-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਵਿਕਣ ਵਾਲੇ ਘਰਾਂ ਦੀ ਮਾਰਕੀਟ ਸਪਲਾਈ ਅਤੇ ਡਿਮਾਂਡ ਤੇ ਨਿਰਭਰ ਕਰਦੀ ਹੈ l ਜਦੋਂ ਘਰ ਘੱਟ ਵਿਕਦੇ ਹਨ ਤਾਂ ਇਸ ਦਾ ਭਾਵ ਇਹੀ ਹੈ ਕਿ ਖਰੀਦਦਾਰ ਘੱਟ ਹਨ ਜਾਂ ਖਰੀਦਦਾਰਾਂ ਨੂੰ ਕਰਜ਼ਾ ਨਹੀਂ ਮਿਲਦਾ ਜਾਂ ਖਰੀਦਣ ਵਾਲਿਆਂ ਨਾਲੋਂ ਵੇਚਣ ਵਾਲੇ ਘਰ ਵਧ ਗਏ ਹਨ l
ਉਪਰੋਕਤ ਕਾਰਨਾਂ ਤੋਂ ਇਲਾਵਾ ਖਰੀਦਦਾਰ ਉਸ ਵੇਲੇ ਵੀ ਘਟਦੇ ਹਨ ਜਦੋਂ ਬੈਂਕਾਂ ਦੇ ਵਿਆਜ਼ ਵਧ ਜਾਣ, ਬੈਂਕਾਂ ਦੀਆਂ ਕਰਜ਼ਾ ਦੇਣ ਸਬੰਧੀ ਨੀਤੀਆਂ ਵਿੱਚ ਬਦਲਾਅ ਹੋ ਜਾਵੇ ਜਾਂ ਉਸ ਸ਼ਹਿਰ ਜਾਂ ਮੁਲਕ ਦੀ ਅਬਾਦੀ ਘਟ ਜਾਵੇ ਜਾਂ ਲੋਕ ਘਰਾਂ ਨੂੰ ਆਮਦਨ ਦੇ ਹਿਸਾਬ ਨਾਲ ਖਰੀਦਣ ਦੇ ਯੋਗ ਨਾ ਰਹਿਣ l
ਮੁਲਕ ਦੀਆਂ ਇਮੀਗ੍ਰੇਸ਼ਨ ਨੀਤੀਆਂ ਵੀ ਘਰਾਂ ਦੀ ਮਾਰਕੀਟ ਤੇ ਅਸਰ ਪਾਉਂਦੀਆਂ ਹਨ l ਕਰੋਨਾ ਕਾਲ ਦੌਰਾਨ ਲੱਗੇ ਲੌਕ ਡੌਨ ਅਸਰ ਪਾਉਂਦੇ ਹਨ ਜਿਨਾਂ ਕਾਰਨ ਘਰਾਂ ਦੀ ਬਣਾਈ ਵਿੱਚ ਲੱਗਣ ਵਾਲੇ ਸਮਾਨ ਬਹੁਤ ਜਿਆਦਾ ਮਹਿੰਗੇ ਹੋ ਗਏ ਸਨ ਜੋ ਅਜੇ ਵੀ ਜਾਰੀ ਹਨ l ਇਨ੍ਹਾਂ ਕਾਰਨਾਂ ਵਿੱਚੋਂ ਕੁੱਝ ਕੁ ਆਪਣੇ ਆਪ ਵਾਪਰਦੇ ਹਨ ਪਰ ਵੱਡੀ ਗਿਣਤੀ ਹਲਾਤ ਸਮੇਂ ਦੀਆਂ ਸਰਕਾਰਾਂ ਅਤੇ ਸਰਮਾਏਦਾਰਾਂ ਵਲੋਂ ਜਾਣ ਬੁੱਝ ਕੇ ਪੈਦਾ ਕੀਤੇ ਜਾਂਦੇ ਹਨ ਤਾਂ ਕਿ ਮੱਧ ਵਰਗ ਦਾ ਪੈਸਾ ਘੱਟ ਜਾਂ ਖਤਮ ਕੀਤਾ ਜਾ ਸਕੇ l
ਨਿਊਜ਼ੀਲੈਂਡ ਵਿੱਚ ਸੰਨ 2021 ਦੇ ਅਖੀਰ ਤੱਕ ਘਰਾਂ ਦੀ ਮਾਰਕੀਟ ਬਹੁਤ ਉੱਤੇ ਸੀ l ਸੰਨ 2020 ਤੋਂ 2021 ਤੱਕ ਘਰਾਂ ਦੀ ਕੀਮਤ ਵਿੱਚ ਬਹੁਤ ਜਿਆਦਾ ਵਾਧਾ ਹੋਇਆ l ਬਹੁਤ ਸਾਰੇ ਨਵੇਂ ਇਨਵੈਸਟਰ ਅਤੇ ਘਰ ਖਰੀਦਣ ਵਾਲਿਆਂ ਨੂੰ ਲੱਗਿਆ ਕਿ ਵਾਧਾ ਇਸੇ ਤਰਾਂ ਹੀ ਜਾਰੀ ਰਹਿਣਾ ਹੈ l ਕਈਆਂ ਨੂੰ ਇਸ ਤਰਾਂ ਲੱਗਣ ਲੱਗਾ ਕਿ ਦੁਬਾਰਾ ਘਰ ਮਿਲਣੇ ਹੀ ਨਹੀਂ l
ਅਖਬਾਰਾਂ ਅਤੇ ਟੀ ਵੀ ਚੈਨਲਾਂ ਨੇ ਵੀ ਇਸ ਵਾਧੇ ਦਾ ਬਹੁਤ ਪ੍ਰਚਾਰ ਕੀਤਾ l ਘਰ ਵੇਚਣ ਦੇ ਕਿੱਤੇ ਨਾਲ ਜੁੜੇ ਲੋਕਾਂ ਨੇ ਵੀ ਇਹੀ ਪ੍ਰਚਾਰ ਕੀਤਾ ਕਿ ਘਰ ਹੁਣ ਹੁਣ ਲੈ ਲਵੋ ਨਹੀਂ ਤਾਂ ਹੋਰ ਮਹਿੰਗੇ ਹੋ ਜਾਣੇ ਹਨ l ਨਵੇਂ ਬਣੇ ਇਨਵੈਸਟਰ ਅਤੇ ਪਹਿਲਾ ਘਰ ਖਰੀਦਣ ਵਾਲੇ ਇਸ ਨੂੰ ਸੱਚ ਸਮਝ ਕੇ ਬਹੁਤ ਘਰ ਮਹਿੰਗੇ ਭਾਅ ਤੇ ਖਰੀਦ ਬੈਠੇ l ਉਸ ਵੇਲੇ ਘਰਾਂ ਦੇ ਕਰਜ਼ੇ ਤੇ ਬੈਂਕਾਂ ਦਾ ਵਿਆਜ਼ ਵੀ ਘੱਟ ਸੀ l ਹੁਣ ਬੈਂਕ ਦਾ ਵਿਆਜ਼ ਤਕਰੀਬਨ ਤਿੰਨ ਗੁਣਾਂ ਹੋ ਗਿਆ ਹੈ ਅਤੇ ਵੱਡੀ ਗਿਣਤੀ ਨੂੰ ਕਿਸ਼ਤਾਂ ਦੇਣ ਵਿੱਚ ਮੁਸ਼ਕਲ ਆ ਰਹੀ ਹੈ l
ਜਿਹੜੇ ਲੋਕ ਕਿਸ਼ਤਾਂ ਨਹੀਂ ਦੇ ਪਾ ਰਹੇ ਉਹ ਹੁਣ ਘਰ ਵੇਚਣਾ ਚਾਹੁੰਦੇ ਹਨ ਪਰ ਕੀਮਤ ਉਹ 2021 ਨਾਲੋਂ ਵੀ ਵੱਧ ਮੰਗ ਰਹੇ ਹਨ ਜਦਕਿ 2022 ਵਿੱਚ ਘਰਾਂ ਦੀਆਂ ਕੀਮਤਾਂ ਕਾਫੀ ਥੱਲੇ ਆਈਆਂ ਹਨ l ਜਿਹੜੇ ਘਰ ਵੇਚਣ ਵਾਲੇ ਕਹਿੰਦੇ ਸਨ ਕਿ ਦੁਬਾਰਾ ਘਰ ਮਿਲਣੇ ਹੀ ਨਹੀਂ ਉਨ੍ਹਾਂ ਵਿੱਚੋਂ ਕਈ ਤਾਂ ਫੋਨ ਵੀ ਨਹੀਂ ਚੁੱਕਦੇ l
ਘਰ ਵੇਚਣਾ ਕਦੇ ਵੀ ਮੁਸ਼ਕਲ ਨਹੀਂ ਹੁੰਦਾ l ਸਿਰਫ ਸਚਾਈ ਕਬੂਲਣ ਨੂੰ ਸਮਾਂ ਲਗਦਾ ਹੈ l ਅਜੇ ਘਰਾਂ ਦੇ ਮਾਲਕ ਇਹ ਸਚਾਈ ਕਬੂਲਣ ਨੂੰ ਤਿਆਰ ਨਹੀਂ ਕਿ ਕੀਮਤ ਥੱਲੇ ਆ ਗਈ ਹੈ l ਘਰ ਕਿਸੇ ਵੀ ਮਾਰਕੀਟ ਵਿੱਚ ਵੇਚਿਆ ਜਾ ਸਕਦਾ ਹੈ l
