ਇਨਸਾਨ ਨੂੰ ਲੰਬਾ ਸਮਾਂ ਜਿਉਣ ਦੀ ਇੱਛਾ ਹਮੇਸ਼ਾਂ ਰਹਿੰਦੀ ਹੈ ਜਾਂ ਵਾਰ ਵਾਰ ਜਨਮ ਲੈਣ ਦੀ ਇੱਛਾ ਰਹਿੰਦੀ ਹੈ l ਉਹ ਆਪਣੀ ਇਸ ਇੱਛਾ ਦੀ ਪੂਰਤੀ ਲਈ ਸਾਰੀ ਉਮਰ ਤਰਲੇ ਕਰਦਾ ਰਹਿੰਦਾ ਹੈ l ਵੱਖ ਵੱਖ ਧਰਮਾਂ, ਸਾਧਾਂ, ਸੰਤਾਂ ਅਤੇ ਚੇਲਿਆਂ ਦਾ ਸਹਾਰਾ ਲੈਂਦਾ ਹੈ ਪਰ ਪੱਲੇ ਫਿਰ ਵੀ ਕੁੱਝ ਨਹੀਂ ਪੈਂਦਾ l ਇਸ ਦੇ ਉਲਟ ਉਹ ਆਪਣੀ ਮਾਨਸਿਕ, ਸਰੀਰਕ ਅਤੇ ਆਰਥਿਕ ਲੁੱਟ ਪੁਜਾਰੀ ਵਰਗ ਤੋਂ ਕਰਵਾਉਂਦਾ ਹੈ ਜਿਸ ਕਾਰਣ ਉਹ ਆਪਣਾ ਇੱਕੋ ਇੱਕ ਮਿਲਿਆ ਵੱਡਮੁੱਲਾ ਜੀਵਨ ਵੀ ਬਰਬਾਦ ਕਰ ਲੈਂਦਾ ਹੈ l ਪੁਜਾਰੀ ਵਰਗ ਇਸ ਤਰਾਂ ਦੇ ਵਿਅਕਤੀ ਨੂੰ ਰੁੱਖੀ ਮਿੱਸੀ ਖਾਣ ਵਾਸਤੇ ਕਹਿੰਦਾ ਹੈ ਅਤੇ ਆਪ ਸਾਰੀ ਉਮਰ ਉਸ ਦੇ ਸਿਰ ਤੇ ਚੋਪੜੀਆਂ ਹੀ ਖਾਂਦਾ ਹੈ l ਪੁਜਾਰੀ ਵਰਗ ਉਸ ਨੂੰ ਕਹਿੰਦਾ ਹੈ ਕਿ ਰੱਬ ਗਰੀਬੀਦਾਵੇ ਮਿਲਦਾ ਹੈ ਪਰ ਆਪ ਮਹਿੰਗੀਆਂ ਕਾਰਾਂ ਵਿੱਚ ਫਿਰਦਾ ਹੈ l ਬਹੁਤੇ ਲੋਕ ਪੁਜਾਰੀਆਂ ਨੂੰ ਇਹ ਨਹੀਂ ਪੁੱਛਦੇ ਕਿ ਜੇ ਰੱਬ ਗਰੀਬੀਦਾਵੇ ਮਿਲਦਾ ਹੈ ਤਾਂ ਤੈਨੂੰ ਮਹਿੰਗੀਆਂ ਕਾਰਾਂ ਵਿੱਚ ਕਿਵੇਂ ਮਿਲਿਆ? ਭਾਵ ਕਿ ਮਨੁੱਖ ਨੂੰ ਆਪਣਾ ਅਗਲਾ ਜਨਮ ਸਵਾਰਨ ਦੇ ਨਾਮ ਤੇ ਸਾਰੀ ਉਮਰ ਲੁੱਟਿਆ ਜਾਂਦਾ ਹੈ l ਮਨੁੱਖ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਸਾਰੀ ਉਮਰ ਆਪਣੇ ਉੱਤੇ ਹੁੰਦੇ ਜ਼ੁਲਮ ਨੂੰ ਬਰਦਾਸ਼ਤ ਕਰਦਾ ਹੈ ਅਤੇ ਬਹੁਤੀਆਂ ਹਾਲਤਾਂ ਵਿੱਚ ਇਹ ਜ਼ੁਲਮ ਉਸ ਦੇ ਸਾਰੇ ਪਰਿਵਾਰ ਤੇ ਹੁੰਦਾ ਹੈ ਕਿਉਂਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਇੱਕ ਦੂਜੇ ਦੇ ਫੈਸਲਿਆਂ ਨਾਲ ਜੁੜੀ ਹੁੰਦੀ ਹੈ l
