ਅੱਜ ਤੋਂ 4 ਸਾਲ ਪਹਿਲਾਂ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਸਸਤੇ (affordable) ਘਰ ਲੋੜਵੰਦਾਂ ਲਈ ਬਣਾਉਣ ਲਈ ਪਾਲਿਸੀ ਬਣਾਈ ਸੀ ਜਿਨ੍ਹਾਂ ਨੂੰ ਕੀਵੀ ਬਿਲਡ ਦਾ ਨਾਮ ਦਿੱਤਾ ਗਿਆ ਸੀ l
ਇਸ ਪਾਲਿਸੀ ਤਹਿਤ ਸਰਕਾਰ ਨੇ ਇੱਕ ਲੱਖ ਘਰ ਦਸ ਸਾਲਾਂ ਵਿੱਚ ਬਣਾਉਣੇ ਸਨ l
ਅੱਜ ਇਸ ਪਾਲਿਸੀ ਦੀ ਚੌਥੀ ਵਰ੍ਹੇਗੰਢ ਹੈ l ਸਰਕਾਰ ਨੇ ਹੁਣ ਤੱਕ ਸਿਰਫ 1366 ਘਰ ਇਸ ਪਾਲਿਸੀ ਤਹਿਤ ਬਣਾਏ ਹਨ l ਮੇਰੇ ਅੰਦਾਜੇ ਅਨੁਸਾਰ ਜੇ ਇਹੀ ਰਫਤਾਰ ਰਹੀ ਤਾਂ ਦਸਾਂ ਸਾਲਾਂ ਵਿੱਚ ਪੰਜ ਜਾਂ ਛੇ ਹਜ਼ਾਰ ਘਰ ਹੀ ਬਣਨਗੇ l
ਇਸੇ ਸਮੇਂ ਦੌਰਾਨ ਬੇਘਰ ਲੋਕਾਂ ਦੀ ਗਿਣਤੀ ਕਈ ਹਜ਼ਾਰ ਵਧੀ ਹੈ ਜਿਸ ਨੂੰ ਸਰਕਾਰ ਬਹੁਤ ਪੈਸਾ ਖਰਚ ਕੇ ਮੋਟਲਾਂ ਵਿੱਚ ਰੱਖ ਰਹੀ ਹੈ ਜੋ ਮੁਲਕ ਲਈ ਬਹੁਤ ਮਹਿੰਗਾ ਪੈ ਰਿਹਾ ਹੈ ਕਿਉਂਕਿ ਸਰਕਾਰ ਦਾ ਪੈਸਾ ਲੋਕਾਂ ਦਾ ਤਾਰਿਆ ਹੋਇਆ ਟੈਕਸ ਹੀ ਹੁੰਦਾ ਹੈ ਅਤੇ ਚੁੱਕਿਆ ਹੋਇਆ ਕਰਜ਼ਾ ਵੀ ਲੋਕਾਂ ਸਿਰ ਹੀ ਪੈਂਦਾ ਹੈ l
ਸਰਕਾਰ ਦੇ ਆਪਣੇ ਮਹਿਕਮੇ ਕਿਆਂਗਾ ਔਰਾ ਵਿੱਚ 26,000 ਲੋਕਾਂ ਦੀ ਉਡੀਕ ਸੂਚੀ ਹੈ ਜਿਨ੍ਹਾਂ ਨੂੰ ਕਿਰਾਏ ਤੇ ਘਰ ਚਾਹੀਦੇ ਹਨ l ਇਹ ਸੂਚੀ ਵੀ ਲਗਾਤਾਰ ਵਧੀ ਹੈ ਅਤੇ ਹੋਰ ਵੀ ਵਧਣ ਦੀ ਆਸ ਹੈ ਕਿਉਂਕਿ ਸਰਕਾਰ ਦੀਆਂ ਇਨਵੈਸਟਰਾਂ ਖਿਲਾਫ ਨੀਤੀਆਂ ਕਾਰਣ ਬਹੁਤ ਸਾਰੇ ਇਨਵੈਸਟਰ ਕਿਰਾਏ ਉੱਪਰ ਘਰ ਦੇਣ ਦੇ ਬਿਜਨੇਸ ਵਿੱਚੋਂ ਬਾਹਰ ਹੋ ਜਾਣਗੇ ਅਤੇ ਉਨ੍ਹਾਂ ਲੋਕਾਂ ਨੂੰ ਵੀ ਘਰ ਸਰਕਾਰ ਨੂੰ ਹੀ ਦੇਣੇ ਪੈਣਗੇ l ਜਿਹੜੀ ਸਰਕਾਰ 4 ਸਾਲਾਂ ਵਿੱਚ 1366 ਘਰ ਬਣਾਵੇ ਉਹ ਸਾਰੇ ਲੋਕਾਂ ਨੂੰ ਘਰ ਕਿਵੇਂ ਦੇ ਸਕੇਗੀ? ਇਹ ਅੰਦਾਜ਼ਾ ਆਮ ਵਿਅਕਤੀ ਚੰਗੀ ਤਰਾਂ ਲਗਾ ਸਕਦਾ ਹੈ l
