-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੈ l ਕੈਪਟਲਿਸਟ ਸਿਸਟਮ ਮਾਰਕੀਟਾਂ ਨੂੰ ਥੱਲੇ ਸੁੱਟਣ ਅਤੇ ਫਿਰ ਉੱਪਰ ਚੁੱਕਣ ਦੇ ਸਹਾਰੇ ਚੱਲਦਾ ਹੈ l ਜੇਕਰ ਇਸ ਨੂੰ ਸਮਝ ਲਵੋ ਤਾਂ ਤੁਸੀਂ ਮਿਲੀਅਨਾਂ ਡਾਲਰ ਕਮਾ ਲੈਂਦੇ ਹੋ ਅਤੇ ਜੇ ਨਾ ਸਮਝੋ ਤਾਂ ਮਿਲੀਅਨਾਂ ਡਾਲਰ ਗੁਆ ਵੀ ਲੈਂਦੇ ਹੋ l
ਮੈਂ ਨਿਊਜ਼ੀਲੈਂਡ ਵਿੱਚ ਪਿਛਲੇ ਤਕਰੀਬਨ 23 ਸਾਲ ਤੋਂ ਘਰਾਂ ਦੀ ਇਨਵੈਸਟਮੈਂਟ ਦੇ ਖੇਤਰ ਵਿੱਚ ਕੰਮ ਕਰਦਾ ਹਾਂ l ਇਨ੍ਹਾਂ 23 ਸਾਲਾਂ ਦੌਰਾਨ ਮਾਰਕੀਟ ਵਿੱਚ ਕਈ ਉਤਰਾਅ ਚੜ੍ਹਾ ਦੇਖੇ ਅਤੇ ਸਾਰਾ ਸਫ਼ਰ ਠੀਕ ਠਾਕ ਤਹਿ ਕੀਤਾ l ਇਸੇ ਸਮੇਂ ਦੌਰਾਨ ਮੈਨੂੰ ਗਲੋਬਲ ਫਾਈਨੈਂਸ਼ਲ ਕਰਾਈਸਿਸ (Global Financial Crisis) ਹੰਢਾਉਣ ਦਾ ਮੌਕਾ 2008 ਵਿੱਚ ਮਿਲਿਆ l ਇਸ ਸਮੇਂ ਦੌਰਾਨ ਕਈ ਕਹਿੰਦੇ ਕਹਾਉਂਦੇ ਲੋਕ ਮੈਂ ਸੜਕਾਂ ਤੇ ਆਉਂਦੇ ਦੇਖੇ ਅਤੇ ਕਈ ਕੱਖਪਤੀ ਲੋਕ ਕਰੋੜਪਤੀ ਬਣਦੇ ਦੇਖੇ l ਇਸ ਸਮੇਂ ਦੌਰਾਨ ਆਪਣੇ ਆਪ ਨੂੰ ਪ੍ਰਾਪਰਟੀ ਦੇ ਗੁਰੂ ਕਹਾਉਣ ਵਾਲੇ ਵੀ ਬਹੁਤੇ ਲੋਕ ਬੁਰੀ ਤਰਾਂ ਫੇਲ੍ਹ ਹੋ ਗਏ ਸੀ l ਬਹੁਤ ਸਾਰੇ ਪ੍ਰਾਈਵੇਟ ਕਰਜ਼ਾ ਦੇਣ ਵਾਲੇ ਅਦਾਰੇ ਵੀ ਫੇਲ੍ਹ ਹੋ ਗਏ ਸਨ l ਜਿਹੜੀਆਂ ਕੰਪਨੀਆਂ ਦੂਜਿਆਂ ਨੂੰ ਘਰਾਂ ਦੀ ਇਨਵੈਸਟਮੈਂਟ ਦੀ ਸਿਖਲਾਈ ਦਿੰਦੀਆਂ ਸਨ ਉਨ੍ਹਾਂ ਵਿੱਚੋਂ ਵੀ ਕਈ ਫੇਲ੍ਹ ਹੋ ਗਈਆਂ ਸਨ l ਮੈਨੂੰ ਇਸ ਗੱਲ ਦੀ ਖੁਸ਼ੀ ਰਹੀ ਕਿ ਇਸ ਸਮੇਂ ਦੌਰਾਨ ਵੀ ਮੇਰਾ ਸਫ਼ਰ ਠੀਕ ਠਾਕ ਚੱਲਿਆ l
