਸਤੇ ਸਮਾਂ ਨਹੀਂ ਹੈ l ਉਹ ਸਿਰਫ ਹਫ਼ਤੇ ਵਿੱਚ 40 ਘੰਟੇ ਕੰਮ ਕਰਕੇ ਹੀ ਆਪਣੇ ਆਪ ਨੂੰ ਬਹੁਤ ਵਿਅਸਥ ਦੱਸਦੇ ਹਨ ਜਦਕਿ ਮੈਂ ਹਫ਼ਤੇ ਵਿੱਚ 120 ਘੰਟੇ ਤੋਂ 140 ਘੰਟੇ ਕੰਮ ਕਰਦਾ ਹੁੰਦਾ ਸੀ ਅਤੇ ਫਿਰ ਵੀ ਕਦੇ ਨਹੀਂ ਆਖਿਆ ਸੀ ਕਿ ਮੇਰੇ ਕੋਲ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੈ l
ਕਿਤਾਬਾਂ ਪੜ੍ਹਨ ਵਾਲੇ ਲੋਕ ਇੱਕੋ ਜਿੰਦਗੀ ਵਿੱਚ ਕਈ ਜਿੰਦਗੀਆਂ ਜੀਅ ਲੈਂਦੇ ਹਨ l ਉਨ੍ਹਾਂ ਨੂੰ ਜਿੱਥੇ ਆਪਣੀ ਜਿੰਦਗੀ ਦਾ ਤਜਰਬਾ ਹੁੰਦਾ ਹੈ ਉੱਥੇ ਹੀ ਉਹ ਕਿਤਾਬਾਂ ਜਰੀਏ ਕਈ ਹੋਰਾਂ ਦੀ ਜਿੰਦਗੀ ਦਾ ਤਜਰਬਾ ਹਾਸਲ ਕਰ ਲੈਂਦੇ ਹਨ l
ਕਿਤਾਬਾਂ ਜਰੀਏ ਹੀ ਮੈਂ ਵੱਖ ਵੱਖ ਕਾਰੋਬਾਰਾਂ ਵਿੱਚ ਸਫਲਤਾ ਹਾਸਲ ਕੀਤੀ ਸੀ l
ਅੱਜ ਦੁਨੀਆਂ ਤੇ ਮਨਾਏ ਜਾ ਰਹੇ ਕਿਤਾਬ ਦਿਵਸ ਤੇ ਸਾਨੂੰ ਆਪੋ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਅਤੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਅਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕਿੰਨੀਆਂ ਤੇ ਅਮਲ ਕੀਤਾ, ਕਿੰਨਾ ਸਿੱਖਿਆ ਅਤੇ ਕਿੰਨਾ ਦੂਜਿਆਂ ਨੂੰ ਸਿਖਾਇਆ? ਇਹ ਵੀ ਵਿਚਾਰਨ ਦੀ ਲੋੜ ਹੈ ਕਿ ਅਸੀਂ ਦੂਜਿਆਂ ਤੱਕ ਕਿੰਨੀਆਂ ਕਿਤਾਬਾਂ ਪਹੁੰਚਾਈਆਂ?
ਜੇ ਅਸੀਂ ਆਪਣਾ ਕਿਤਾਬਾਂ ਪ੍ਰਤੀ ਯੋਗਦਾਨ ਨਹੀਂ ਪਾਉਂਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਸਵਾਲ ਕਰਨਗੀਆਂ ਪਰ ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਜਵਾਬ ਨਹੀਂ ਹੋਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147