ਸਰਕਾਰ ਦੀਆਂ ਇਨ੍ਹਾਂ ਪਾਲਸੀਆਂ ਕਾਰਣ ਘਰਾਂ ਦੇ ਕਿਰਾਏ ਲਗਾਤਾਰ ਬਹੁਤ ਜਿਆਦਾ ਵਧੇ ਹਨ ਜਿਸ ਨਾਲ ਆਮ ਲੋਕਾਂ ਵਾਸਤੇ ਘਰ ਖਰੀਦਣ ਲਈ ਡਿਪੋਜਿਟ ਇਕੱਠਾ ਕਰਨਾ ਮੁਸ਼ਕਲ ਹੋ ਗਿਆ ਹੈ l
ਵੋਟਾਂ ਤੋਂ ਪਹਿਲਾਂ ਇਸ ਲੇਬਰ ਸਰਕਾਰ ਨੇ ਕੋਈ ਵੀ ਨਵਾਂ ਟੈਕਸ ਨਾ ਲਗਾਉਣ ਦਾ ਵਾਅਦਾ ਕੀਤਾ ਸੀ ਪਰ ਜਿੱਤਣ ਤੋਂ ਬਾਦ ਕਈ ਨਵੇਂ ਟੈਕਸ ਲਗਾਏ l ਟੈਕਸ ਲਗਾਉਣ ਨਾਲ ਕਦੇ ਕੋਈ ਚੀਜ਼ ਸਸਤੀ ਨਹੀਂ ਹੁੰਦੀ ਸਗੋਂ ਮਹਿੰਗੀ ਹੁੰਦੀ ਹੈ l
ਸਿਹਤ ਸੈਕਟਰ ਵਿੱਚ ਵੀ ਮੰਦਾ ਹਾਲ ਹੈ l ਕਰੋਨਾ ਦੀਆਂ ਪਬੰਦੀਆਂ ਕਾਰਣ ਹਸਪਤਾਲਾਂ ਵਿੱਚ ਹੋਰ ਬਿਮਾਰੀਆਂ ਦੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੇ ਇਲਾਜ ਦੀ ਉਡੀਕ ਸੂਚੀ ਹੋਰ ਲੰਬੀ ਹੋਈ ਹੈ ਜਿਸ ਕਾਰਣ ਕਈ ਮੌਤਾਂ ਵੀ ਹੋਈਆਂ ਹਨ l
ਇਸ ਸਮੇਂ ਬਾਕੀ ਦੁਨੀਆਂ ਦੇ ਨਾਲ ਨਿਊਜ਼ੀਲੈਂਡ ਵੀ ਆਰਥਿਕ ਮੰਦੀ ਵਿੱਚੋਂ ਗੁਜਰ ਰਿਹਾ ਹੈ l ਮਹਿੰਗਾਈ ਦਰ ਬਹੁਤ ਜਿਆਦਾ ਵਧੀ ਹੈ l
ਕਈ ਲੋਕਾਂ ਕੋਲੋਂ ਤਾਂ ਆਪਣਾ ਬਿਜਲੀ ਦਾ ਬਿੱਲ ਵੀ ਨਹੀਂ ਦੇ ਹੋ ਰਿਹਾ ਹੈ ਅਤੇ ਕਈਆਂ ਕੋਲ ਆਪਣੀਆਂ ਕਾਰਾਂ ਵਿੱਚ ਪੈਟਰੋਲ ਪਵਾਉਣ ਲਈ ਪੈਸੇ ਨਹੀਂ ਹਨ l
