– ਆਪਣਾ ਤਜਰਬਾ ਅਤੇ ਜ਼ਮੀਨੀ ਹਕੀਕਤ
ਪਰਦੇਸ ਵਿੱਚ ਜਾ ਕੇ ਆਪਣਾ ਘਰ ਖਰੀਦਣਾ ਹਰ ਪ੍ਰਵਾਸੀ ਦਾ ਸੁਪਨਾ ਹੁੰਦਾ ਹੈ l ਲੰਬੇ ਸਮੇਂ ਤੋਂ ਭਾਰਤੀਆਂ ਵੀ ਨਿਊਜ਼ੀਲੈਂਡ ਵੱਲ ਮੂੰਹ ਕੀਤੇ l ਪੱਕੇ ਹੋਣ ਤੋਂ ਬਾਦ ਘਰ ਖਰੀਦਣਾ ਵੀ ਉਨ੍ਹਾਂ ਦਾ ਸੁਪਨਾ ਸੀ ਜੋ ਕਾਫੀ ਗਿਣਤੀ ਨੇ ਪਿਛਲੇ ਕੁੱਝ ਸਾਲਾਂ ਵਿੱਚ ਪੂਰਾ ਕੀਤਾ l ਕਈਆਂ ਛੋਟੇ ਘਰ ਵੇਚ ਕੇ ਵੱਡੇ ਘਰ ਖਰੀਦੇ ਭਾਵ ਛੋਟੇ ਕਰਜ਼ੇ ਛੱਡ ਕੇ ਵੱਡੇ ਕਰਜ਼ੇ ਚੁੱਕੇ l
ਪਰਦੇਸੀਆਂ ਦੇ ਘਰ ਖਰੀਦਣ ਦੇ ਸੁਪਨੇ ਦੇ ਨਾਲ ਨਾਲ ਨਿਊਜ਼ੀਲੈਂਡ ਵਾਸੀਆਂ ਦਾ ਵੀ ਇਹ ਹੀ ਸੁਪਨਾ ਹੁੰਦਾ ਹੈ ਕਿ ਪਹਿਲਾਂ ਇੱਕ ਘਰ ਖਰੀਦੋ ਅਤੇ ਫਿਰ ਇੱਕ ਘਰ ਇਨਵੈਸਟਮੈਂਟ ਵਾਸਤੇ ਖਰੀਦੋ l ਇਨਵੈਸਟਮੈਂਟ ਵਾਸਤੇ ਖਰੀਦਿਆ ਹੋਇਆ ਘਰ ਪੈਨਸ਼ਨ ਵੇਲੇ ਉਨ੍ਹਾਂ ਨੂੰ ਕੁੱਝ ਆਮਦਨ ਕਿਰਾਏ ਦੇ ਤੌਰ ਤੇ ਦਿੰਦਾ ਹੈ ਜਿਸ ਨਾਲ ਉਨ੍ਹਾਂ ਦਾ ਬੁਢਾਪਾ ਇਕੱਲੀ ਸਰਕਾਰੀ ਪੈਨਸ਼ਨ ਤੇ ਨਿਰਭਰ ਨਹੀਂ ਕਰਦਾ l
ਨਿਊਜ਼ੀਲੈਂਡ ਦਾ ਪਿਛਲੇ ਕਈ ਦਹਾਕਿਆਂ ਦਾ ਜੇ ਇਤਿਹਾਸ ਦੇਖੀਏ ਤਾਂ ਘਰਾਂ ਦੀ ਕੀਮਤ ਤਕਰੀਬਨ ਹਰ ਦਸ ਸਾਲ ਬਾਦ ਦੁੱਗਣੀ ਹੁੰਦੀ ਰਹੀ ਹੈ l ਇਸ ਦੌਰਾਨ ਆਰਥਿਕ ਮੰਦੀਆਂ ਦੇ ਦੌਰ ਵੀ ਆਏ, ਗਲੋਬਲ ਫਾਈਨੈਂਸ਼ਲ ਕਰਾਇਸਿਸ (Global Financial Crisis) ਵੀ 2008 ਵਿੱਚ ਆਇਆ ਅਤੇ ਸਰਕਾਰਾਂ ਵੀ ਬਦਲੀਆਂ ਪਰ ਘਰਾਂ ਦੀਆਂ ਕੀਮਤਾਂ ਆਪਣੀ ਰਫਤਾਰ ਨਾਲ ਵਧਦੀਆਂ ਗਈਆਂ l ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਦੁਨੀਆਂ ਦੀ ਆਰਥਿਕ ਮੰਦੀ ਤੋਂ ਬਾਦ ਵੀ ਘਰਾਂ ਦੀਆਂ ਕੀਮਤਾਂ ਪਹਿਲਾਂ ਵਰਗੀ ਤੇਜ਼ੀ ਨਾਲ ਹੀ ਵਧੀਆਂ ਸਨ l ਇਹ ਮੰਦੀ ਵੱਡੇ ਸ਼ਹਿਰਾਂ ਵਿੱਚ ਪਹਿਲਾਂ ਖਤਮ ਹੋਈ ਅਤੇ ਛੋਟੇ ਸ਼ਹਿਰਾਂ ਵਿੱਚ ਬਾਦ ਵਿੱਚ ਖਤਮ ਹੋਈ l ਇਸੇ ਤਰਾਂ ਘਰਾਂ ਦੀਆਂ ਕੀਮਤਾਂ ਵੀ ਪਹਿਲਾਂ ਵੱਡੇ ਸ਼ਹਿਰਾਂ ਵਿੱਚ ਵਧਦੀਆਂ ਹਨ ਅਤੇ ਫਿਰ ਛੋਟੇ ਸ਼ਹਿਰਾਂ ਵਿੱਚ l ਇਹ ਤਕਰੀਬਨ ਹਰ ਵਾਰ ਹੁੰਦਾ ਹੈ l
ਇਸ ਦਾ ਭਾਵ ਇਹ ਨਹੀਂ ਕਿ ਘਰਾਂ ਦੀਆਂ ਕੀਮਤਾਂ ਹਰ ਸਾਲ ਇੱਕੋ ਜਿਹੀਆਂ ਵਧਦੀਆਂ ਹਨ ਪਰ ਉਨ੍ਹਾਂ ਦੇ ਔਸਤਨ ਦੁਗਣੇ ਹੋਣ ਦਾ ਸਮਾਂ ਤਕਰੀਬਨ ਦਸ ਸਾਲ ਦੇ ਲਾਗੇ ਹੀ ਰਹਿੰਦਾ ਹੈ l
ਪਿਛਲੇ ਥੋੜ੍ਹੇ ਸਾਲਾਂ ਵਿੱਚ ਹੀ ਘਰ ਦੁੱਗਣੀ ਕੀਮਤ ਦੇ ਹੋ ਗਏ ਤਾਂ ਇਸ ਦਾ ਭਾਵ ਹੈ ਕਿ ਹੋ ਸਕਦਾ ਹੈ ਕਿ ਅਗਲੇ ਦੁਗਣੇ ਹੋਣ ਵਾਲੇ ਸਮੇਂ (property cycle) ਨੂੰ ਦਸ ਸਾਲ ਤੋਂ ਵੱਧ ਸਮਾਂ ਲੱਗੇ l ਜੇ ਇਸ ਤਰਾਂ ਹੁੰਦੀ ਹੈ ਤਾਂ ਔਸਤਨ ਸਮਾਂ ਫਿਰ ਦਸ ਸਾਲ ਹੀ ਰਹਿਣ ਦੀ ਆਸ ਹੈ l ਹਾਲਾਂਕਿ ਭਵਿੱਖਬਾਣੀ ਹਮੇਸ਼ਾਂ ਸੱਚ ਨਹੀਂ ਹੁੰਦੀ ਅਤੇ ਨਾ ਹੀ ਮੈਂ ਭਵਿੱਖਬਾਣੀ ਕਰ ਰਿਹਾ ਹਾਂ l ਇਹ ਸਭ ਕੁੱਝ ਨਿਊਜ਼ੀਲੈਂਡ ਦੇ ਇਤਿਹਾਸ ਤੋਂ ਦਿਖਾਈ ਦਿੰਦਾ ਹੈ l
