ਲਗਦਾ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਅਤੇ ਸ਼ੁਭ ਇਛਾਵਾਂ ਕਹਿ ਕੇ ਸਭ ਵਿਹਲੇ ਹੋ ਗਏ ਹੋਣਗੇ l ਸਭ ਨੇ ਲਾਈਕ, ਕਮੈਂਟ ਅਤੇ ਸ਼ੇਅਰ ਵੀ ਗਿਣ ਲਏ ਹੋਣਗੇ l ਕੁੱਝ ਵਧਾਈਆਂ ਨਾ ਆਈਆਂ ਕਰਕੇ ਗੁੱਸੇ ਵੀ ਹੋ ਗਏ ਹੋਣਗੇ l
ਇੱਕ ਸਚਾਈ ਹੈ ਕਿ ਸਾਲ ਬਦਲਣ ਨਾਲ ਸਿਰਫ ਇਨਸਾਨ ਦੀ ਉਮਰ ਅਤੇ ਤਜਰਬਾ ਵਧਦਾ ਹੈ l ਤਜਰਬਾ ਸਿਰਫ ਤਾਂ ਵਧਦਾ ਹੈ ਜੇ ਸਾਰੇ ਸਾਲ ਵਿੱਚ ਕੁੱਝ ਸਿੱਖਿਆ ਹੋਵੇ l ਚੀਜ਼ਾਂ ਇੱਕ ਸਾਲ ਹੋਰ ਪੁਰਾਣੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਜਿਆਦੀਆਂ ਚੀਜ਼ਾਂ ਦੀ ਕੀਮਤ ਘੱਟ ਹੋ ਜਾਂਦੀ ਹੈ l ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਵਿੱਚ ਸਿੱਖ ਕੇ ਕੁੱਝ ਬਦਲਾਅ ਆਇਆ ਕਿ ਨਹੀਂ? ਸੋਚਣ ਦੀ ਲੋੜ ਹੈ ਕਿ :-
*ਕੀ ਕਲੰਡਰ ਤੋਂ ਇਲਾਵਾ ਕੁੱਝ ਬਦਲਿਆ?
*ਕੀ ਤੁਸੀਂ ਪਿਛਲੇ ਸਾਲ ਦੀਆਂ ਗਲਤੀਆਂ ਤੋਂ ਕੁੱਝ ਸਿੱਖਿਆ? ਕੀ ਉਨ੍ਹਾਂ ਨੂੰ ਸੁਧਾਰਨ ਲਈ ਕੁੱਝ ਕਰਨ ਬਾਰੇ ਸੋਚਿਆ?
*ਕੀ ਪਿਛਲੇ ਸਾਲ ਦੇ ਘਾਟਿਆਂ ਤੋਂ ਕੁੱਝ ਸਿੱਖਿਆ? ਕੀ ਉਸ ਵਿੱਚ ਕੁੱਝ ਨਵੇਂ ਸਾਲ ਵਿੱਚ ਸੁਧਾਰ ਕਰਨ ਬਾਰੇ ਸੋਚਿਆ ?
*ਜਿਹੜੇ ਕੰਮਾਂ ਵਿੱਚ ਪਿਛਲੇ ਸਾਲ ਤੁਸੀਂ ਕਾਮਯਾਬ ਨਹੀਂ ਹੋਏ l ਕੀ ਉਨ੍ਹਾਂ ਕੰਮਾਂ ਨੂੰ ਵੱਖਰੀ ਤਰਾਂ ਕਰਨ ਬਾਰੇ ਸੋਚਿਆ? ਜਾਂ ਕਿਸਮਤ ਮਾੜੀ ਕਹਿ ਕੇ ਕੁੱਝ ਨਹੀਂ ਸਿੱਖਿਆ?
*ਪਿਛਲੇ ਸਾਲ ਤੁਹਾਡੇ ਲਈ ਜੋ ਕੰਮ ਨਹੀਂ ਕੀਤਾ l ਕੀ ਉਸ ਨੂੰ ਵੱਖਰੇ ਤਰੀਕੇ ਨਾਲ ਕਰਨ ਬਾਰੇ ਸੋਚਿਆ?
*ਜੇ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਤੋਂ ਖੁਸ਼ ਨਹੀਂ ਤਾਂ ਕੀ ਕੁੱਝ ਉਸ ਵਿੱਚ ਬਦਲਾਅ ਕਰਨ ਲਈ ਸੋਚਿਆ?
