-ਆਪਣੇ ਤਜਰਬੇ ਤੇ ਅਧਾਰਤ
ਸੰਨ 2008 ਵਿੱਚ ਜਦੋਂ ਮੈਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਡਿਗਦੀ ਦੇਖੀ ਸੀ ਤਾਂ ਕਾਫੀ ਨਿਸ਼ਾਨੀਆਂ ਨੋਟ ਕੀਤੀਆਂ ਸਨ l ਹੌਲੀ ਹੌਲੀ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਹੁਣ ਫਿਰ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ l ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ ਹੁਣ ਵਾਲੀਆਂ ਨਿਸ਼ਾਨੀਆਂ ਉਸ ਸਮੇਂ ਨਾਲੋਂ ਵੀ ਵੱਧ ਹਨ l ਉਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ :-
*ਬੈਂਕਾਂ ਦੇ ਵਿਆਜ 2% ਤੋਂ ਹੌਲੀ ਹੌਲੀ ਉੱਪਰ ਹੋ ਕੇ 5.5% ਤੱਕ ਪਹੁੰਚ ਗਏ ਹਨ l ਭਾਵ ਤਕਰੀਬਨ ਢਾਈ ਜਾਂ ਤਿੰਨ ਗੁਣਾਂ ਹੋ ਗਏ ਹਨ ਜੋ ਉਸ ਸਮੇਂ ਨਾਲੋਂ ਪ੍ਰਤੀਸ਼ਤ ਦੇ ਹਿਸਾਬ ਨਾਲ ਬਹੁਤ ਜਿਆਦਾ ਹਨ l ਵਿਆਜ ਇਸ ਤੋਂ ਵੀ ਹੋਰ ਵਧਣ ਦੀ ਸੰਭਾਵਨਾ ਹੈ l
*ਮੋਰਗੇਜੀ ਸੇਲਾਂ ਦੀ ਗਿਣਤੀ ਵਧੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਆਜ ਵਧਣ ਕਰਕੇ ਹੋਰ ਵਧਣ ਦੀ ਸੰਭਾਵਨਾ ਹੈ l
*ਬੈਂਕਾਂ ਨੇ ਕਰਜ਼ਾ ਦੇਣਾ ਮੁਸ਼ਕਲ ਕਰ ਦਿੱਤਾ ਹੈ l
*ਘਰ ਘੱਟ ਵਿਕਣ ਕਾਰਣ ਬਹੁਤੇ ਏਜੇਂਟਾਂ ਦੀ ਆਮਦਨ ਘਟਣੀ ਸ਼ੁਰੂ ਹੋ ਗਈ ਹੈ l ਆਉਣ ਵਾਲੇ ਮਹੀਨਿਆਂ ਵਿੱਚ ਕੁੱਝ ਏਜੇਂਟਾਂ ਦੇ ਇਸ ਕਾਰੋਬਾਰ ਵਿੱਚੋਂ ਨਿੱਕਲ ਜਾਣ ਦੀ ਪੂਰੀ ਸੰਭਾਵਨਾ ਹੋਵੇਗੀ l ਖਾਸ ਤੌਰ ਤੇ ਜਿਹੜੇ ਏਜੇਂਟ ਥੋੜ੍ਹਾ ਤਜਰਬਾ ਰੱਖਦੇ ਹਨ l
*ਵੇਚਣ ਵਾਲੇ ਘਰਾਂ ਦੀ ਗਿਣਤੀ 70% ਤੋਂ ਵੀ ਵੱਧ ਵਧੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ l
*ਘਰਾਂ ਦੀ ਬੋਲੀ ਵਿੱਚ ਬਹੁਤ ਘੱਟ ਘਰ ਵਿਕ ਰਹੇ ਹਨ ਅਤੇ ਬਹੁਤੀਆਂ ਕੁਰਸੀਆਂ ਖਾਲੀ ਹੀ ਹੁੰਦੀਆਂ ਹਨ l
