ਮੁਸੀਬਤਾਂ ਹਰ ਇਨਸਾਨ ਤੇ ਆਉਂਦੀਆਂ ਹਨ ਪਰ ਸਾਨੂੰ ਆਪਣੀਆਂ ਮੁਸੀਬਤਾਂ ਹੀ ਵੱਧ ਨਜ਼ਰ ਆਉਂਦੀਆਂ ਹਨ ਕਿਉਂਕਿ ਅਸੀਂ ਆਪਣੇ ਆਪ ਦੇ ਬਹੁਤ ਲਾਗੇ ਹੁੰਦੇ ਹਾਂ l
ਜਦੋਂ ਸਾਡੇ ਤੇ ਮੁਸੀਬਤਾਂ ਦਾ ਹੜ੍ਹ ਆ ਜਾਂਦਾ ਹੈ ਤਾਂ ਸਾਨੂੰ ਦੂਜੇ ਲੋਕ ਸਾਡੇ ਨਾਲੋਂ ਵੱਧ ਸੁਖੀ ਲਗਦੇ ਹਨ ਕਿਉਂਕਿ ਉਹ ਵੱਧ ਖੁਸ਼ ਦਿਖਾਈ ਦਿੰਦੇ ਹਨ l
ਅਸਲ ਵਿੱਚ ਖੁਸ਼ ਰਹਿਣ ਵਾਲਿਆਂ ਨੂੰ ਵੀ ਮੁਸੀਬਤਾਂ ਹੁੰਦੀਆਂ ਹਨ ਪਰ ਉਹ ਖੁਸ਼ ਇਸ ਕਰਕੇ ਦਿਖਾਈ ਦਿੰਦੇ ਹਨ ਕਿਉਂਕਿ ਉਨ੍ਹਾਂ ਨੇ ਮੁਸੀਬਤਾਂ ਨਾਲ ਰਹਿਣਾ ਸਿੱਖ ਲਿਆ ਹੁੰਦਾ ਹੈ ਭਾਵ ਉਹ ਮੁਸੀਬਤਾਂ ਨੂੰ ਜਿੰਦਗੀ ਦਾ ਇੱਕ ਹਿੱਸਾ ਸਮਝ ਕੇ ਅਪਣਾ ਲੈਂਦੇ ਹਨ l ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਕਹਿੰਦੇ ਹਨ ਕਿ ਫਲਾਣਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਕਿ ਮੁਸੀਬਤਾਂ ਵਿੱਚ ਵੀ ਪ੍ਰਵਾਹ ਨਹੀਂ ਕਰਦਾ ?
ਜਦੋਂ ਕਿਸੇ ਇਨਸਾਨ ਦੇ ਰਾਹ ਵਿੱਚ ਮੁਸੀਬਤਾਂ ਆਉਂਦੀਆਂ ਹਨ ਜਾਂ ਕੋਈ ਵੱਡੀ ਮੁਸੀਬਤ ਆਉਂਦੀ ਹੈ ਤਾਂ ਉਸ ਕੋਲ ਦੋ ਰਾਹ ਹੁੰਦੇ ਹਨ l
ਪਹਿਲਾ ਰਾਹ ਕਿ ਮੁਸੀਬਤ ਦੇਖ ਕੇ ਭੱਜ ਜਾਓ l ਇਸ ਰਾਹ ਨੂੰ ਅਪਣਾਉਣ ਵਾਲੇ ਨੂੰ ਜਦੋਂ ਵੀ ਮੁਸੀਬਤ ਆਵੇਗੀ ਤਾਂ ਉਹ ਭੱਜੇਗਾ ਪਰ ਉਸ ਨੂੰ ਮੁਸੀਬਤਾਂ ਰਹਿਤ ਰਾਹ ਕਦੇ ਵੀ ਨਹੀਂ ਮਿਲੇਗਾ l ਜੇ ਮੁਸੀਬਤਾਂ ਰਹਿਤ ਰਾਹ ਮਿਲ ਵੀ ਜਾਵੇ ਤਾਂ ਦੂਜੇ ਉਸ ਲਈ ਮੁਸੀਬਤਾਂ ਖੜ੍ਹੀਆਂ ਕਰ ਦੇਣਗੇ ਕਿਉਂਕਿ ਦੂਜੇ ਜਾਣਦੇ ਹਨ ਕਿ ਇਹ ਇਨਸਾਨ ਮੁਸੀਬਤਾਂ ਤੋਂ ਡਰਦਾ ਹੈ l ਇਥੇ ਯਾਦ ਰੱਖਣਾ ਚਾਹੀਦਾ ਹੈ ਕਿ ਅੱਜਕਲ੍ਹ ਦੁਨੀਆਂ ਦੁਖਦੇ ਥਾਂ ਹੀ ਹੱਥ ਲਗਾਉਂਦੀ ਹੈ l