ਜਿਆਦਾ ਲੋਕ ਮੈਨੂੰ ਜਾਣਦੇ ਕਰਕੇ ਅਕਸਰ ਆਪਣਿਆਂ ਮਸਲਿਆਂ ਬਾਰੇ ਸਲਾਹ ਲੈਣ ਆ ਜਾਂਦੇ ਹਨ l ਸਲਾਹ ਲੈਣ ਦਾ ਇੱਕ ਕਾਰਣ ਇਹ ਵੀ ਹੈ ਕਿ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਅਤੇ ਨਾ ਹੀ ਮੈਂ ਕੋਈ ਚੀਜ਼ ਉਨ੍ਹਾਂ ਨੂੰ ਵੇਚਦਾ ਹਾਂ l ਭਾਵ ਮੈਂ ਕਿਸੇ ਵੀ ਲਾਲਚ ਤੋਂ ਬਿਨਾਂ ਆਪਣੇ ਤਜਰਬੇ ਦੇ ਅਧਾਰ ਤੇ ਸਲਾਹ ਦੇ ਦਿੰਦਾ ਹੈ l
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਘਰਾਂ ਦੀ ਮਾਰਕੀਟ ਉੱਪਰ ਨੂੰ ਜਾ ਰਹੀ ਹੁੰਦੀ ਹੈ ਉਦੋਂ ਬਹੁਤ ਘੱਟ ਲੋਕ ਮੇਰੀ ਸਲਾਹ ਲੈਣ ਆਉਂਦੇ ਹਨ ਪਰ ਜਦੋਂ ਮਾਰਕੀਟ ਥੱਲੇ ਨੂੰ ਜਾਣ ਲਗਦੀ ਹੈ ਤਾਂ ਲੋਕਾਂ ਦੀ ਚਿੰਤਾ ਵਧਦੀ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਮੇਰੇ ਘਰਾਂ ਬਾਰੇ ਵਿਚਾਰ ਜਾਨਣਾ ਚਾਹੁੰਦੇ ਹਨ l ਹੁਣ ਨਿਊਜ਼ੀਲੈਂਡ ਵਿੱਚ ਮਾਰਕੀਟ ਥੱਲੇ ਨੂੰ ਜਾ ਰਹੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਇੱਕ ਦਿਨ ਵਿੱਚ ਤਿੰਨ ਤਿੰਨ ਪਰਿਵਾਰ ਵੀ ਆਪਣੇ ਘਰਾਂ ਦੇ ਮਸਲੇ ਬਾਰੇ ਮਿਲਣ ਆਏ ਜਾਂ ਉਨ੍ਹਾਂ ਫੋਨ ਕੀਤੇ l
