-ਆਪਣੇ ਤਜਰਬੇ ਤੇ ਅਧਾਰਤ
ਕਰਜ਼ਾ ਕਈ ਲੋਕਾਂ ਦੀ ਜਿੰਦਗੀ ਵਿੱਚ ਖੁਸ਼ੀਆਂ ਲੈ ਆਉਂਦਾ ਹੈ ਅਤੇ ਕਈ ਲੋਕਾਂ ਦੀ ਜਿੰਦਗੀ ਵਿੱਚ ਗਮੀਆਂ l
ਇਸ ਤਰਾਂ ਕਿਉਂ ਹੁੰਦਾ ਹੈ? ਕਰਜ਼ਾ ਤਾਂ ਅਕਸਰ ਕਰਜ਼ਾ ਹੀ ਹੁੰਦਾ ਹੈ l ਫਿਰ ਇਹ ਕੁੱਝ ਲੋਕਾਂ ਨੂੰ ਐਸ਼ ਕਿਉਂ ਕਰਾਉਂਦਾ ਹੈ ਅਤੇ ਕੁੱਝ ਦੀ ਨੀਂਦ ਕਿਉਂ ਖਰਾਬ ਕਰ ਦਿੰਦਾ ਹੈ?
ਅਸਲ ਵਿੱਚ ਜਿਹੜਾ ਕਰਜ਼ਾ ਲੈਣ ਨਾਲ ਕੁੱਝ ਕਮਾਈ ਜੇਬ ਵਿੱਚ ਪੈਂਦੀ ਹੈ ਉਸ ਕਰਜ਼ੇ ਨਾਲ ਕਰਜ਼ਾ ਲੈਣ ਵਾਲੇ ਐਸ਼ ਕਰਦੇ ਹਨ ਅਤੇ ਜਿਹੜਾ ਕਰਜ਼ਾ ਤੁਹਾਡੀ ਜੇਬ ਵਿੱਚੋਂ ਕੁੱਝ ਕੱਢਦਾ ਹੈ ਉਸ ਕਰਜ਼ੇ ਨਾਲ ਨੀਂਦ ਨਹੀਂ ਆਉਂਦੀ ਕਿਉਂਕਿ ਹਮੇਸ਼ਾਂ ਕਰਜ਼ੇ ਦੀ ਕਿਸ਼ਤ ਦਾ ਫਿਕਰ ਲੱਗਾ ਰਹਿੰਦਾ ਹੈ l
ਉਦਾਹਰਣ ਦੇ ਤੌਰ ਤੇ ਜੇ ਤੁਸੀਂ ਕੋਈ ਕਰਜ਼ਾ ਆਪਣੇ ਕਾਰੋਬਾਰ ਲਈ ਲੈਂਦੇ ਹੋ ਅਤੇ ਹਰ ਰੋਜ਼ ਕਾਰੋਬਾਰ ਤੋਂ ਕਮਾਈ ਹੁੰਦੀ ਹੈ ਜਿਸ ਨਾਲ ਤੁਹਾਡੀ ਜੇਬ ਭਰਦੀ ਹੈ ਤਾਂ ਉਹ ਕਰਜ਼ਾ ਵਧੀਆ ਹੈ ਪਰ ਜੇ ਤੁਸੀਂ ਕਰਜ਼ਾ ਆਪਣੀ ਵੱਡੀ ਗੱਡੀ ਖਰੀਦਣ ਲਈ ਲਿਆ ਜੋ ਕਮਾਈ ਵੀ ਨਹੀਂ ਕਰਦੀ ਸਗੋਂ ਉਸ ਵਿੱਚ ਤੇਲ ਵੀ ਪੁਆਉਣਾ ਪੈਂਦਾ ਹੈ, ਮੁਰੰਮਤ ਵੀ ਕਰਾਉਣੀ ਪੈਂਦੀ ਹੈ ਅਤੇ ਉਸ ਦੀ ਹਰ ਸਾਲ ਕੀਮਤ ਵੀ ਘਟਦੀ ਹੈ ਤਾਂ ਇਸ ਹਾਲਤ ਵਿੱਚ ਤੁਸੀਂ ਕਰਜ਼ੇ ਦੀ ਕਿਸ਼ਤ ਆਪਣੀ ਜੇਬ ਵਿੱਚੋਂ ਭਰਦੇ ਹੋ l ਭਾਵ ਇਹ ਕਰਜ਼ਾ ਤੁਹਾਡੀ ਜੇਬ ਵਿੱਚੋਂ ਹਰ ਰੋਜ਼ ਪੈਸੇ ਕੱਢਦਾ ਹੈ ਜਿਸ ਨਾਲ ਤੁਸੀਂ ਦਿਨੋਂ ਦਿਨ ਗਰੀਬ ਹੁੰਦੇ ਜਾਂਦੇ ਹੋ l ਕਿਸ਼ਤਾਂ ਟੁੱਟਣ ਦੀ ਸੂਰਤ ਵਿੱਚ ਗੱਡੀ ਵੀ ਵਿਕ ਜਾਂਦੀ ਹੈ l ਇਹੋ ਜਿਹਾ ਕਰਜ਼ਾ ਤੁਹਾਡੀ ਨੀਂਦ ਖਰਾਬ ਕਰ ਦਿੰਦਾ ਹੈ, ਤੁਸੀਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ l ਇਸ ਹਾਲਤ ਵਿੱਚ ਜੇ ਤੁਹਾਡੀ ਨੌਕਰੀ ਹੱਥੋਂ ਚਲੀ ਜਾਵੇ ਤਾਂ ਕਾਰ ਵੀ ਹੱਥੋਂ ਚਲੀ ਜਾਂਦੀ ਹੈ l ਇਸ ਤਰਾਂ ਦੀ ਹਾਲਤ ਜਦੋਂ ਗੰਭੀਰ ਹੋ ਜਾਂਦੀ ਹੈ ਤਾਂ ਲੋਕਾਂ ਦੇ ਘਰ ਵਿੱਚ ਲੜਾਈ ਵਧਦੀ ਹੈ ਅਤੇ ਗੱਲ ਤਲਾਕ ਜਾਂ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦੀ ਹੈ l
ਇਸ ਕਰਕੇ ਕਰਜ਼ਾ ਲੈਣ ਤੋਂ ਪਹਿਲਾਂ ਸਾਨੂੰ ਕਰਜ਼ੇ ਦੀ ਸਮਝ ਹੋਣੀ ਜਰੂਰੀ ਹੈ l ਕਰਜ਼ਾ ਆਮਦਨ ਵਧਾਉਣ ਲਈ ਲੈਣਾ ਚਾਹੀਦਾ ਹੈ ਖਰਚਾ ਵਧਾਉਣ ਲਈ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147