*ਜੇ ਤੁਹਾਨੂੰ ਫਸਲਾਂ ਤੋਂ ਘੱਟ ਆਮਦਨ ਹੈ ਤਾਂ ਕੀ ਫਸਲਾਂ ਬਦਲਣ ਬਾਰੇ ਸੋਚਿਆ ਜੋ ਸੌਖੀਆਂ ਹੀ ਵਿਕ ਜਾਣ ਅਤੇ ਆਮਦਨ ਵੀ ਵਧ ਜਾਵੇ?
*ਤੁਸੀਂ ਲੋਕਾਂ ਨਾਲ ਕਿੰਨਾ ਕੁ ਧੋਖਾ ਕੀਤਾ? ਕੀ ਉਸ ਨਾਲ ਤੁਹਾਨੂੰ ਤਸੱਲੀ ਮਿਲੀ? ਜੇ ਨਹੀਂ ਮਿਲੀ ਤਾਂ ਸ਼ਾਂਤੀ ਵਾਸਤੇ ਧੋਖਾ ਨਾ ਕਰਨ ਦਾ ਫੈਸਲਾ ਕੀਤਾ?
*ਕੀ ਤੁਸੀਂ ਪਿਛਲੇ ਸਾਲ ਦੇ ਨਿਸ਼ਾਨਿਆਂ ਨੂੰ ਪੂਰਾ ਕੀਤਾ ਸੀ? ਜੇ ਨਹੀਂ ਤਾਂ ਕੀ ਕੁੱਝ ਬਦਲਿਆ ਜਿਸ ਨਾਲ ਇਸ ਸਾਲ ਦੇ ਮਿਥੇ ਹੋਏ ਨਿਸ਼ਾਨੇ ਪੂਰੇ ਹੋ ਜਾਣ?
*ਕੀ ਕੋਈ ਸਮਾਜ ਵਾਸਤੇ ਕੰਮ ਕੀਤਾ ਜਿਹੜਾ ਆਪਣੇ ਫਾਇਦੇ ਲਈ ਨਾ ਹੋਵੇ ਅਤੇ ਬਿਨਾਂ ਤਨਖਾਹ ਲਏ ਕੀਤਾ ਹੋਵੇ?
*ਕੀ ਤੁਸੀਂ ਲਾਇਬਰੇਰੀਆਂ, ਸਕੂਲਾਂ, ਹਸਪਤਾਲਾਂ ਅਤੇ ਭੁੱਖੇ ਲੋਕਾਂ ਵਾਸਤੇ ਕੁੱਝ ਕਰਨ ਲਈ ਸੋਚਿਆ ਜਾਂ ਕੁੱਝ ਕੀਤਾ? ਜਾਂ ਇਸ ਸਾਲ ਵੀ ਅਜੇ ਸੁੱਖਾਂ ਲਾਹੁਣੀਆਂ ਹੀ ਬਾਕੀ ਹਨ?
*ਕਿੰਨੇ ਲੋਕਾਂ ਨੂੰ ਤੁਸੀਂ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ?
*ਕਿੰਨੇ ਡਿਗੇ ਹੋਏ ਲੋਕਾਂ ਨੂੰ ਤੁਸੀਂ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂ ਚੁੱਕਿਆ?
*ਕੀ ਤੁਸੀਂ ਆਪਣੇ ਕੀਤੇ ਸਮਾਜਕ ਕੰਮ ਤੋਂ ਖੁਸ਼ ਹੋਏ?
*ਕੀ ਤੁਸੀਂ ਆਪਣੇ ਹੱਕਾਂ ਜਾਂ ਦੂਜਿਆਂ ਦੇ ਹੱਕਾਂ ਲਈ ਲੜਨ ਦੀ ਕੋਸ਼ਿਸ਼ ਕੀਤੀ ਜਾਂ ਲੜ੍ਹੇ?