ਉਨ੍ਹਾਂ ਵਿੱਚੋਂ ਜਿਆਦਿਆਂ ਦਾ ਸਵਾਲ ਇਹ ਹੁੰਦਾ ਹੈ ਕਿ ਘਰ ਕਦੋਂ ਖਰੀਦਣਾ ਚਾਹੀਦਾ ਹੈ? ਭਾਵ ਜਦੋਂ ਮਾਰਕੀਟ ਉੱਤੇ ਜਾਂਦੀ ਹੋਵੇ ਜਾਂ ਥੱਲੇ ਜਾਂਦੀ ਹੋਵੇ? ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਮੈਂ ਕੋਈ ਅੱਥੋਰਾਈਜਡ ਫਾਈਨੈਂਸ਼ਲ ਅਡਵਾਈਜਰ ਨਹੀਂ ਹਾਂ l ਸਿਰਫ ਆਪਣੇ ਤਜਰਬੇ ਦੇ ਅਧਾਰ ਤੇ ਦੱਸ ਸਕਦਾ ਹਾਂ l ਉਹ ਕਹਿੰਦੇ ਹਨ ਕਿ ਤੁਸੀਂ ਤਜਰਬੇ ਦੇ ਅਧਾਰ ਤੇ ਹੀ ਦੱਸੋ l
ਮੈਂ ਗੱਲ ਸ਼ੁਰੂ ਕਰਦਾ ਹਾਂ ਕਿ ਘਰ ਖਰੀਦਣ ਦਾ ਵਿਸ਼ਾ ਬਹੁਤ ਵੱਡਾ ਹੈ l ਸਾਰੇ ਨੂੰ ਸਮਝਣਾ ਬਹੁਤ ਔਖਾ ਹੈ l ਇਸ ਕਰਕੇ ਮੈਂ ਦੇਸੀ ਪੰਜਾਬੀ ਵਿੱਚ ਸੌਖੇ ਤਰੀਕੇ ਨਾਲ ਸਮਝਾਉਂਦਾ ਹਾਂ l ਉਨ੍ਹਾਂ ਦੀ ਉਤਸੁਕਤਾ ਹੋਰ ਵਧ ਜਾਂਦੀ ਹੈ l ਉਹ ਕਹਿੰਦੇ ਹਨ ਕਿ ਜਿਸ ਦਿਨ ਦੀ ਘਰਾਂ ਦੀ ਮਾਰਕੀਟ ਥੱਲੇ ਜਾਣੀ ਸ਼ੁਰੂ ਹੋਈ ਹੈ ਉਸ ਦਿਨ ਦੀਆਂ ਅਖਬਾਰਾਂ ਅਤੇ ਟੀ ਵੀ ਉੱਤੇ ਮਾੜੀਆਂ ਖਬਰਾਂ ਹੀ ਆਉਂਦੀਆਂ ਹਨ l ਕੀ ਤੁਹਾਨੂੰ ਉਹ ਖਬਰਾਂ ਸੁਣ ਕੇ ਫਿਕਰ ਨਹੀਂ ਹੁੰਦਾ ਅਤੇ ਇਹ ਵੀ ਤੁਸੀਂ ਦੱਸੋ ਕਿ ਘਰ ਕਦੋਂ ਖਰੀਦਣਾ ਚਾਹੀਦਾ ਹੈ?
ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਘਰਾਂ ਦੇ ਖੇਤਰ ਵਿੱਚ ਕੰਮ ਕਰਨ ਵਾਸਤੇ ਨਾ ਮੈਂ ਕਦੇ ਟੀ ਵੀ ਦੀ ਖ਼ਬਰ ਤੇ ਅਮਲ ਕੀਤਾ ਹੈ, ਨਾ ਅਖ਼ਬਾਰ ਦੀ ਸੁਣੀ ਹੈ, ਨਾ ਇਕੋਨੋਮਿਸਟ ਦੀ ਸੁਣੀ ਹੈ, ਨਾ ਰੀਅਲ ਇਸਟੇਟ ਏਜੇਂਟ ਦੀ ਸੁਣੀ ਹੈ ਅਤੇ ਨਾ ਹੀ ਕਿਸੇ ਬੈੰਕ ਦੀ ਸਲਾਹ ਲਈ ਹੈ l