ਇਸ ਤਰਾਂ ਕੀਮਤਾਂ ਦੇ ਵਧਣ ਨਾਲ ਕੁੱਝ ਲੋਕ ਇਸ ਮਾਰਕੀਟ ਵਿੱਚ ਫਾਇਦਾ ਉਠਾਉਂਦੇ ਹਨ ਅਤੇ ਕੁੱਝ ਲੋਕ ਘਾਟਾ ਖਾਂਦੇ ਹਨ l ਕਾਰਣ ਇਹ ਹੈ ਕਿ ਘਾਟਾ ਖਾਣ ਵਾਲੇ ਮਾਰਕੀਟ ਦੀ ਪੂਰੀ ਜਾਣਕਾਰੀ ਨਹੀਂ ਰੱਖਦੇ l ਕਈ ਜਾਣਕਾਰੀ ਰੱਖਣ ਦੇ ਬਾਵਯੂਦ ਘਾਟਾ ਖਾਂਦੇ ਹਨ l
ਇਸ ਖੇਤਰ ਵਿੱਚ ਵੱਖ ਵੱਖ ਸਲਾਹਕਾਰ ਹਨ l ਕੁੱਝ ਸਲਾਹਕਾਰ ਹਨ ਜੋ ਘਰ ਵੇਚਦੇ ਹਨ ਅਤੇ ਉਨ੍ਹਾਂ ਨੂੰ ਆਮਦਨ ਘਰਾਂ ਨੂੰ ਵੇਚਣ ਤੋਂ ਹੁੰਦੀ ਹੈ, ਕੁੱਝ ਸਲਾਹਕਾਰ ਹਨ ਜੋ ਕਰਜ਼ਾ ਲੈਣ ਲਈ ਮੱਦਦ ਕਰਦੇ ਹਨ l ਉਨ੍ਹਾਂ ਨੂੰ ਇਸ ਵਿੱਚੋਂ ਆਮਦਨ ਹੁੰਦੀ ਹੈ, ਕੁੱਝ ਸਲਾਹਕਾਰ ਹਨ ਜਿਨਾਂ ਦਾ ਕਿੱਤਾ ਹੀ ਸਲਾਹ ਦੇਣੀ ਹੈ, ਕੁੱਝ ਸਲਾਹਕਾਰ ਹਨ ਜੋ ਪੈਸਾ ਲੈ ਕੇ ਇਹ ਕੰਮ ਸਿਖਾਉਂਦੇ ਹਨ ਅਤੇ ਕੁੱਝ ਸਲਾਹਕਾਰ ਹਨ ਜਿਨਾਂ ਇਹ ਘਰ ਖਰੀਦਣ ਦਾ ਕੰਮ ਹੀ ਨਹੀਂ ਕੀਤਾ ਅਤੇ ਉਹ ਸਿਰਫ ਦੂਜਿਆਂ ਨੂੰ ਹੀ ਸਲਾਹ ਦਿੰਦੇ ਹਨ l ਜਿਹੜਾ ਕੰਮ ਆਪ ਨਾ ਕੀਤਾ ਹੋਵੇ ਉਸ ਦੀ ਜਾਣਕਾਰੀ ਹੋਰਨਾਂ ਨੂੰ ਦੇਣੀ ਕਾਫੀ ਹੈਰਾਨੀਜਨਕ ਲਗਦੀ ਹੈ l
ਸਿਰਫ ਦੂਜਿਆਂ ਨੂੰ ਹੀ ਸਲਾਹ ਦੇਣ ਵਾਲੇ ਨਾ ਮਾਰਕੀਟ ਉੱਪਰ ਜਾਣ ਵੇਲੇ ਖੁਸ਼ ਹੁੰਦੇ ਹਨ ਅਤੇ ਨਾ ਮਾਰਕੀਟ ਥੱਲੇ ਜਾਣ ਵੇਲੇ ਖੁਸ਼ ਹੁੰਦੇ ਹਨ l ਉਸ ਤੋਂ ਆਮ ਆਦਮੀ ਨੂੰ ਇਹ ਪਤਾ ਨਹੀਂ ਲਗਦਾ ਕਿ ਇਸ ਤਰਾਂ ਦੀ ਸਲਾਹ ਨਾਲ ਮੈਂ ਘਰ ਵੇਚ ਦੇਵਾਂ ਜਾਂ ਹੋਰ ਖਰੀਦ ਲਵਾਂ? ਉਨ੍ਹਾਂ ਖੁਦ ਵੀ ਦੋਨਾਂ ਮਾਰਕੀਟਾਂ ਵਿੱਚੋਂ ਕੋਈ ਫਾਇਦਾ ਨਹੀਂ ਖੱਟਿਆ ਹੁੰਦਾ l