ਇਹ ਪੁਜਾਰੀ ਵਰਗ ਮਨੁੱਖ ਕੋਲੋਂ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਲਈ ਵੀ ਫੀਸ ਲੈਂਦਾ ਹੈ l ਭੁੱਲਾਂ ਬਖਸ਼ਾਉਣ ਦੇ ਨਾਮ ਤੇ ਅਖੌਤੀ ਰੱਬ ਅੱਗੇ ਪ੍ਰਾਰਥਨਾ ਕਰਕੇ ਭੁੱਲਾਂ ਬਖਸ਼ਾਉਣ ਦਾ ਭਰਮ ਪਾਇਆ ਜਾਂਦਾ ਹੈ l ਆਮ ਇਨਸਾਨ ਪੁਜਾਰੀਆਂ ਮਗਰ ਲੱਗ ਕੇ ਉਹ ਭੁੱਲਾਂ ਵੀ ਬਖਸ਼ਾਉਂਦਾ ਰਹਿੰਦਾ ਹੈ ਜੋ ਉਸ ਨੇ ਕਦੇ ਕੀਤੀਆਂ ਹੀ ਨਹੀਂ ਸਨ l ਉਹ ਉਨ੍ਹਾਂ ਗੁਨਾਹਾਂ ਦੀ ਮਾਫੀ ਮੰਗਦਾ ਰਹਿੰਦਾ ਹੈ ਜੋ ਉਸ ਨੇ ਕੀਤੇ ਹੀ ਨਹੀਂ l
ਪੁਜਾਰੀ ਵਰਗ ਤਕਰੀਬਨ ਸਭ ਧਰਮਾਂ ਵਿੱਚ ਹੁੰਦਾ ਹੈ ਸਿਰਫ ਪਹਿਰਾਵੇ ਦਾ ਹੀ ਫਰਕ ਹੁੰਦਾ ਹੈ l ਆਪਣੀ ਲੋੜ ਅਨੁਸਾਰ ਪੁਜਾਰੀ ਵਰਗ ਧਰਮ ਦੇ ਰੀਤੀ ਰਿਵਾਜ਼ ਵੀ ਬਦਲ ਲੈਂਦਾ ਹੈ l
ਇਹ ਸਭ ਕਰਨ ਦੇ ਬਾਵਯੂਦ ਆਮ ਇਨਸਾਨ ਨੂੰ ਕੋਈ ਦੂਜਾ ਜਨਮ ਨਹੀਂ ਮਿਲਦਾ l ਤਰਕਸ਼ੀਲ ਸੁਸਾਇਟੀਆਂ ਅਤੇ ਵਿਅਕਤੀਆਂ ਕੋਲ ਸੈਂਕੜੇ ਪੁਨਰ ਜਨਮ ਦੇ ਕੇਸ ਆਏ ਹਨ ਜੋ ਪੜਤਾਲ ਕਰਨ ਤੇ ਗਲਤ ਸਾਬਤ ਹੋਏ ਹਨ ਪਰ ਇਹ ਲੋਟੂ ਮਹਿਕਮਾ ਅਜੇ ਵੀ ਅਗਲੇ ਜਨਮ ਦੇ ਨਾਮ ਤੇ ਇਨਸਾਨਾਂ ਨੂੰ ਲੁੱਟਦਾ ਹੈ ਅਤੇ ਉਨ੍ਹਾਂ ਦੀ ਜਿੰਦਗੀ ਲਗਾਤਾਰ ਖਰਾਬ ਕਰਦਾ ਹੈ l
ਇਸ ਦੇ ਉਲਟ ਅਗਾਂਹਵਧੂ ਕਿਤਾਬਾਂ ਪੜ੍ਹਣ ਵਾਲੇ ਲੋਕ ਇੱਕ ਜਨਮ ਵਿੱਚ ਹੀ ਕਈ ਜਨਮ ਜੀਅ ਲੈਂਦੇ ਹਨ l ਹਰ ਕਿਤਾਬ ਵਿੱਚ ਵੱਖਰੇ ਲੇਖਕ ਦੀ ਜਿੰਦਗੀ ਦਾ ਤਜਰਬਾ ਲਿਖਿਆ ਹੁੰਦਾ ਹੈ l ਇਸ ਕਰਕੇ ਉਹ ਜਿੰਨੀਆਂ ਜਿਆਦਾ ਕਿਤਾਬਾਂ ਪੜ੍ਹਦੇ ਹਨ ਉਨ੍ਹਾਂ ਨੂੰ ਓਨਾ ਹੀ ਵੱਧ ਤਜਰਬਾ ਹੁੰਦਾ ਜਾਂਦਾ ਹੈ l
ਵਿਗਿਆਨਕ ਤੌਰ ਤੇ ਸਾਬਤ ਹੋ ਚੁੱਕਾ ਹੈ ਕਿ ਕੋਈ ਦੂਜਾ ਜਨਮ ਨਹੀਂ ਹੁੰਦਾ ਇਸ ਕਰਕੇ ਆਪਣੇ ਇੱਕੋ ਇੱਕ ਮਿਲੇ ਜੀਵਨ ਨੂੰ ਖਰਾਬ ਨਹੀਂ ਕਰਨਾ ਚਾਹੀਦਾ l ਆਪਣੇ ਜੀਵਨ ਅਤੇ ਸਮਾਜ ਨੂੰ ਚੰਗਾ ਬਣਾਉਣ ਵਾਲੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਤਰੱਕੀ ਕਰਦੇ ਮੁਲਕਾਂ ਦੀ ਕਤਾਰ ਵਿੱਚ ਖੜ੍ਹੇ ਹੋ ਸਕੀਏ ਨਾ ਕਿ ਹੱਥ ਜੋੜਣ ਅਤੇ ਸਿਰ ਝੁਕਾਉਣ ਵਾਲੇ ਮੁਲਕਾਂ ਦੀ ਕਤਾਰ ਵਿੱਚ ਖੜ੍ਹੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147