* ਕੀ ਤੁਸੀਂ ਆਰਗੇਨਿਕ ਫਸਲਾਂ ਬੀਜਣ ਦੀ ਸਕੀਮ ਬਣਾਈ ਜਾਂ ਬੀਜਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਝਾੜ੍ਹ ਘੱਟ ਹੋਣ ਦੇ ਬਾਵਯੂਦ ਆਮਦਨ ਵੱਧ ਹੋ ਜਾਵੇ l
*ਕੀ ਤੁਹਾਨੂੰ ਪਤਾ ਹੈ ਕਿ ਜੇ ਘਰ ਵਿੱਚ ਆਰਗੇਨਿਕ ਫਸਲਾਂ ਬੀਜਣ ਲਈ ਜਗ੍ਹਾ ਨਹੀਂ ਹੈ ਤਾਂ ਤੁਸੀਂ ਗਮਲਿਆਂ ਵਿੱਚ ਵੀ ਕੁੱਝ ਸਬਜ਼ੀਆਂ ਬੀਜ ਸਕਦੇ ਹੋ ਅਤੇ ਕੰਕਰੀਟ ਤੇ ਮਿੱਟੀ ਪਾ ਕੇ ਵੀ ਬੀਜ ਸਕਦੇ ਹੋ?
* ਕੀ ਤੁਹਾਨੂੰ ਪਤਾ ਲੱਗਾ ਕਿ ਫਸਲਾਂ ਅਤੇ ਪਾਣੀ ਰਾਹੀਂ ਜੋ ਕੈਮੀਕਲ ਅਸੀਂ ਆਪਣੇ ਸਰੀਰ ਵਿੱਚ ਪਾ ਰਹੇ ਹਾਂ ਉਸ ਨਾਲ ਆਪਣੀ ਉਮਰ ਘਟਾ ਰਹੇ ਹਾਂ ਅਤੇ ਬਿਮਾਰੀਆਂ ਨੂੰ ਸੱਦਾ ਵੀ ਦੇ ਰਹੇ ਹਾਂ?
*ਕੀ ਤੁਹਾਨੂੰ ਪਤਾ ਲੱਗਾ ਕਿ ਧਰਤੀ ਥੱਲਿਓਂ ਬੇਲੋੜਾ ਪਾਣੀ ਕੱਢਣ ਨਾਲ ਇੱਕ ਦਿਨ ਪਾਣੀ ਮੁੱਕ ਸਕਦਾ ਹੈ? ਜੇ ਪਤਾ ਹੈ ਤਾਂ ਪਾਣੀ ਬਚਾਉਣ ਲਈ ਤੁਸੀਂ ਕੀ ਕੀਤਾ?
*ਕੀ ਤੁਹਾਨੂੰ ਪਤਾ ਹੈ ਕਿ ਮੀਂਹ ਵਾਲਾ ਪਾਣੀ ਇਕੱਠਾ ਕਰਕੇ ਵਰਤਿਆ ਜਾ ਸਕਦਾ ਹੈ?
*ਕੀ ਤੁਹਾਨੂੰ ਪਤਾ ਲੱਗਾ ਕਿ ਕੈਮੀਕਲ ਵਾਲੀਆਂ ਸਬਜ਼ੀਆਂ, ਫਲ ਅਤੇ ਪਾਣੀ ਪੀ ਕੇ ਅਸੀਂ ਨਵੀਂ ਪੈਦਾ ਹੋਣ ਵਾਲੀ ਪੀੜ੍ਹੀ ਨੂੰ ਵੀ ਰੋਗੀ ਕਰ ਰਹੇ ਹਾਂ l
*ਕੀ ਬਿਮਾਰੀਆਂ ਤੋਂ ਬਚਣ ਲਈ ਕੋਈ ਕਸਰਤ ਕਰਨੀ ਸ਼ੁਰੂ ਕੀਤੀ?
*ਕੀ ਬਿਮਾਰੀਆਂ ਤੋਂ ਬਚਣ ਲਈ ਕੁੱਝ ਵੱਖਰਾ ਖਾਣਾ ਸ਼ੁਰੂ ਕੀਤਾ?
*ਕੀ ਪਤਾ ਲਗਾਇਆ ਕਿ ਕਿਹੜੇ ਖਾਣੇ ਤੁਹਾਡੇ ਲਈ ਹਾਨੀਕਾਰਕ ਹਨ? ਕੀ ਉਨ੍ਹਾਂ ਨੂੰ ਬਦਲਿਆ?
*ਕੀ ਤੁਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕਿਹੜੀ ਕਿਹੜੀ ਬਿਮਾਰੀ ਤੁਸੀਂ ਬਿਨਾਂ ਦਵਾਈ ਖਾਣ ਤੋਂ ਪਰਹੇਜ਼ ਨਾਲ ਠੀਕ ਕਰ ਸਕਦੇ ਹੋ?