ਕਈ ਵਾਰ ਇਸ ਤਰਾਂ ਦੀ ਰਲਵੀਂ ਸਲਾਹ ਲੈ ਕੇ ਪ੍ਰੇਸ਼ਾਨ ਹੋਏ ਲੋਕ ਮੈਨੂੰ ਪੁੱਛਦੇ ਹਨ ਕਿ ਕਿਸ ਦੀ ਸੁਣੀਏ? ਮੈਂ ਜਿੰਦਗੀ ਵਿੱਚ ਕਿਸੇ ਦੀ ਘਰਾਂ ਦੇ ਕੰਮ ਵਿੱਚ ਸਲਾਹ ਨਹੀਂ ਲਈ, ਕਿਸੇ ਇਕੱਨੋਮਿਸਟ (Economist) ਦੀ ਨਹੀਂ ਸੁਣੀ ਅਤੇ ਕਿਸੇ ਮੀਡੀਆ ਜਾਂ ਅਖ਼ਬਾਰ ਦੀ ਨਹੀਂ ਸੁਣੀ l ਉਸ ਦਾ ਕਾਰਣ ਹੈ ਕਿ ਉਨ੍ਹਾਂ ਦੀਆਂ ਭਵਿੱਖਬਾਣੀਆਂ ਵੀ ਗਲਤ ਹੋ ਜਾਂਦੀਆਂ ਹਨ l ਜਦੋਂ ਮੈਨੂੰ ਪੁੱਛਦੇ ਹਨ ਤਾਂ ਮੈਂ ਕਨੂੰਨ ਦੇ ਤੌਰ ਤੇ ਸਲਾਹ ਨਹੀਂ ਦੇ ਸਕਦਾ l ਭਾਵੇਂ ਮੈਂ ਪਿਛਲੇ 22 ਕੁ ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਪਰ ਮੈਂ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜਰ ਨਹੀਂ ਹਾਂ l ਇਸ ਕਰਕੇ ਸਲਾਹ ਦੇਣ ਦੀ ਇਜਾਜਤ ਹੀ ਨਹੀਂ l ਮੈਂ ਤਜਰਬੇ ਦੇ ਤੌਰ ਤੇ ਦੱਸ ਦਿੰਦਾ ਹਾਂ ਕਿ ਤੁਸੀਂ ਜਿਸ ਵਰਗੇ ਬਣਨਾ ਚਾਹੁੰਦੇ ਹੋ ਉਸ ਦੀ ਮੰਨ ਲਵੋ l
ਇਸ ਵਕਤ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਥੱਲੇ ਜਾ ਰਹੀ ਹੈ l ਭਾਵੇਂ ਕਿ ਅਜੇ ਆਰਥਿਕ ਮੰਦੀ ਮੰਨੀ ਨਹੀਂ ਜਾ ਰਹੀ ਪਰ ਮੇਰੇ ਹਿਸਾਬ ਨਾਲ ਆਰਥਿਕ ਮੰਦੀ ਸ਼ੁਰੂ ਹੋ ਚੁੱਕੀ ਹੈ l ਇਸ ਦੀਆਂ ਨਿਸ਼ਾਨੀਆਂ ਹਨ ਕਿ ਲੋਕ ਖਾਣ ਪੀਣ ਦਾ ਸਮਾਨ ਮਹਿੰਗਾ ਹੋਣ ਕਰਕੇ ਖਰੀਦ ਨਹੀਂ ਸਕਦੇ, ਘਰਾਂ ਦੇ ਵਿਆਜ ਵਧਣ ਕਾਰਣ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋਈਆਂ ਹਨ, ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ, ਟੈਕਸ ਵਧੇ ਹਨ ਅਤੇ ਘਰਾਂ ਦੇ ਕਿਰਾਏ ਵਧੇ ਹਨ l