ਇਸੇ ਸਰਕਾਰ ਦੇ ਰਾਜ ਵਿੱਚ ਗੈਂਗ ਮੈਂਬਰਾਂ ਦੀ ਗਿਣਤੀ ਵੀ ਬਹੁਤ ਵਧੀ ਹੈ ਅਤੇ ਗੈਂਗਾਂ ਦੀ ਆਪਸੀ ਲੜਾਈ ਕਾਰਣ ਲੋਕਾਂ ਦੀ ਜਾਨ ਜਾ ਰਹੀ ਹੈ l ਦੁਕਾਨਾਂ ਜਾਂ ਕਾਰੋਬਾਰਾਂ ਉੱਪਰ ਰੈਮ ਰੇਡਾਂ ਹੋਣੀਆਂ ਆਮ ਹੋ ਗਈਆਂ ਹਨ l
ਕਰੋਨਾ ਦੇ ਨਾਮ ਤੇ ਵਿਦੇਸ਼ਾਂ ਵਿੱਚ ਡੱਕੇ ਮਾਇਗਰੈਂਟਸ ਦਾ ਆਰਥਿਕ ਪੱਖੋਂ ਬੁਰਾ ਹਾਲ ਹੋਇਆ ਹੈ l ਕਈ ਪਤੀ ਪਤਨੀ ਦੋ ਮੁਲਕਾਂ ਵਿੱਚ ਵੰਡੇ ਗਏ l ਦੋ ਸਾਲ ਤੋਂ ਵੱਧ ਸਮਾਂ ਬੀਤਣ ਬਾਦ ਵੀ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ l ਭਾਵੇਂ ਕਿ ਭਾਈਚਾਰੇ ਵਿੱਚੋਂ ਵੱਖ ਵੱਖ ਸੰਸਥਾਵਾਂ ਅਤੇ ਵਿਰੋਧੀ ਪਾਰਟੀ ਨੈਸ਼ਨਲ ਨੇ ਸਰਕਾਰ ਤੇ ਦਬਾਅ ਵੀ ਬਣਾਇਆ ਹੈ ਪਰ ਅਜੇ ਕਾਮਯਾਬੀ ਨਹੀਂ ਮਿਲੀ ਹੈ l
ਮੁਲਕ ਵਿੱਚ ਕਾਮਿਆਂ ਦੀ ਘਾਟ ਹੋਣ ਦੇ ਬਾਵਯੂਦ ਇਥੇ ਰਹਿੰਦੇ ਓਵਰਸਟੇ ਲੋਕਾਂ ਨੂੰ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ l ਇਨ੍ਹਾਂ ਵਿੱਚੋਂ ਬਹੁਤੇ ਓਵਰਸਟੇ ਲੋਕ ਵੈਲ ਸੈਟਲ ਹਨ ਅਤੇ ਮੁਲਕ ਵਾਸਤੇ ਬਹੁਤ ਵਧੀਆ ਹਨ ਪਰ ਇਨ੍ਹਾਂ ਦੀ ਅਜੇ ਤੱਕ ਸੁਣੀ ਨਹੀਂ ਗਈ l
ਭਾਵੇਂ ਨਿਊਜ਼ੀਲੈਂਡ ਨੂੰ ਵਧੀਆ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਵਧੀਆ ਮੁਲਕ ਵਿੱਚ ਸਭ ਦੇ ਹਲਾਤ ਚੰਗੇ ਨਹੀਂ ਹਨ l ਨਿਊਜ਼ੀਲੈਂਡ ਵਾਸੀਆਂ ਵਾਸਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ l
ਅਗਲੇ ਸਾਲ ਵੋਟਾਂ ਵੀ ਹਨ ਅਤੇ ਲੋਕ ਅਜੇ ਸੋਚ ਰਹੇ ਹਨ ਕਿ ਵੋਟਾਂ ਕਿਸ ਨੂੰ ਪਾਈਏ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)