ਉਹ ਹੈਰਾਨ ਹੋ ਕੇ ਪੁੱਛ ਲੈਂਦੇ ਹਨ ਕਿ ਫਿਰ ਸੁਣੀ ਕਿਸ ਦੀ ਹੈ? ਮੈਂ ਦੱਸਦਾ ਹਾਂ ਕਿ ਮੈਂ ਖੁਦ ਮਾਰਕੀਟ ਵਿੱਚ ਜਾਂਦਾ ਹਾਂ l ਲੋਕਾਂ ਨਾਲ ਗੱਲਾਂ ਕਰਦਾ ਹਾਂ l ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਨਾਲ ਗੱਲਾਂ ਕਰਦਾ ਹਾਂ l ਕਿਹੜਾ ਘਰ ਕਿੰਨੇ ਦਾ ਵਿਕਿਆ ਹੈ? ਉਸ ਦੀ ਹਾਲਤ ਕੀ ਸੀ? ਕਿੰਨੇ ਕੁ ਲੋਕ ਇਲਾਕੇ ਵਿੱਚ ਕੰਮ ਕਰਦੇ ਹਨ? ਕਿੰਨੇ ਕੁ ਵਿਹਲੇ ਹਨ? ਕਿੰਨੀ ਕੁ ਚੋਰੀ ਅਤੇ ਲੁੱਟ ਖੋਹ ਹੁੰਦੀ ਹੈ? ਇਲਾਕੇ ਵਿੱਚ ਕਿਹੜੀਆਂ ਦੁਕਾਨਾਂ, ਸਟੋਰ, ਖੇਡ ਦੇ ਮੈਦਾਨ ਅਤੇ ਸਕੂਲ ਹਨ? ਕਿੱਥੇ ਬੱਸ ਸਟਾਪ ਹੈ ਅਤੇ ਕਿੱਥੇ ਟਰੇਨ ਸਟੇਸ਼ਨ ਹੈ? ਉੱਥੇ ਪਿਛਲੇ ਸਾਲਾਂ ਦੌਰਾਨ ਕਿਰਾਇਆ ਕਿੰਨਾ ਵਧਿਆ ਹੈ? ਘਰਾਂ ਦੀ ਕੀਮਤ ਉੱਥੇ ਕਿੰਨੀ ਵਧੀ ਹੈ? ਆਉਣ ਵਾਲੇ ਸਮੇਂ ਵਿੱਚ ਅਬਾਦੀ ਵਧਣ ਦੇ ਕਿੰਨੇ ਕੁ ਮੌਕੇ ਹਨ? ਇਸ ਸਭ ਨਾਲ ਮੇਰੇ ਕੋਲ ਆਪਣਾ ਡਾਟਾ ਇਕੱਠਾ ਹੋ ਜਾਂਦਾ ਹੈ ਜੋ ਦੂਜੇ ਡਾਟਿਆਂ ਤੋਂ ਵਧੀਆ ਅਤੇ ਭਰੋਸੇਯੋਗ ਹੁੰਦਾ ਹੈ l ਉਹ ਸੁਣ ਕੇ ਬੜੇ ਹੈਰਾਨ ਹੁੰਦੇ ਹਨ l
ਮੈਂ ਅੱਗੇ ਦੱਸਦਾ ਹਾਂ ਕਿ ਨਿਊਜ਼ੀਲੈਂਡ ਵਿੱਚ ਘਰਾਂ ਦੀ ਇਨਵੈਸਟਮੈਂਟ ਵਿੱਚ 85% ਲੋਕ ਠੀਕ ਠਾਕ (ਬਹੁਤ ਘੱਟ) ਪੈਸੇ ਬਣਾਉਂਦੇ ਹਨ, 12% ਲੋਕ ਦਰਮਿਆਨੇ ਪੈਸੇ ਬਣਾਉਂਦੇ ਹਨ ਅਤੇ ਸਿਰਫ 3% ਲੋਕ ਬਹੁਤ ਜਿਆਦਾ ਪੈਸੇ ਬਣਾਉਂਦੇ ਹਨ l ਉਹ ਹੋਰ ਹੈਰਾਨ ਹੋ ਜਾਂਦੇ ਹਨ ਕਿ ਸਿਰਫ 3% ਲੋਕ ਹੀ ਬਹੁਤ ਜਿਆਦਾ ਪੈਸੇ ਬਣਾਉਂਦੇ ਹਨ?
ਮੈਂ ਦੱਸਦਾ ਹਾਂ ਕਿ ਇਹੀ ਸਰਮਾਏਦਾਰੀ ਸਿਸਟਮ ਹੈ l ਜਿਸ ਵੇਲੇ ਉਸ 3% ਨੂੰ ਵੀ ਵੱਖਰਾ ਕਰਕੇ ਦੇਖੋ ਤਾਂ ਸਿਰਫ 1% ਤੋਂ ਵੀ ਘੱਟ ਲੋਕ ਹੁੰਦੇ ਹਨ ਜੋ ਬੇਸ਼ੁਮਾਰ ਪੈਸਾ ਬਣਾਉਂਦੇ ਹਨ l
ਉਹ ਕਹਿੰਦੇ ਹਨ ਕਿ ਗੱਲਬਾਤ ਬਹੁਤ ਦਿਲਚਸਪ ਹੈ ਅਤੇ ਸਿੱਖਣ ਨੂੰ ਵੀ ਬਹੁਤ ਮਿਲ ਰਿਹਾ ਪਰ ਸਾਡੇ ਸਵਾਲ ਦਾ ਜਵਾਬ ਨਜ਼ਰ ਨਹੀਂ ਆ ਰਿਹਾ ਕਿ ਘਰ ਖਰੀਦਣ ਦਾ ਸਹੀ ਸਮਾਂ ਕਿਹੜਾ ਹੈ?
ਮੈਂ ਕਹਿੰਦਾ ਹਾਂ ਕਿ ਇਹੀ ਦੱਸਣ ਦੀ ਕੋਸ਼ਿਸ਼ ਹੈ ਅਤੇ ਇਸ ਸਵਾਲ ਦਾ ਜਵਾਬ ਉਪਰਲੇ ਅੰਕੜਿਆਂ ਵਿੱਚ ਲੁਕਿਆ ਹੋਇਆ ਹੈ l ਉਹ ਹੋਰ ਹੈਰਾਨ ਹੋ ਜਾਂਦੇ ਹਨ l
ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਕਿਉਂ 97% ਲੋਕ ਘਰਾਂ ਦੇ ਖੇਤਰ ਵਿੱਚ ਬਹੁਤ ਘੱਟ ਪੈਸੇ ਬਣਾਉਂਦੇ ਹਨ ਅਤੇ ਕਿਉਂ ਸਿਰਫ 3% ਦੇ ਕਰੀਬ ਲੋਕ ਬਹੁਤ ਜਿਆਦਾ ਪੈਸਾ ਬਣਾਉਂਦੇ ਹਨ? ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਤੁਸੀਂ ਹੀ ਦੱਸੋ l
ਮੈਂ ਦੱਸਦਾ ਹਾਂ ਕਿ ਇਨ੍ਹਾਂ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਜੋ 97% ਲੋਕ ਕਰਦੇ ਹਨ ਉਹ ਉੱਪਰ ਵਾਲੇ 3% ਲੋਕ ਨਹੀਂ ਕਰਦੇ l ਜੋ ਉੱਪਰ ਵਾਲੇ 3% ਲੋਕ ਕਰਦੇ ਹਨ ਉਹ 97% ਲੋਕ ਨਹੀਂ ਕਰਦੇ l ਉਹ ਹੈਰਾਨੀ ਨਾਲ ਕਹਿੰਦੇ ਹਨ ਕਿ ਕੀ ਇਨ੍ਹਾਂ ਦੀ ਆਦਤ ਦਾ ਫਰਕ ਹੈ? ਮੈਂ ਕਹਿੰਦਾ ਹਾਂ ਕਿ ਬਿਲਕੁਲ ਆਦਤ ਦਾ ਫਰਕ ਹੈ l ਉਹ ਪੁੱਛਦੇ ਹਨ ਕਿ ਕਿਸ ਤਰਾਂ?