*ਜਦੋਂ ਘਰਾਂ ਦੀ ਮਾਰਕੀਟ ਉੱਪਰ ਜਾਂਦੀ ਹੈ ਤਾਂ ਮੁੱਲ (ਫੀਸ) ਵਾਲੇ ਪ੍ਰੌਪਰਟੀ ਸੈਮੀਨਾਰ ਜਿਆਦਾ ਹੁੰਦੇ ਹਨ l ਹੁਣ ਮੁਫ਼ਤ ਵਾਲੇ ਸੈਮੀਨਾਰਾਂ ਦੀ ਭਰਮਾਰ ਹੈ l ਕਾਰਣ ਇਹ ਹੈ ਕਿ ਮੁੱਲ ਵਾਲਿਆਂ ਤੇ ਲੋਕ ਜਾਣਾ ਹੀ ਨਹੀਂ ਚਾਹੁੰਦੇ l
*2008 ਵਿੱਚ ਬਹੁਤੇ ਇਨਵੈਸਟਰਾਂ ਦੀ ਘੱਟੋ ਘੱਟ ਇਕੁਟੀ (Equity) 20% ਸੀ ਅਤੇ ਹੁਣ ਘੱਟੋ ਘੱਟ 40% ਹੈ l ਭਾਵ ਬੈਂਕਾਂ ਕਾਫੀ ਸੁਰੱਖਿਅਤ ਲੱਗ ਰਹੀਆਂ ਹਨ ਪਰ ਦੁਨੀਆਂ ਵਿੱਚ ਕਰਜ਼ੇ ਦੀ ਭਰਮਾਰ ਹੈ ਜਿਸ ਨਾਲ ਮਾੜਾ ਅਸਰ ਹੋਣ ਦੀ ਸੰਭਾਵਨਾ ਹੈ l ਇਸ ਦੇ ਨਾਲ ਇਹ ਦੇਖਣ ਦੀ ਲੋੜ ਹੈ ਕਿ 2008 ਵਿੱਚ ਸ਼ੁਰੂ ਹੋਈ ਮੰਦੀ ਵਿੱਚ ਬਹੁਤ ਸਾਰੇ ਪ੍ਰਾਈਵੇਟ ਲੈਂਡਰ ਫੇਲ੍ਹ ਹੋ ਗਏ ਸੀ l ਪ੍ਰਾਈਵੇਟ ਅਦਾਰੇ ਕਿਉਂਕਿ ਬੈਂਕ ਨਾਲੋਂ ਵੱਧ ਖਤਰਾ ਮੁੱਲ ਲੈਂਦੇ ਹਨ ਇਸ ਕਰਕੇ ਹੁਣ ਉਨ੍ਹਾਂ ਲਈ ਦੁਬਾਰਾ ਖਤਰਾ ਹੋ ਸਕਦਾ ਹੈ l
*ਬਿਲਡਿੰਗ ਮਟੀਰੀਅਲ ਲਗਾਤਾਰ ਮਹਿੰਗਾ ਹੋ ਰਿਹਾ ਹੈ l ਇਸ ਕਰਕੇ ਘਰ ਬਣਾਉਣ ਵਾਲੀਆਂ ਕੰਪਨੀਆਂ ਦੇ ਡੁੱਬਣ ਦੇ ਅਸਾਰ ਲਗਾਤਾਰ ਵਧ ਰਹੇ ਹਨ ਅਤੇ ਕਈ ਨਵੇਂ ਘਰ ਅੱਧ ਵਿੱਚ ਹੀ ਰਹਿ ਸਕਦੇ ਹਨ l
*ਘਰ ਸਸਤੇ ਹੋਣ ਦੇ ਬਾਵਯੂਦ ਬਹੁਤੇ ਲੋਕ ਖਰੀਦ ਨਹੀਂ ਸਕਣਗੇ ਕਿਉਂਕਿ ਬੈਂਕਾਂ ਕਰਜ਼ਾ ਬਹੁਤ ਮੁਸ਼ਕਲ ਦਿੰਦੀਆਂ ਹਨ l
*ਜਦੋਂ ਵੀ ਕੋਈ ਤੁਹਾਨੂੰ ਕੋਈ ਸੈਮੀਨਾਰ ਜਾਂ ਮੁਫ਼ਤ ਟ੍ਰੇਨਿੰਗ ਦੇਣ ਨੂੰ ਕਹਿੰਦਾ ਹੈ ਤਾਂ ਆਪਣੇ ਫਾਇਦੇ ਦੇ ਨਾਲ ਦੂਜੇ ਦੇ ਫਾਇਦੇ ਵੱਲ ਵੀ ਦੇਖਣ ਦੀ ਲੋੜ ਹੈ ਕਿ ਉਹ ਕਿਉਂ ਮੈਨੂੰ ਕੁੱਝ ਮੁਫ਼ਤ ਦੇ ਰਿਹਾ ਹੈ?
*ਮੁਫ਼ਤ ਸੈਮੀਨਾਰਾਂ ਵਾਲੇ ਹਮੇਸ਼ਾਂ ਤੁਹਾਨੂੰ ਕੁੱਝ ਨਾ ਕੁੱਝ ਵੇਚਣ ਦੀ ਕੋਸ਼ਿਸ਼ ਕਰਦੇ ਹਨ l
ਆਮ ਵਿਅਕਤੀ ਵਾਸਤੇ ਜਰੂਰੀ ਹੈ ਕਿ ਚੱਲ ਰਹੀ ਅਤੇ ਆਉਣ ਵਾਲੀ ਆਰਥਿਕ ਮੰਦੀ ਲਈ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰੇ ਤਾਂ ਕਿ ਆਰਥਿਕ ਮੰਦੀ ਦੇ ਮਾੜੇ ਅਸਰ ਤੋਂ ਬਚਿਆ ਜਾ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147