-ਆਪਣੇ ਤਜਰਬੇ ਤੇ ਅਧਾਰਤ
ਜਿਸ ਤਰਾਂ ਨਵੀਂ ਪੀੜ੍ਹੀ ਨਵੀਂ ਟੈਕਨੌਲੋਜੀ ਨਾਲ ਜੁੜ ਰਹੀ ਹੈ ਉਸੇ ਤਰਾਂ ਨਾਲ ਦੀ ਨਾਲ ਉਨ੍ਹਾਂ ਦਾ ਕਿਤਾਬਾਂ ਪੜ੍ਹਨ ਦਾ ਰੁਝਾਨ ਘਟਿਆ ਹੈ l ਨਵੀਂ ਟੈਕਨੌਲੋਜੀ ਨਾਲ ਜੁੜਨਾ ਕੋਈ ਮਾੜਾ ਕੰਮ ਨਹੀਂ ਹੈ l ਅਸੀਂ ਨਵੀਂ ਟੈਕਨੌਲੋਜੀ ਨੂੰ ਆਪਣੇ ਫਾਇਦੇ ਅਤੇ ਨੁਕਸਾਨ ਦੋਨਾਂ ਵਾਸਤੇ ਵਰਤ ਸਕਦੇ ਹਾਂ l ਇਹ ਵਰਤਣ ਵਾਲੇ ਦੀ ਮਾਨਸਿਕਤਾ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਟੈਕਨੌਲੋਜੀ ਨਾਲ ਆਪਣਾ ਫਾਇਦਾ ਕਰਨਾ ਹੈ ਜਾਂ ਨੁਕਸਾਨ l
ਮੈਨੂੰ ਕਾਫੀ ਗਿਣਤੀ ਮੁੰਡੇ ਕੁੜੀਆਂ ਦੇ ਫੋਨ ਆਉਂਦੇ ਹਨ ਜੋ ਮੈਨੂੰ ਆਪਣੀ ਇਹ ਸਮੱਸਿਆ ਦੱਸਦੇ ਹਨ l ਉਨ੍ਹਾਂ ਵਿੱਚੋਂ ਕਈਆਂ ਦੀ ਆਦਤ ਹਟਾਉਣ ਜਾਂ ਘਟਾਉਣ ਵਿੱਚ ਮੈਂ ਕਾਮਯਾਬ ਵੀ ਹੋਇਆ ਹਾਂ ਅਤੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਤੇ ਲਗਾਇਆ ਹੈ ਜਿਸ ਤੋਂ ਉਹ ਬਹੁਤ ਖੁਸ਼ ਹਨ l ਇਹ ਆਦਤ ਬਦਲਣ ਵਾਸਤੇ ਮੇਰਾ ਵੀ ਕਾਫੀ ਸਮਾਂ ਲਗਦਾ ਹੈ ਅਤੇ ਸੰਬੰਧਤ ਵਿਅਕਤੀ ਦਾ ਵੀ ਕਾਫੀ ਸਮਾਂ ਲਗਦਾ ਹੈ l ਇਸ ਕਰਕੇ ਮੈਂ ਸੋਚਿਆ ਕਿ ਮੈਂ ਇੱਕ ਲੇਖ ਦੇ ਰੂਪ ਵਿੱਚ ਇਹ ਜਾਣਕਾਰੀ ਲਿਖ ਦੇਵਾਂ ਤਾਂ ਕਿ ਵੱਧ ਪਾਠਕਾਂ ਲਈ ਲਾਹੇਵੰਦ ਹੋਵੇ l
ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਸਭ ਤੋਂ ਪਹਿਲਾਂ ਆਪਣੀ ਸੋਚ ਬਾਰੇ ਜਾਨਣ ਦੀ ਲੋੜ ਹੈ l ਸਭ ਤੋਂ ਪਹਿਲਾਂ ਉਹ ਕਿਤਾਬ ਪੜਨੀ ਚਾਹੀਦੀ ਹੈ ਜਿਸ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ l ਉਦਾਹਰਣ ਦੇ ਤੌਰ ਤੇ ਜੇ ਤੁਸੀਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹੋ ਤਾਂ ਕੋਈ ਚੰਗਾ ਨਾਵਲ ਪੜ੍ਹ ਸਕਦੇ ਹੋ ਜਿਸ ਨੂੰ ਪੜ੍ਹ ਕੇ ਤੁਹਾਨੂੰ ਲੱਗੇਗਾ ਕਿ ਫਿਲਮ ਦੀ ਕਹਾਣੀ ਚੱਲ ਰਹੀ ਹੈ ਅਤੇ ਤੁਹਾਡਾ ਪੜ੍ਹਨ ਵੱਲ ਹੋਰ ਰੁਝਾਨ ਵਧੇਗਾ l ਨਾਵਲ ਜਿਸ ਤਰਾਂ ਸੂਹੀਆ, ਤੂਤਾਂ ਵਾਲਾ ਖੂਹ, ਚਿੱਟਾ ਲਹੂ ਅਤੇ ਈਚੋਗਿਲ ਨਹਿਰ ਤੱਕ ਸੌਖੇ ਸਮਝ ਆਉਣ ਵਾਲੇ ਹਨ l
ਉਸ ਤੋਂ ਬਾਦ ਉਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਜੋ ਆਪਣੇ ਸਮਾਜ ਜਾਂ ਆਪਣੇ ਆਲੇ ਦੁਆਲੇ ਨਾਲ ਜੁੜੀਆਂ ਹੋਣ ਜਿਨ੍ਹਾਂ ਵਿੱਚ ਆਪਣੇ ਘਰਾਂ ਦੇ ਮਸਲੇ ਅਤੇ ਉਨ੍ਹਾਂ ਮਸਲਿਆਂ ਦੇ ਹੱਲ ਹੋਣ ਅਤੇ ਤੁਹਾਨੂੰ ਕੀ, ਕਿਉਂ, ਕਿੱਦਾਂ ਅਤੇ ਕਿਵੇਂ ਬਾਰੇ ਸੋਚਣਾ ਸਿਖਾਉਣ ਜਿਨ੍ਹਾਂ ਨਾਲ ਦਿਮਾਗ ਵਧੀਆ ਤਰੀਕੇ ਨਾਲ ਚੱਲੇਗਾ l ਦਿਮਾਗ ਉਸ ਵਿਅਕਤੀ ਦਾ ਚੱਲਦਾ ਹੈ ਜੋ ਸਵਾਲ ਕਰਦਾ ਹੈ l ਉਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਲੱਗੇ ਕਿ ਸਾਡੇ ਘਰ, ਪਰਿਵਾਰ, ਰਿਸ਼ਤੇਦਾਰਾਂ ਜਾਂ ਸਮਾਜ ਦੀ ਗੱਲ ਹੋ ਰਹੀ ਹੈ l ਇਨ੍ਹਾਂ ਵਿੱਚ ਕਿਤਾਬਾਂ ‘ ਦੇਵ ਪੁਰਸ਼ ਹਾਰ ਗਏ, ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ, ਜੋਤਿਸ਼ ਝੂਠ ਬੋਲਦਾ ਹੈ, ਮੁੱਠੀ ਭਰ ਸੁਆਹ, ਚਿੱਠੀਆਂ ਲਿਖ ਤਰਕਸ਼ੀਲਾਂ ਨੂੰ ਪਾਈਆਂ ਅਤੇ ਰੌਸ਼ਨੀ ਆਦਿ ਸ਼ਾਮਲ ਹਨ l ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਵਿਅਕਤੀ ਦੀ ਹੋਰ ਰੌਚਕਤਾ ਵਧਦੀ ਹੈ ਅਤੇ ਉਹ ਆਪਣੇ ਪਰਿਵਾਰਕ ਅਤੇ ਸਮਾਜਕ ਮਸਲੇ ਵੀ ਵਿਗਿਆਨਕ ਤਰੀਕੇ ਨਾਲ ਹੱਲ ਕਰਨੇ ਸ਼ੁਰੂ ਕਰ ਦਿੰਦਾ ਹੈ l ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਨਾਲ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਹੋ ਜਾਂਦੇ ਹੋ ਅਤੇ ਮਾਨਸਿਕ ਰੋਗਾਂ ਤੋਂ ਦੂਰ ਰਹਿਣ ਦੇ ਯੋਗ ਹੋ ਜਾਂਦੇ ਹੋ l
ਇਸ ਤੋਂ ਬਾਦ ਮਨੁੱਖ ਦੀ ਉੱਤਪਤੀ ਅਤੇ ਜੀਵ ਦੀ ਉੱਤਪਤੀ ਬਾਰੇ ਕਿਤਾਬਾਂ ਪੜ੍ਹ ਸਕਦੇ ਹੋ l ਸਮੇਂ ਦਾ ਇਤਿਹਾਸ ਕਿਤਾਬ ਵੀ ਪੜ੍ਹ ਸਕਦੇ ਹੋ l ਇਹ ਕਿਤਾਬਾਂ ਵੀ ਸਾਡਾ ਦਿਮਾਗ ਚੱਲਦਾ ਰੱਖਦੀਆਂ ਹਨ l ਦਿਮਾਗ ਹਰ ਵੇਲੇ ਆਪਣੀ ਧਰਤੀ, ਜੀਵਾਂ ਮਨੁੱਖਾਂ ਅਤੇ ਬ੍ਰਹਿਮੰਡ ਬਾਰੇ ਸੋਚਦਾ ਹੈ l
ਇਸ ਤੋਂ ਬਾਦ ਵਿਗਿਆਨ ਦੀਆਂ ਖੋਜਾਂ ਅਤੇ ਪ੍ਰਾਪਤੀਆਂ ਬਾਰੇ ਕਿਤਾਬਾਂ ਪੜ੍ਹ ਸਕਦੇ ਹੋ l ਸਾਇੰਸ ਸਿਟੀ ਬਾਰੇ ਜਾਣਕਾਰੀ ਪੜ੍ਹ ਸਕਦੇ ਹੋ l ਜੇ ਹੋ ਸਕੇ ਤਾਂ ਸਾਇੰਸ ਸਿਟੀ ਜਾ ਕੇ ਦੇਖੋ ਅਤੇ ਉਥੇ ਪੂਰੇ ਦਿਨ ਲਈ ਜਾਓ ਅਤੇ ਅੰਦਰ ਵੱਖ ਵੱਖ ਜੀਵਾਂ ਬਾਰੇ ਲਿਖੀ ਜਾਣਕਾਰੀ ਪੜ੍ਹੋ ਤਾਂ ਕਿ ਸਾਨੂੰ ਜੀਵਾਂ ਦੀ ਉੱਤਪਤੀ ਬਾਰੇ ਜਾਣਕਾਰੀ ਮਿਲੇ l ਸਾਨੂੰ ਪਤਾ ਲੱਗੇ ਕਿ ਮਨੁੱਖੀ ਜੀਵਨ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਪੜ੍ਹਾਵਾਂ ਵਿੱਚੋਂ ਨਿਕਲਣਾ ਪਿਆ? ਇਸ ਨਾਲ ਮਨੁੱਖੀ ਜੀਵਨ ਦੀ ਮਹੱਤਤਾ ਪਤਾ ਲੱਗੇਗੀ ਅਤੇ ਸੁਚੱਜੇ ਢੰਗ ਨਾਲ ਜਿਉਣ ਦੀ ਪ੍ਰੇਰਨਾ ਮਿਲੇਗੀ l ਸੰਘਰਸ਼ ਕਰਨ ਦੀ ਆਦਤ ਪਵੇਗੀ ਜਿਸ ਤੋਂ ਵੱਡੀ ਗਿਣਤੀ ਵਿੱਚ ਨਵੀਂ ਪੀੜ੍ਹੀ ਡਰਦੀ ਹੈ l ਇਹੀ ਸੰਘਰਸ਼ ਨਾ ਕਰਨ ਦੀ ਆਦਤ ਆਤਮ ਹੱਤਿਆ ਅਤੇ ਮਾਨਸਿਕ ਰੋਗਾਂ ਵੱਲ ਲੈ ਜਾਂਦੀ ਹੈ l