*ਕੀ ਤੁਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਮਹਾਂਮਾਰੀ (Pandemic) ਕਿਸ ਨੂੰ ਕਹਿੰਦੇ ਹਨ? ਜਾਂ ਦੂਜਿਆਂ ਦੇ ਕਹਿਣ ਤੇ ਹੀ ਕਿਸੇ ਬਿਮਾਰੀ ਨੂੰ ਮਹਾਂਮਾਰੀ ਮੰਨ ਲਿਆ?
*ਜੇ ਤੁਸੀਂ ਢਿੱਡ ਭਰ ਖਾਣਾ ਖਾਂਦੇ ਸੀ ਤਾਂ ਕੀ ਤੁਸੀਂ 15% ਘੱਟ ਖਾਣ ਦਾ ਫੈਸਲਾ ਕੀਤਾ? ਇਸ 15% ਘੱਟ ਕਰਨ ਨਾਲ ਢਿੱਡ ਨੂੰ ਕੁੱਝ ਸੌਖਾ ਸਾਹ ਆ ਸਕਦਾ ਹੈ ਅਤੇ ਇਸ 15% ਨਾਲ ਭੁੱਖੇ ਲੋਕਾਂ ਤੱਕ ਖਾਣਾ ਪਹੁੰਚ ਸਕਦਾ ਹੈ l
*ਕੀ ਜਿਆਦਾ ਮਾਤਰਾ ਵਿੱਚ ਖੰਡ, ਲੂਣ, ਸੌਫਟ ਡਰਿੰਕਾਂ ਅਤੇ ਫਾਸਟ ਫ਼ੂਡ ਖਾਣ ਦੇ ਨੁਕਸਾਨ ਜਾਣੇ? ਕੀ ਕੁੱਝ ਬਦਲਣ ਬਾਰੇ ਸੋਚਿਆ?
*ਜੇ ਤੁਹਾਡਾ ਭਾਰ ਜਿਆਦਾ ਹੈ ਤਾਂ ਕੀ 20 ਗ੍ਰਾਮ ਰੋਜ਼ਾਨਾ ਭਾਰ ਘਟਾਉਣ ਬਾਰੇ ਸੋਚਿਆ?
*ਕੀ ਤੁਸੀਂ ਜਾਣਦੇ ਹੋ ਕਿ 20 ਗ੍ਰਾਮ ਰੋਜ਼ਾਨਾ ਭਾਰ ਘੱਟ ਕਰਨ ਲਈ ਬਹੁਤ ਘੱਟ ਬਦਲਾਅ ਕਰਨ ਦੀ ਲੋੜ ਹੁੰਦੀ ਹੈ ਅਤੇ ਭੁੱਖੇ ਵੀ ਨਹੀਂ ਰਹਿਣਾ ਪੈਂਦਾ?
* ਕੀ ਤੁਸੀਂ ਜਾਣਦੇ ਹੋ ਕਿ 20 ਗ੍ਰਾਮ ਰੋਜ਼ਾਨਾ ਭਾਰ ਘਟਾਉਣ ਨਾਲ ਤੁਹਾਡਾ ਸਾਲ ਵਿੱਚ 7 ਕਿੱਲੋ ਭਾਰ ਘੱਟ ਹੋ ਜਾਵੇਗਾ ਅਤੇ ਦੋ ਸਾਲਾਂ ਵਿੱਚ 14 ਕਿੱਲੋ l *ਕੀ ਤੁਹਾਨੂੰ ਪਤਾ ਹੈ ਕਿ ਉਪਰੋਕਤ ਵਿਧੀ ਨਾਲ ਭਾਰ ਘਟਾਉਣ ਨਾਲ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ?
*ਕੀ ਤੁਸੀਂ ਜਾਣਦੇ ਹੋ ਕਿ ਜਿਆਦਾ ਨਿਊਜ਼ੀਲੈਂਡ ਵਾਸੀ ਆਪਣੀਆਂ ਛੁੱਟੀਆਂ ਵਿੱਚ ਸਮੁੰਦਰ ਦੇ ਕੰਢੇ ਅਤੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਜਿਥੇ ਉਹ ਲੰਬੀ ਸੈਰ ਕਰਦੇ ਜਾਂ ਦੌੜਦੇ ਹਨ ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ ਅਤੇ ਆਪਣੀ ਜਿੰਦਗੀ ਸਵਾਰਦੇ ਹਨ ਜਦ ਕਿ ਵੱਡੀ ਗਿਣਤੀ ਭਾਰਤੀ ਲੋਕ ਧਾਰਮਿਕ ਅਸਥਾਨਾਂ ਤੇ ਆਪਣੀਆਂ ਸੁੱਖਾਂ ਲਾਹੁੰਦੇ ਹਨ ਅਤੇ ਅਗਲਾ ਜਨਮ ਸਵਾਰਨ ਦੀਆਂ ਗੱਲਾਂ ਪੈਸੇ ਦੇ ਕੇ ਸੁਣਨ ਜਾਂਦੇ ਹਨ?
*ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਓਸਤਨ ਉਮਰ 69 ਸਾਲ ਅਤੇ ਨਿਊਜ਼ੀਲੈਂਡ ਵਿੱਚ 83 ਸਾਲ ਦੇ ਲਗਭਗ ਹੈ? ਇਸ ਦਾ ਵੱਡਾ ਕਾਰਣ ਹੈ ਕਿ ਨਿਊਜ਼ੀਲੈਂਡ ਵਿੱਚ ਵਧੀਆ ਪਾਣੀ, ਘੱਟ ਸਪਰੇਆਂ ਵਾਲਾ ਖਾਣਾ ਜਾਂ ਆਰਗੈਨਿਕ ਖਾਣਾ, ਸ਼ੁੱਧ ਵਾਤਾਵਰਣ ਅਤੇ ਕਸਰਤ ਹੈ l ਇਹ ਉੱਪਰ ਵਾਲੇ (ਜਿਸ ਨੂੰ ਰੱਬ ਵੀ ਕਹਿੰਦੇ ਹਨ) ਦੇ ਕਿਸਮਤ ਵਿੱਚ ਲਿਖਣ ਕਰਕੇ ਨਹੀਂ ਹੈ l ਲੋਕ ਆਪਣੀ ਕਿਸਮਤ ਆਪ ਲਿਖਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਇਥੇ ਵੱਡੀ ਗਿਣਤੀ ਨਾਸਤਕਾਂ ਜਾਂ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਹੈ l
ਹੋ ਸਕਦਾ ਹੈ ਕਿ ਸ਼ਾਇਦ ਸਾਡੇ ਵਿੱਚੋਂ ਬਹੁਤ ਲੋਕ ਉਪਰੋਕਤ ਸਭ ਕੁੱਝ ਨਾ ਕਰ ਸਕੇ ਹੋਣ ਪਰ ਫਿਰ ਵੀ ਛੋਟੇ ਬਦਲਾਅ ਕਰਨ ਨਾਲ ਹੀ ਵੱਡੇ ਬਦਲਾਅ ਹੋ ਜਾਂਦੇ ਹਨ l
ਨਵੇਂ ਸਾਲਾਂ ਦੀ ਖੁਸ਼ੀ ਫਿਰ ਹੀ ਹੁੰਦੀ ਹੈ ਜੇ ਤੁਸੀਂ ਪੁਰਾਣੇ ਸਾਲਾਂ ਵਿੱਚੋਂ ਸਿੱਖ ਕੇ ਨਵੇਂ ਸਾਲਾਂ ਨੂੰ ਬੇਹਤਰ ਬਣਾ ਲਵੋ l ਜੇ ਬਦਲਾਅ ਨਹੀਂ ਕਰਦੇ ਤਾਂ ਸਿਰਫ ਹਰ ਸਾਲ ਕਲੰਡਰ ਅਤੇ ਸੰਨ ਹੀ ਬਦਲਦੇ ਰਹਿਣਗੇ, ਜਿਉਣ ਵਾਲੇ ਸਾਲ ਘਟਦੇ ਜਾਣਗੇ ਅਤੇ ਅਸੀਂ ਆਪੋ ਆਪਣੇ ਰੱਬਾਂ ਅੱਗੇ ਹੱਥ ਜੋੜ ਬੇਹਤਰੀ ਲਈ ਪ੍ਰਾਰਥਨਾਵਾਂ ਹੀ ਕਰਦੇ ਰਹਿ ਜਾਵਾਂਗੇ ਅਤੇ ਆਪਣੇ ਆਪ ਨੂੰ ਝੂਠੀ ਮਾਨਸਿਕ ਤਸੱਲੀ ਦਿੰਦੇ ਰਹਾਂਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147