ਦੂਜਾ ਰਾਹ ਹੁੰਦਾ ਹੈ ਕਿ ਮੁਸੀਬਤਾਂ ਨਾਲ ਟੱਕਰ ਲੈਣੀ l ਜਦੋਂ ਮੁਸੀਬਤਾਂ ਨਾਲ ਤੁਸੀਂ ਟੱਕਰ ਲੈਣੀ ਸਿੱਖ ਜਾਂਦੇ ਹੋ ਤਾਂ ਮੁਸੀਬਤਾਂ ਆਪਣਾ ਰਾਹ ਬਦਲ ਲੈਂਦੀਆਂ ਹਨ l
ਹਰ ਕੰਮ ਨੂੰ ਕਰਨ ਦੇ ਵੱਖਰੇ ਤਰੀਕੇ ਹੁੰਦੇ ਹਨ ਪਰ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਅਜਮਾਉਂਦੇ ਨਹੀਂ ਤਾਂ ਸਾਨੂੰ ਪਤਾ ਨਹੀਂ ਲਗਦਾ ਕਿ ਕਿਹੜੇ ਤਰੀਕੇ ਨੇ ਕੰਮ ਕਰਨਾ ਹੈ? ਜਦੋਂ ਸਾਨੂੰ ਉਸ ਕੰਮ ਨੂੰ ਕਰਨ ਦੇ ਤਰੀਕੇ ਦਾ ਪਤਾ ਲੱਗ ਜਾਂਦਾ ਹੈ ਤਾਂ ਸਾਨੂੰ ਉਹ ਕੰਮ ਬਹੁਤ ਅਸਾਨ ਲਗਦਾ ਹੈ l
ਉਦਾਹਰਣ ਦੇ ਤੌਰ ਤੇ ਜਦੋਂ ਤੱਕ ਕੋਈ ਮਾਊਂਟ ਐਵਰੇਸਟ ਤੇ ਨਹੀਂ ਚੜ੍ਹਿਆ ਸੀ ਤਾਂ ਇਹ ਕੰਮ ਬਹੁਤ ਮੁਸ਼ਕਲ ਲਗਦਾ ਸੀ ਕਿਉਂਕਿ ਇਹ ਮੁਸੀਬਤਾਂ ਜਾਂ ਔਕੜਾਂ ਨਾਲ ਭਰਿਆ ਹੋਇਆ ਰਾਹ ਸੀ l ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਮਾਊਂਟ ਐਵਰੇਸਟ ਤੇ ਚੜ੍ਹ ਨਹੀਂ ਸਕੇ l
ਨਿਊਜ਼ੀਲੈਂਡ ਦੇ ਸਰ ਐਡਮੰਡ ਹਿਲੇਰੀ ਨੇ ਇਨ੍ਹਾਂ ਮੁਸੀਬਤਾਂ ਦਾ ਟਾਕਰਾ ਕੀਤਾ ਅਤੇ 29 ਮਈ 1953 ਨੂੰ ਮਾਊਂਟ ਐਵਰੇਸਟ ਤੇ ਚੜ੍ਹ ਗਿਆ l ਇਸ ਦਾ ਕਾਰਣ ਸੀ ਕਿ ਉਸ ਨੇ ਮੁਸੀਬਤਾਂ ਦਾ ਟਾਕਰਾ ਕਰਨ ਦਾ ਫੈਸਲਾ ਕੀਤਾ ਸੀ l ਸਰ ਹਿਲੇਰੀ ਦਾ ਪੁਰਾਣਾ ਘਰ ਮੇਰੇ ਘਰ ਤੋਂ 10 ਕੁ ਮਿੰਟ ਦੀ ਦੂਰੀ ਤੇ ਹੀ ਹੁੰਦਾ ਸੀ l ਸਰ ਹਿਲੇਰੀ ਦੇ ਮਾਊਂਟ ਐਵਰੇਸਟ ਚੜ੍ਹਨ ਤੋਂ ਬਾਦ ਕਈ ਹੋਰਾਂ ਨੇ ਵੀ ਇਹ ਕੰਮ ਕੀਤਾ l ਜੇਕਰ ਸਰ ਹਿਲੇਰੀ ਇਹ ਹਿੰਮਤ ਨਾ ਕਰਦਾ ਤਾਂ ਸ਼ਾਇਦ ਬਾਕੀ ਵੀ ਮੁਸੀਬਤਾਂ ਦੇਖ ਕੇ ਭੱਜ ਜਾਂਦੇ l ਸਰ ਹਿਲੇਰੀ ਦੇ ਨਾਲ ਸ਼ੇਰਪਾ ਮਾਊਂਟੇਨਰ ਵੀ ਉਸੇ ਦਿਨ ਮਾਊਂਟ ਐਵਰੇਸਟ ਤੇ ਚੜ੍ਹਿਆ ਸੀ l
ਮੈਂ ਖੁਦ ਨਿਊਜ਼ੀਲੈਂਡ ਰਹਿੰਦਿਆਂ ਸਰਕਾਰਾਂ ਦੀ ਕਠੋਰਤਾ ਕਾਰਣ ਕਈ ਵਾਰ ਬੇਘਰ/ਹੋਮਲੈੱਸ (Homeless) ਹੋਇਆ ਸੀ l ਕਈ ਵਾਰ ਮੈਨੂੰ ਆਪਣੇ ਘਰ ਦਾ ਸਮਾਨ ਸਰਕਾਰਾਂ ਦੀ ਕਠੋਰਤਾ ਕਾਰਣ ਸੁੱਟਣਾ ਪਿਆ ਸੀ l ਕਈ ਵਾਰ ਮੈਨੂੰ ਇਮੀਗ੍ਰੇਸ਼ਨ ਦੀ ਵਜ੍ਹਾ ਕਰਕੇ ਨੌਕਰੀਆਂ ਛੱਡਣੀਆਂ ਪਈਆਂ ਸਨ l ਕਈ ਵਾਰ ਮੈਨੂੰ ਕਾਰਾਂ ਅਤੇ ਤੰਬੂਆਂ ਵਿੱਚ ਸੌਣਾ ਪਿਆ ਸੀ l ਕਈ ਵਾਰ ਮੈਨੂੰ ਸੜਕਾਂ ਦੇ ਕੰਢੇ ਬਣੇ ਰੈਸਟ ਏਰੀਆ (Rest Area) ਵਿੱਚ ਸੌਣਾ ਪਿਆ ਸੀ ਜਿੱਥੇ ਝਾੜ੍ਹੀਆਂ ਵਿੱਚ ਪੈਦਾ ਹੋਇਆ ਮੱਛਰ ਵੱਢ ਵੱਢ ਖਾਂਦਾ ਸੀ l ਸਰਕਾਰ ਅਤੇ ਇਮੀਗ੍ਰੇਸ਼ਨ ਦੀ ਕਰੋਪੀ ਕਾਰਣ ਮੇਰਾ ਪਰਿਵਾਰ ਦੋ ਮੁਲਕਾਂ ਵਿੱਚ ਵੰਡਿਆ ਗਿਆ ਸੀ l ਇਸ ਸਭ ਦੇ ਬਾਵਯੂਦ ਮੈਂ ਮੁਸ਼ਕਲਾਂ ਅਤੇ ਸਰਕਾਰ ਅੱਗੇ ਹੱਥ ਖੜ੍ਹੇ ਨਹੀਂ ਕੀਤੇ ਸਨ ਕਿਉਂਕਿ ਮੈਂ ਸਰਕਾਰ (ਇਮੀਗ੍ਰੇਸ਼ਨ) ਅਤੇ ਮੁਸ਼ਕਲਾਂ ਨੂੰ ਹਰਾਉਣ ਦਾ ਫੈਸਲਾ ਕੀਤਾ ਹੋਇਆ ਸੀ l ਅਖੀਰ ਮੇਰੇ 11 ਸਾਲ ਦੇ ਸੰਘਰਸ਼ ਅੱਗੇ ਨਿਊਜ਼ੀਲੈਂਡ ਸਰਕਾਰ (ਇਮੀਗ੍ਰੇਸ਼ਨ) ਝੁੱਕ ਗਈ ਸੀ ਅਤੇ ਮੈਨੂੰ ਡਿਪੋਰਟ ਕਰਨ ਤੋਂ 4 ਮਹੀਨੇ ਬਾਦ ਹੀ ਨਿਊਜ਼ੀਲੈਂਡ ਵਾਪਿਸ ਬੁਲਾ ਕੇ ਪੱਕਾ ਕੀਤਾ ਸੀ ਭਾਵੇਂ ਕਿ ਸਰਕਾਰ ਨੇ ਮੇਰੇ ਤੇ 5 ਸਾਲ ਦਾ ਮੁਲਕ ਵਿੱਚ ਵਾਪਸ ਆਉਣ ਦਾ ਬੈਨ/Ban (ਪਬੰਦੀ) ਲਗਾਇਆ ਹੋਇਆ ਸੀ l ਮੈਂ ਨਿਊਜ਼ੀਲੈਂਡ ਵਿੱਚ ਪਹਿਲਾ ਵਿਅਕਤੀ ਬਣ ਗਿਆ ਸੀ ਜੋ ਡਿਪੋਰਟ ਹੋਣ ਤੋਂ ਬਾਦ 4 ਮਹੀਨੇ ਵਿੱਚ ਵਾਪਿਸ ਨਿਊਜ਼ੀਲੈਂਡ ਆਇਆ ਹੋਵੇ l ਮੇਰੇ ਤੋਂ ਬਾਦ ਵੀ 4 ਮਹੀਨੇ ਵਿੱਚ ਡਿਪੋਰਟ ਹੋਣ ਤੋਂ ਬਾਦ ਕੋਈ ਵਾਪਸ ਨਹੀਂ ਆਇਆ l
ਮੈਂ ਇਸ ਵਾਸਤੇ ਕੋਈ ਪ੍ਰਾਰਥਨਾ ਨਹੀਂ ਕੀਤੀ ਸੀ l ਕਿਸੇ ਰੱਬ ਅੱਗੇ ਕੋਈ ਸੁੱਖਣਾ ਨਹੀਂ ਸੁੱਖੀ ਸੀ l ਕਿਸਮਤ ਨੂੰ ਨਹੀਂ ਕੋਸਿਆ ਸੀ l ਸਿਰਫ ਮਜ਼ਬੂਰੀਆਂ, ਤੰਗੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ l ਮੁਸੀਬਤਾਂ ਦਾ ਸਾਹਮਣਾ ਕਰਨ ਨਾਲ ਮੇਰੇ ਰਾਹ ਪੱਧਰੇ ਹੋ ਗਏ ਸਨ l
ਅੱਜ ਵੀ ਕਈ ਓਵਰਸਟੇ ਅਤੇ ਔਫਸ਼ੋਰ ਸਟੱਕ ਮਾਇਗਰੈਂਟ ਔਖੇ ਹਲਾਤਾਂ ਵਿੱਚ ਹਨ l ਉਨ੍ਹਾਂ ਨੂੰ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ l ਹਨੇਰੇ ਪਿੱਛੋਂ ਹਮੇਸ਼ਾਂ ਸੂਰਜ ਚੜ੍ਹਨ ਦੀ ਆਸ ਹੁੰਦੀ ਹੈ ਪਰ ਚਾਨਣ ਉਹੀ ਦੇਖ ਸਕਦੇ ਹਨ ਜਿਹੜੇ ਹਨੇਰਿਆਂ ਵਿੱਚੋਂ ਦੀ ਹੌਂਸਲੇ ਨਾਲ ਨਿੱਕਲ ਜਾਣ l
ਇਸ ਕਰਕੇ ਮੁਸੀਬਤਾਂ ਦੇ ਸਮੇਂ ਉਨ੍ਹਾਂ ਦਾ ਟਾਕਰਾ ਹੀ ਕਰਨਾ ਚਾਹੀਦਾ ਹੈ l ਇਸ ਨਾਲ ਇਨਸਾਨ ਮਜ਼ਬੂਤ ਹੋ ਜਾਂਦਾ ਹੈ ਅਤੇ ਮੁਸੀਬਤਾਂ ਵਿੱਚ ਵੀ ਮੁਸਕਰਾਉਣਾ ਸਿੱਖ ਜਾਂਦਾ ਹੈ l ਰਸਤੇ ਵਿੱਚ ਪਏ ਪੱਥਰਾਂ ਵਿੱਚ ਚੱਲਣ ਵਾਲੇ ਲੋਕ ਪੱਥਰਾਂ ਤੇ ਵੀ ਅਰਾਮ ਨਾਲ ਚੱਲਣਾ ਸਿੱਖ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147