ਇਸ ਦੇ ਨਾਲ ਨਾਲ ਵਿਦੇਸ਼ਾਂ ਤੋਂ ਨਿਊਜ਼ੀਲੈਂਡ ਪਹੁੰਚਣ ਵਾਲਿਆਂ ਨਾਲੋਂ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ l ਤਕਰੀਬਨ ਪਿਛਲੇ ਚਾਰ ਪੰਜ ਮਹੀਨਿਆਂ ਵਿੱਚ ਨਿਊਜ਼ੀਲੈਂਡ ਆਉਣ ਵਾਲਿਆਂ ਨਾਲੋਂ 40,000 ਤੋਂ ਵੱਧ ਲੋਕ ਨਿਊਜ਼ੀਲੈਂਡ ਛੱਡ ਕੇ ਗਏ ਹਨ l ਕਾਮਿਆਂ ਦੀ ਘਾਟ ਕਾਰਣ ਬਿਜਨਸ ਬੰਦ ਹੋ ਰਹੇ ਹਨ l ਜੇਕਰ ਇੱਕ ਘਰ ਵਿੱਚ 3 ਵਿਅਕਤੀ ਰਹਿੰਦੇ ਹੋਣ ਤਾਂ 40,000 ਲੋਕਾਂ ਦੇ ਨਿਊਜ਼ੀਲੈਂਡ ਛੱਡ ਕੇ ਜਾਣ ਨਾਲ 13,000 ਤੋਂ ਵੱਧ ਘਰ ਖਾਲੀ ਹੋ ਗਏ ਹਨ ਜਿਨਾਂ ਨਾਲ ਮਾਰਕੀਟ ਵਿੱਚ ਘਰਾਂ ਦੀ ਵੱਧ ਸਪਲਾਈ ਹੋਣ ਨਾਲ ਕਿਰਾਏ ਵਾਲੇ ਘਰ ਖਾਲੀ ਪਏ ਹਨ l ਵਿਦੇਸ਼ਾਂ ਵਿੱਚੋਂ ਲੋਕਾਂ ਦੇ ਘੱਟ ਆਉਣ ਨਾਲ ਵੀ ਘਰ ਖਾਲੀ ਪਏ ਹਨ l ਇਸ ਤੋਂ ਇਲਾਵਾ ਜਿਹੜੇ ਲੋਕਾਂ ਛੋਟਾ ਘਰ ਵੇਚ ਕੇ ਵੱਡਾ ਘਰ ਖਰੀਦਿਆ ਹੈ ਉਨ੍ਹਾਂ ਨੇ ਛੋਟਾ ਘਰ ਵੇਚਣਾ ਸੀ ਪਰ ਉਹ ਪੂਰੀ ਕੀਮਤ ਤੇ ਵਿਕ ਨਹੀਂ ਰਿਹਾ ਕਿਉਂਕਿ ਬੈਂਕਾਂ ਨੇ ਕਰਜ਼ਾ ਦੇਣ ਦੇ ਨਿਯਮ ਸਖਤ ਕੀਤੇ ਹੋਏ ਹਨ l ਉਹ ਘਰ ਨਾ ਵਿਕਣ ਨਾਲ ਕਿਰਾਏ ਤੇ ਆ ਗਏ ਹਨ ਜਿਨਾਂ ਨਾਲ ਮਾਰਕੀਟ ਵਿੱਚ ਕਿਰਾਏ ਵਾਲੇ ਘਰਾਂ ਦੀ ਸਪਲਾਈ ਹੋਰ ਵਧੀ ਹੈ ਅਤੇ ਕਾਫੀ ਘਰ ਖਾਲੀ ਪਏ ਹੋਏ ਹਨ l ਵਿਦੇਸ਼ਾਂ ਤੋਂ ਪੜ੍ਹਨ ਵਾਸਤੇ ਵਿਦਿਆਰਥੀ ਨਾ ਆਉਣ ਕਾਰਣ ਸ਼ਹਿਰ ਵਿੱਚ ਬਹੁਤ ਸਾਰੀਆਂ ਅਪਾਰਟਮੈਂਟਾਂ (ਰਿਹਾਇਸ਼ੀ ਬਿਲਡਿੰਗਾਂ) ਖਾਲੀ ਪਈਆਂ ਹੋਈਆਂ ਹਨ l
ਪਿਛਲੇ ਸਾਲ ਨਵੰਬਰ ਵਿੱਚ ਘਰਾਂ ਦੀ ਕੀਮਤ ਬਹੁਤ ਉੱਪਰ (Peak) ਸੀ ਅਤੇ ਬਾਦ ਵਿੱਚ ਘਟਣੀ ਸ਼ੁਰੂ ਹੋ ਗਈ ਜੋ ਅਜੇ ਵੀ ਘਟਣੀ ਜਾਰੀ ਹੈ l ਜਿਹੜੇ ਲੋਕਾਂ ਨੇ ਘਰ ਪਿਛਲੇ ਸਾਲ ਸਤੰਬਰ ਤੋਂ ਅਕਤੂਬਰ (2021) ਵਿੱਚ 10% ਜਾਂ ਘੱਟ ਡਿਪੋਜਿਟ ਦੇ ਕੇ ਖਰੀਦੇ ਸਨ ਉਹ ਹੁਣ ਨੈਗੇਟਿਵ ਇਕੁਊਟੀ (Negative Equity) ਵਿੱਚ ਚਲੇ ਗਏ ਹਨ ਭਾਵ ਓਨੇ ਦਾ ਘਰ ਨਹੀਂ ਰਿਹਾ ਜਿੰਨਾ ਉਨ੍ਹਾਂ ਸਿਰ ਕਰਜ਼ਾ ਹੈ l ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਮਿਹਨਤ ਨਾਲ ਕਮਾਇਆ ਪੈਸਾ ਜੋ ਡਿਪੋਜਿਟ ਦੇ ਤੌਰ ਤੇ ਵਰਤਿਆ ਸੀ ਉਹ ਖਤਮ ਹੋ ਗਿਆ ਹੈ l
ਇਸ ਸਭ ਦੇ ਬਾਵਯੂਦ ਜੇ ਤੁਹਾਨੂੰ ਆਰਥਿਕ ਮੰਦੀ ਦੌਰਾਨ ਘਰ ਨਹੀਂ ਵੇਚਣਾ ਪੈਂਦਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ l ਇਸ ਕਰਕੇ ਸੋਚ ਸਮਝ ਕੇ ਫੈਸਲਾ ਕਰਨ ਦੀ ਲੋੜ ਹੈ l ਕਾਹਲੀ ਨਾਲ ਕੀਤੇ ਹੋਏ ਫੈਸਲੇ ਸਾਰੀ ਉਮਰ ਦੀ ਕਮਾਈ ਰੋੜ੍ਹ ਦਿੰਦੇ ਹਨ l
ਨੋਟ :- ਇਹ ਲੇਖ ਸਿਰਫ ਆਪਣੇ ਤਜਰਬੇ ਤੇ ਅਧਾਰਤ ਹੈ l ਕਿਸੇ ਵੀ ਬਿਜਨਸ ਜਾਂ ਘਰਾਂ ਦੇ ਖੇਤਰ ਦੀ ਸਲਾਹ ਲਈ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਈਜਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147