ਮੈਂ ਕਹਿੰਦਾ ਹਾਂ ਕਿ ਜਿਸ ਵੇਲੇ 97% ਲੋਕ ਘਰ ਖਰੀਦਣ ਵਿੱਚ ਲੱਗੇ ਹੋਣ ਉਸ ਵੇਲੇ ਇਹ 3% ਲੋਕ ਤਕਰੀਬਨ ਅਰਾਮ ਨਾਲ ਬੈਠੇ ਹੁੰਦੇ ਹਨ l ਇਨ੍ਹਾਂ ਵਿੱਚੋਂ ਕਈ ਛੁੱਟੀਆਂ ਤੇ ਚਲੇ ਜਾਂਦੇ ਹਨ l ਇਸ ਵੇਲੇ 97% ਲੋਕ ਇੱਕ ਦੂਜੇ ਤੋਂ ਵਧ ਵਧ ਕੇ ਘਰਾਂ ਦੀਆਂ ਬੋਲੀਆਂ (Bids at Auction) ਦਿੰਦੇ ਹਨ l ਉਨ੍ਹਾਂ ਨੂੰ ਲਗਦਾ ਹੈ ਕਿ ਜੇ ਅੱਜ ਘਰ ਨਾ ਖਰੀਦਿਆ ਤਾਂ ਦੁਬਾਰਾ ਮਿਲਣਾ ਹੀ ਨਹੀਂ l ਭਾਵ ਇਨ੍ਹਾਂ 97% ਲੋਕਾਂ ਨੇ ਘਰ ਖਰੀਦਣ ਵੇਲੇ ਸਾਹਨਾਂ ਵਾਲਾ ਭੇੜ ਪਾਇਆ ਹੁੰਦਾ ਹੈ l ਇਨ੍ਹਾਂ 97% ਲੋਕਾਂ ਦੇ ਪਾਏ ਇਸ ਭੇੜ ਨੂੰ ਉਪਰਲੇ 3% ਘਰ ਖਰੀਦਣ ਵਾਲੇ ਦੇਖ ਕੇ ਹੱਸਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਨ੍ਹਾਂ 97% ਲੋਕਾਂ ਨੇ ਮਾਰਕੀਟ ਹੋਰ ਉੱਪਰ ਚੁੱਕ ਦੇਣੀ ਹੈ l ਭਾਵ ਇਹ 97% ਲੋਕਾਂ ਨੇ ਰੱਜ ਕੇ ਕਰਜ਼ਾਈ ਹੋ ਜਾਣਾ ਹੈ ਅਤੇ ਫਿਰ ਮਾਰਕੀਟ ਕਰੈਸ਼ ਹੋ ਜਾਣੀ ਹੈ l ਮਾਰਕੀਟ ਕਰੈਸ਼ ਹੋਣ ਵੇਲੇ ਵੀ ਜਿਆਦਾ ਨੁਕਸਾਨ 97% ਲੋਕਾਂ ਦਾ ਹੀ ਹੋਣਾ ਹੈ ਕਿਉਂਕਿ ਉਨ੍ਹਾਂ ਕਰਜ਼ਾ ਘਰ ਮਹਿੰਗੇ ਖਰੀਦਣ ਕਰਕੇ ਵੱਧ ਚੁੱਕਿਆ ਹੁੰਦਾ ਹੈ l ਹੁਣ ਜੇ ਮਾਰਕੀਟ ਕਰੈਸ਼ ਹੋਵੇਗੀ ਤਾਂ ਉਹ 97% ਲੋਕ ਘਰ ਨਹੀਂ ਖਰੀਦਣਗੇ ਜਾਂ ਬਹੁਤ ਘੱਟ ਖਰੀਦਣਗੇ ਅਤੇ ਕਈਆਂ ਨੂੰ ਮਜ਼ਬੂਰੀ ਕਾਰਣ ਘਰ ਵੇਚਣੇ ਵੀ ਪੈਣਗੇ l ਇਸ ਦਾ ਮਤਲਬ ਵਿਕਣ ਵਾਲੇ ਘਰ ਮਾਰਕੀਟ ਵਿੱਚ ਜਿਆਦਾ ਹੋਣਗੇ ਅਤੇ ਖਰੀਦਦਾਰ ਘੱਟ l ਇਸ ਵੇਲੇ ਉਪਰਲੇ 3% ਇਨਵੈਸਟਰ ਘਰ ਖਰੀਦਣ ਲਗਦੇ ਹਨ ਕਿਉਂਕਿ ਹੁਣ ਉਨ੍ਹਾਂ ਲਈ ਮੈਦਾਨ ਪੱਧਰਾ ਹੈ l ਇਸ ਵੇਲੇ ਘਰਾਂ ਦੀਆਂ ਬੋਲੀਆਂ (Auctions) ਘਟ ਜਾਂਦੀਆਂ ਹਨ l ਇਸ ਕਰਕੇ ਇਨ੍ਹਾਂ 3% ਲੋਕਾਂ ਨੂੰ ਘਰ ਬਹੁਤ ਸਸਤੇ ਮਿਲ ਜਾਂਦੇ ਹਨ ਜਿਸ ਨਾਲ ਉਹ ਹੋਰ ਅਮੀਰ ਹੋ ਜਾਂਦੇ ਹਨ l
ਉਹ ਪੁੱਛਦੇ ਹਨ ਕਿ ਗੱਲਬਾਤ ਤਾਂ ਸਾਰੀ ਸਮਝ ਲੱਗ ਗਈ ਪਰ ਸਿੱਧੇ ਸ਼ਬਦਾਂ ਵਿੱਚ ਦੱਸੋ ਕਿ ਘਰ ਖਰੀਦਣ ਦਾ ਵਧੀਆ ਸਮਾਂ ਕਿਹੜਾ ਹੈ?
ਮੈਂ ਆਖਦਾ ਹਾਂ ਕਿ ਵੈਸੇ ਮੈਂ ਤਾਂ ਸਾਰੀਆਂ ਮਾਰਕੀਟਾਂ ਵਿੱਚ ਘਰ ਖਰੀਦਦਾ ਰਿਹਾ ਹਾਂ ਪਰ ਹਰ ਮਾਰਕੀਟ ਵਿੱਚ ਮੈਂ ਘਰ ਦੀ ਕੀਮਤ ਉਸ ਮਾਰਕੀਟ ਦੇ ਹਿਸਾਬ ਨਾਲ ਹੀ ਦਿੰਦਾ ਹਾਂ ਜਾਂ ਮੈਂ ਘਰ ਉਸ ਵੇਲੇ ਖਰੀਦਦਾ ਹਾਂ ਜਦੋਂ ਕੋਈ ਹੋਰ ਨਾ ਖਰੀਦਣਾ ਚਾਹਵੇ ਭਾਵ ਜਿਥੇ ਸਾਹਨਾਂ ਵਾਲਾ ਭੇੜ ਹੋਵੇ ਉੱਥੇ ਮੈਂ ਘਰ ਖਰੀਦਣ ਨਹੀਂ ਜਾਂਦਾ l
ਅੰਤ ਉਹ ਖੁਸ਼ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਹੁਣ ਪਤਾ ਲੱਗ ਗਿਆ ਹੈ ਕਿ ਘਰ ਉਦੋਂ ਖਰੀਦਣਾ ਜਿਆਦਾ ਵਧੀਆ ਹੈ ਜਦੋਂ ਜਿਆਦਾ ਲੋਕ ਘਰ ਵੇਚਣ ਲੱਗੇ ਹੋਏ ਹੋਣ l
ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਇੱਕ ਸਚਾਈ ਸਮਝ ਗਏ ਜਿਸ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕਦਾ ਹੈ l
ਨੋਟ :- ਘਰ ਖਰੀਦਣ ਵੇਲੇ ਆਪਣੇ ਵਕੀਲ, ਅਕਾਉੰਟੈਂਟ ਅਤੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147