ਇਸ ਤੋਂ ਬਾਦ ਆਪਣੀ ਸਿਹਤ ਬਾਰੇ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ l ਮਨੁੱਖ ਨੂੰ ਇੱਕੋ ਜਨਮ ਮਿਲਿਆ ਹੈ l ਉਹ ਜਾਣਕਾਰੀ ਨਾਲ ਆਪਣੇ ਇਸ ਜੀਵਨ ਨੂੰ ਲੰਬਾ ਅਤੇ ਤੰਦਰੁਸਤ ਬਣਾ ਸਕਦਾ ਹੈ l ਇਸ ਵਿੱਚ ਆਮ ਮਨੁੱਖਾਂ ਨੂੰ ਲਗਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਕਾਰਨਾਂ ਬਾਰੇ ਪੜ੍ਹ ਸਕਦੇ ਹੋ ਜਿਵੇੰ ਹਾਈ ਕੌਲੇਸਟਰੋਲ, ਹਾਈ ਬਲੱਡ ਸ਼ੂਗਰ, ਸਟਰੋਕ, ਗੁਰਦਿਆਂ ਦੀ ਬਿਮਾਰੀ ਅਤੇ ਕੈਂਸਰ ਬਾਰੇ ਪੜ੍ਹ ਸਕਦੇ ਹੋ l ਇਨ੍ਹਾਂ ਬਿਮਾਰੀਆਂ ਬਾਰੇ ਬਹੁਤ ਛੋਟੀਆਂ ਛੋਟੀਆਂ ਕਿਤਾਬਾਂ ਛਪੀਆਂ ਹੋਈਆਂ ਹਨ ਜੋ ਕਿ ਇੱਕ ਦਿਨ ਵਿੱਚ ਹੀ ਪੜ੍ਹੀਆਂ ਜਾ ਸਕਦੀਆਂ ਹਨ l
ਇਸ ਤੋਂ ਬਾਦ ਉਪਰੋਕਤ ਬਿਮਾਰੀਆਂ ਦੇ ਲੱਗਣ ਦੇ ਕਾਰਣ ਅਤੇ ਕੁਦਰਤੀ ਇਲਾਜਾਂ ਬਾਰੇ ਪੜ੍ਹ ਸਕਦੇ ਹੋ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਚੀਜ਼ਾਂ ਖਾ ਕੇ ਜਾਂ ਛੱਡ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ? ‘ਕਿਤਾਬ ਗਰਮ ਮਸਾਲਿਆਂ ਨਾਲ ਇਲਾਜ’ ਪੜ੍ਹ ਸਕਦੇ ਹੋ ਜਿਸ ਤੋਂ ਆਪਣੇ ਘਰਾਂ ਵਿੱਚ ਵਰਤ ਹੋਣ ਵਾਲੇ ਮਸਾਲਿਆਂ ਬਾਰੇ ਪਤਾ ਚੱਲਦਾ ਹੈ l
ਵੱਖ ਵੱਖ ਕਸਰਤਾਂ ਕਰਨ ਬਾਰੇ ਪੜ੍ਹ ਸਕਦੇ ਹੋ ਜੋ ਤੁਹਾਨੂੰ ਸਿਹਤਮੰਦ ਅਤੇ ਲੰਬਾ ਜੀਵਨ ਦੇਣ ਵਿੱਚ ਮੱਦਦ ਕਰ ਸਕਦੀਆਂ ਹਨ l ਆਪਣੇ ਖਾਣੇ ਬਾਰੇ ਪੜ੍ਹੋ ਕਿ ਤੁਹਾਨੂੰ ਘੱਟ ਖਾਣਾ ਵੀ ਲੰਬਾ ਜੀਵਨ ਦੇ ਸਕਦਾ ਹੈ l