ਕੁੱਝ ਲੋਕ ਜਿਨ੍ਹਾਂ ਸਚਾਈ ਕਬੂਲ ਲਈ ਹੈ ਜਾਂ ਜਿਨ੍ਹਾਂ ਕੋਲ ਘਰ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਉਹ ਗੌਰਮਿੰਟ ਵੈਲਿਊਏਸ਼ਨ ਤੋਂ 30% ਤੋਂ 40% ਥੱਲੇ ਵੀ ਘਰ ਵੇਚ ਰਹੇ ਹਨ l
ਅੱਜ (2022) ਵਿੱਚ ਜਦੋਂ ਮਾਰਕੀਟ ਥੱਲੇ ਆ ਗਈ ਹੈ ਅਤੇ ਖਰੀਦਦਾਰ ਘੱਟ ਹਨ ਤਾਂ ਉਸ ਦਾ ਭਾਵ ਹੈ ਕਿ ਘਰ ਵੇਚਣ ਦੀ ਕੀਮਤ ਰੱਖਣ (ਸੈੱਟ ਕਰਨ) ਤੋਂ ਪਹਿਲਾਂ ਆਲੇ ਦੁਆਲੇ ਵਿਕੇ ਘਰਾਂ ਦੀ ਕੀਮਤ ਦੇਖ ਲਵੋ ਅਤੇ ਉਸ ਹਿਸਾਬ ਨਾਲ ਆਪਣੇ ਘਰ ਦੀ ਕੀਮਤ ਰੱਖੋ l ਉਸ ਨਾਲ ਤੁਸੀਂ ਦੂਜੇ ਵਿਕਣ ਵਾਲੇ ਘਰਾਂ ਦੀ ਬਰਾਬਰੀ ਤੇ ਆ ਜਾਓਗੇ l
ਇਸ ਤੋਂ ਵੀ ਉੱਪਰ ਜੇ ਤੁਸੀਂ ਆਪਣਾ ਘਰ ਦੂਜਿਆਂ ਨਾਲੋਂ ਪਹਿਲਾਂ ਵੇਚਣਾ ਹੈ ਤਾਂ ਤੁਹਾਡਾ ਘਰ ਦੂਜਿਆਂ ਦੇ ਮੁਕਾਬਲੇ ਵਧੀਆ ਹੋਣਾ ਚਾਹੀਦਾ ਹੈ ਜਾਂ ਘੱਟ ਕੀਮਤ ਤੇ ਹੋਣਾ ਚਾਹੀਦਾ ਹੈ l ਤੁਹਾਡੇ ਘਰ ਦੇ ਖਰੀਦਦਾਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਘਰ ਕਿੰਨੇ ਦਾ ਖਰੀਦਿਆ?
ਇਹ ਸਮਝ ਲਵੋ ਕਿ ਜੇ ਤੁਹਾਡਾ ਘਰ ਨਹੀਂ ਵਿਕ ਰਿਹਾ ਤਾਂ ਤੁਸੀਂ ਘਰ ਦੀ ਕੀਮਤ ਵੱਧ ਮੰਗ ਰਹੇ ਹੋ l ਜੇ ਤੁਸੀਂ ਘਰ ਵੱਧ ਕੀਮਤ ਤੇ ਖਰੀਦਿਆ ਤਾਂ ਇਹ ਗਲਤੀ ਤੁਹਾਡੀ ਹੈ ਨਾ ਕਿ ਨਵੇਂ ਖਰੀਦਦਾਰ ਦੀ l ਫਿਰ ਨਵਾਂ ਖਰੀਦਦਾਰ ਤੁਹਾਡੀ ਗਲਤੀ ਦੀ ਸਜ਼ਾ ਕਿਉਂ ਭੁਗਤੇਗਾ?
ਨੋਟ :- ਘਰਾਂ ਦੇ ਖੇਤਰ ਵਿੱਚ ਵੇਚਣ ਜਾਂ ਖਰੀਦਣ ਵੇਲੇ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147