ਮਨੁੱਖੀ ਜੀਵਨ ਦਾ ਇਤਿਹਾਸ ਜਾਨਣ ਲਈ ਕਿਤਾਬ ‘ਵੋਲਗਾ ਤੋਂ ਗੰਗਾ ਤੱਕ’ ਪੜ੍ਹ ਸਕਦੇ ਹੋ ਜਿਸ ਤੋਂ ਪਤਾ ਲਗਦਾ ਕਿ ਕਿਵੇਂ ਮਨੁੱਖ ਪਹਿਲਾਂ ਗਰੁੱਪਾਂ ਵਿੱਚ ਰਹਿੰਦਾ ਸੀ ਅਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਸੀ? ਕਿਸ ਤਰਾਂ ਔਰਤਾਂ ਮਰਦ ਵਿਆਹ ਤੋਂ ਬਿਨਾਂ ਗਰੁੱਪਾਂ ਵਿੱਚ ਰਹਿੰਦੇ ਸੀ ਭਾਵ ਮਨੁੱਖ ਉਸ ਸਮੇਂ ਸੱਭਿਅਕ ਨਹੀਂ ਹੋਇਆ ਸੀ l
ਇਸ ਤੋਂ ਬਾਦ ਪੜ੍ਹਾਈ ਦੀ ਅਹਿਮੀਅਤ ਅਤੇ ਅਧਿਆਪਕ ਦੀ ਅਹਿਮੀਅਤ ਜਾਨਣ ਲਈ ਬਹੁਤ ਛੋਟੀ ਕਿਤਾਬ ‘ਮੇਰਾ ਅਧਿਆਪਕ’ ਪੜ੍ਹ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਕਿਵੇਂ ਸਾਨੂੰ ਅੱਜ ਦੇ ਸਮੇਂ ਵਿੱਚ ਵੀ ਇਸ ਤਰਾਂ ਦੇ ਅਧਿਆਪਕਾਂ ਦੀ ਲੋੜ ਹੈ? ਇਹ ਬਹੁਤ ਹੀ ਵਧੀਆ ਕਿਤਾਬ ਹੈ l
ਜੇਕਰ ਤੁਸੀਂ ਛੋਟੀਆਂ ਕਹਾਣੀਆਂ ਜਾਂ ਘਟਨਾਵਾਂ ਪੜ੍ਹਨੀਆਂ ਚਾਹੁੰਦੇ ਹੋ ਤਾਂ “ਖਿੜਕੀਆਂ’ ਕਿਤਾਬ ਪੜ੍ਹ ਸਕਦੇ ਹੋ l
ਆਮ ਤੌਰ ਤੇ ਭਾਰਤ ਵਿੱਚ ਰਹਿੰਦਿਆਂ ਅਸੀਂ ਜਿਆਦਾ ਧਿਆਨ ਜਾਤ, ਧਰਮ ਅਤੇ ਰੱਬ ਦੇ ਮਸਲਿਆਂ ਵੱਲ ਦਿੰਦੇ ਹਾਂ l ਭਾਰਤ ਵਿੱਚ ਰਹਿੰਦਿਆਂ ਇਹ ਮਸਲੇ ਕਿਸੇ ਵਾਸਤੇ ਵੀ ਅਹਿਮ ਹੋ ਸਕਦੇ ਹਨ ਪਰ ਇਨ੍ਹਾਂ ਮਸਲਿਆਂ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਦੁਨੀਆਂ ਦੇ ਮਸਲਿਆਂ ਬਾਰੇ ਸੋਚਣਾ ਜਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਇਸ ਤੋਂ ਵੀ ਉੱਪਰ ਸਚਾਈਆਂ ਸਾਹਮਣੇ ਆਉਂਦੀਆਂ ਹਨ l ਸਾਨੂੰ ਪਤਾ ਲਗਦਾ ਹੈ ਕਿ ਕਿਵੇਂ ਕੁੱਝ ਪਰਿਵਾਰਾਂ ਨੇ ਹੀ ਦੁਨੀਆਂ ਦਾ ਵੱਡਾ ਹਿੱਸਾ ਜਾਇਦਾਦ ਅਤੇ ਪੈਸਾ ਕਾਬੂ ਕੀਤਾ ਹੋਇਆ ਹੈ? ਇਸ ਤਰਾਂ ਦੇ ਮਸਲਿਆਂ ਬਾਰੇ ਜਾਨਣ ਲਈ ਕੁੱਝ ਕਿਤਾਬਾਂ ਮੱਦਦਗਾਰ ਹੋ ਸਕਦੀਆਂ ਹਨ l ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਕਿਵੇਂ ਦੂਜੇ ਮੁਲਕਾਂ ਨੂੰ ਕਰਜ਼ਾ ਦੇ ਕੇ ਗੁਲਾਮ ਕੀਤਾ ਜਾਂਦਾ ਹੈ, ਕਿਵੇਂ ਦਵਾਈਆਂ ਅਤੇ ਟੀਕੇ ਲਗਾ ਕੇ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ l ਇਨ੍ਹਾਂ ਕਿਤਾਬਾਂ ਵਿੱਚ ਦੂਜਾ ਪਾਸਾ, ਸੱਚ ਦੀ ਭਾਲ ਵਿੱਚ, ਸਮੇਂ ਦਾ ਸੱਚ, ਇੱਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ ਅਤੇ ਸਦਮਾ ਸਿਧਾਂਤ ਸ਼ਾਮਲ ਹਨ l ਇਸ ਥਾਂ ਆ ਕੇ ਤੁਸੀਂ ਆਪਣੇ ਆਪ ਨੂੰ ਉੱਪਰ ਚੁੱਕ ਲਿਆ ਹੈ l ਤੁਸੀਂ ਹੁਣ ਸਮਾਜ ਬਾਰੇ ਅਤੇ ਹੋਰ ਲੋਕਾਂ ਬਾਰੇ ਵੀ ਸੋਚਣ ਲੱਗੇ ਹੋ ਭਾਵ ਸਵਾਰਥੀ ਨਹੀਂ ਰਹੇ l
ਇਸ ਤੋਂ ਬਾਦ ਕਮਿਊਨਿਜਮ ਬਾਰੇ ਪੜ੍ਹ ਸਕਦੇ ਹੋ l ਜਦੋਂ ਕਮਿਊਨਿਜ਼ਮ ਦੀ ਗੱਲ ਹੁੰਦੀ ਹੈ ਤਾਂ ਬਹੁਤੇ ਲੋਕ ਇਸ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੀ ਨਿੱਜੀ ਜਿੰਦਗੀ ਦੇਖ ਕੇ ਹਾਂ ਪੱਖੀ ਜਾਂ ਨਾਂਹ ਪੱਖੀ ਵਿਚਾਰ ਦਿੰਦੇ ਹਨ l ਇਥੇ ਇਹ ਜਾਨਣ ਦੀ ਲੋੜ ਹੈ ਕਿ ਕਿਸੇ ਇੱਕ ਵਿਅਕਤੀ ਨਾਲ ਕਦੇ ਵੀ ਵਿਚਾਰਧਾਰਾ ਮਾੜੀ ਨਹੀਂ ਹੁੰਦੀ l ਇਹ ਹੋ ਸਕਦਾ ਹੈ ਕਿ ਉਸ ਵਿਚਾਰਧਾਰਾ ਨਾਲ ਜੁੜੇ ਲੋਕ ਉਸ ਨੂੰ ਪੂਰੀ ਤਰਾਂ ਨਾ ਸਮਝੇ ਹੋਣ ਜਾਂ ਉਸ ਵਿਚਾਰਧਾਰਾ ਨਾਲ ਨਾ ਜੁੜੇ ਹੋਣ ਜਾਂ ਉਸ ਉੱਪਰ ਪੂਰੀ ਤਰਾਂ ਨਾ ਚੱਲੇ ਹੋਣ l ਜੇਕਰ ਥੋੜ੍ਹੇ ਸ਼ਬਦਾਂ ਵਿੱਚ ਕਮਿਊਨਿਜ਼ਮ ਵਿਚਾਰਧਾਰਾ ਨੂੰ ਸਮਝਣਾ ਹੋਵੇ ਤਾਂ ਇੱਕੋ ਵਾਕ ਵਿੱਚ ਸਮਝ ਆ ਜਾਂਦਾ ਹੈ ‘Do according to your capacity and take according to your needs’. ਇਸ ਦਾ ਭਾਵ ਹੈ ਕਿ ਤੁਸੀਂ ਆਪਣੀ ਹਿੰਮਤ ਮੁਤਾਬਕ ਕੰਮ ਕਰੋ ਅਤੇ ਲੋੜ ਅਨੁਸਾਰ ਚੀਜ਼ਾਂ ਲੈ ਜਾਓ l
ਇਸ ਤੋਂ ਬਾਦ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਬਣ ਜਾਂਦੀ ਹੈ ਅਤੇ ਤੁਸੀਂ ਕਿਤਾਬਾਂ ਪੜ੍ਹਦੇ ਥੱਕਦੇ ਨਹੀਂ l ਵੱਖ ਵੱਖ ਕਿਤਾਬਾਂ ਆਪਣੀ ਆਰਥਿਕਤਾ ਨੂੰ ਸੁਧਾਰਨ ਵਾਸਤੇ ਪੜ੍ਹ ਸਕਦੇ ਹੋ l ਕਿੱਤਿਆਂ ਤੇ ਅਧਾਰਤ ਕਿਤਾਬਾਂ ਪੜ੍ਹ ਸਕਦੇ ਹੋ l
ਇਸੇ ਤਰਾਂ ਕਰਦਿਆਂ ਮੈਨੂੰ ਹਜ਼ਾਰਾਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ ਅਤੇ ਅਜੇ ਵੀ ਪੜ੍ਹਦਾ ਰਹਿੰਦਾ ਹਾਂ l ਮੈਨੂੰ ਦੁਨੀਆਂ ਦੇ ਮੰਨੇ ਪਰਮੰਨੇ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ l ਮੇਰੇ ਇਸੇ ਕਿਤਾਬਾਂ ਪੜ੍ਹਨ ਦੇ ਸ਼ੌਂਕ ਨੇ ਮੈਨੂੰ ਅੰਗਰੇਜ਼ੀ ਭਾਸ਼ਾ ਘਰ ਵਿੱਚ ਹੀ ਸਿੱਖਣ ਲਈ ਪ੍ਰੇਰਿਆ ਜਿਸ ਨਾਲ ਮੈਂ ਅੰਗਰੇਜ਼ੀ ਭਾਸ਼ਾ ਦੀਆਂ ਕਿਤਾਬਾਂ ਪੜ੍ਹਨ ਦੇ ਯੋਗ ਹੋਇਆ l ਜੇਕਰ ਤੁਸੀਂ ਆਪਣੇ ਕਿਤਾਬਾਂ ਪੜ੍ਹਨ ਦੇ ਸ਼ੌਂਕ ਨੂੰ ਤੁਸੀਂ ਆਪਣੀ ਆਰਥਿਕਤਾ ਨਾਲ ਜੋੜ ਲਵੋਗੇ ਤਾਂ ਤੁਸੀਂ ਕਦੇ ਵੀ ਕਿਤਾਬਾਂ ਪੜ੍ਹਨ ਤੋਂ ਅੱਕੋਗੇ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147