-ਆਪਣੇ ਤਜਰਬੇ ਤੇ ਅਧਾਰਤ
ਆਰਥਿਕ ਆਜ਼ਾਦੀ ਉਸ ਨੂੰ ਕਹਿੰਦੇ ਹਨ ਜਦੋਂ ਵਿਅਕਤੀ ਨੂੰ ਪੈਸੇ ਵਾਸਤੇ ਕੰਮ ਕਰਨ ਦੀ ਲੋੜ ਨਾ ਰਹਿ ਜਾਵੇ ਜਾਂ ਇਹ ਕਿਹਾ ਜਾ ਸਕਦਾ ਕਿ ਆਰਥਿਕ ਆਜ਼ਾਦੀ ਦਾ ਸਮਾਂ ਉਸ ਨੂੰ ਮੰਨਿਆ ਜਾਂਦਾ ਹੈ ਜਦੋਂ ਉਸ ਦੇ ਮਿਥੇ ਗੋਲ ਪ੍ਰਾਪਤ ਹੋ ਜਾਂਦੇ ਹਨ ਅਤੇ ਉਸ ਨੂੰ ਹੋਰ ਪੈਸਾ ਕਮਾਉਣ ਲਈ ਕੰਮ ਨਹੀਂ ਕਰਨਾ ਪੈਂਦਾ l ਆਰਥਿਕ ਆਜ਼ਾਦੀ ਪ੍ਰਾਪਤ ਕਰਨ ਵਾਲੇ ਨੂੰ ਸਰਕਾਰ ਵਲੋਂ ਮਿਲਦੀ ਕਿਸੇ ਵੀ ਸਹੂਲਤ ਦੀ ਲੋੜ ਨਹੀਂ ਰਹਿੰਦੀ l
ਪੜ੍ਹਨ ਤੋਂ ਬਾਦ ਬਹੁਤੇ ਲੋਕ ਆਪਣੇ ਕੈਰੀਅਰ ਦੀ ਸ਼ੁਰੂਆਤ ਜੌਬ ਲੱਭ ਕੇ ਕਰਦੇ ਹਨ l ਉਹ ਪੈਸਾ ਕਮਾਉਣ ਵਾਸਤੇ ਆਪਣਾ ਸਮਾਂ ਵੇਚਦੇ ਹਨ l ਭਾਵ ਜੇਕਰ ਇੱਕ ਘੰਟਾ ਕੰਮ ਕਰਨ ਦੇ 20 ਡਾਲਰ ਮਿਲਦੇ ਹੋਣ ਤਾਂ ਉਸ ਵਿਅਕਤੀ ਨੂੰ ਉਸ ਦਾ ਮਾਲਕ ਓਨੇ ਹੀ ਪੈਸੇ ਦੇਵੇਗਾ ਜਿੰਨੇ ਉਹ ਆਪਣੀ ਜਿੰਦਗੀ ਦੇ ਘੰਟੇ ਵੇਚੇਗਾ l
ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਤਾਂ ਉਸ ਵਿਅਕਤੀ ਕੋਲ ਵੇਚਣ ਵਾਸਤੇ ਘੰਟੇ ਹਨ ਓਨਾ ਚਿਰ ਤਾਂ ਆਪਣੇ ਘੰਟੇ ਵੇਚਦਾ ਰਹੇਗਾ ਪਰ ਜਦੋਂ ਘੰਟੇ ਖਤਮ ਹੋ ਗਏ ਤਾਂ ਫਿਰ ਕੀ ਵੇਚੇਗਾ ?
ਤੁਸੀਂ ਹੈਰਾਨ ਹੋਵੋਗੇ ਕਿ ਘੰਟੇ ਕਿਸ ਤਰਾਂ ਮੁੱਕ ਜਾਣਗੇ ? ਜਦੋਂ ਵਿਦੇਸ਼ਾਂ ਵਿੱਚ ਪੈਨਸ਼ਨ ਵਾਲੀ ਉਮਰ 65 ਸਾਲ ਹੋ ਜਾਂਦੀ ਹੈ ਤਾਂ ਲੋਕ ਘੰਟੇ ਵੇਚਣਾ ਬੰਦ ਕਰ ਦਿੰਦੇ ਹਨ ਅਤੇ ਪੈਨਸ਼ਨ ਲੈਣ ਲੱਗ ਪੈਂਦੇ ਹਨ ਜਾਂ ਕੁੱਝ ਲੋਕ ਇਸ ਨੂੰ ਅਨੰਦ ਮਾਨਣ ਦਾ ਸਮਾਂ ਵੀ ਕਹਿੰਦੇ ਹਨ l ਕਈ ਲੋਕਾਂ ਨੂੰ ਬਿਮਾਰੀ ਦੀ ਹਾਲਤ ਕਰਕੇ ਜਾਂ ਸੱਟ ਚੋਟ ਦੀ ਵਜ੍ਹਾ ਕਰਕੇ ਘੰਟੇ ਵੇਚਣਾ ਪੈਨਸ਼ਨ ਹੋਣ ਤੋਂ ਪਹਿਲਾਂ ਹੀ ਬੰਦ ਕਰਨਾ ਪੈ ਜਾਂਦਾ ਹੈ l
ਅਨੰਦ ਮਾਨਣ ਵਾਸਤੇ ਕਹਿਣਾ ਅਤੇ ਅਨੰਦ ਮਾਨਣਾ ਦੋ ਵੱਖ ਵੱਖ ਗੱਲਾਂ ਹਨ l ਬਹੁਤ ਲੋਕ ਅਨੰਦ ਮਾਨਣ ਦੀ ਗੱਲ ਕਰਦੇ ਹਨ ਪਰ ਅਨੰਦ ਮਾਣਦੇ ਨਹੀਂ l ਉਸ ਦੀ ਵਜ੍ਹਾ ਹੈ ਕਿ ਜੇਕਰ ਕੋਈ ਵਿਅਕਤੀ ਕੰਮ ਕਰਕੇ ਸਲਾਨਾ ਇੱਕ ਲੱਖ ਡਾਲਰ ਲੈਂਦਾ ਸੀ ਤਾਂ ਉਸ ਨੂੰ ਪੈਨਸ਼ਨ ਵਿੱਚੋਂ ਸਿਰਫ ਵੀਹ ਕੁ ਹਜ਼ਾਰ ਡਾਲਰ ਸਾਲ ਦਾ ਮਿਲੇਗਾ l ਜਿਸ ਨਾਲ ਗੁਜਾਰਾ ਵੀ ਨਹੀਂ ਚੱਲੇਗਾ ਕਿਉਂਕਿ ਉਸ ਦੀ ਆਮਦਨ 100% ਤੋਂ ਘਟ ਕੇ ਸਿਰਫ 20% ਰਹਿ ਗਈ l ਫਿਰ ਇਨਸਾਨ ਹਰ ਖਰਚਾ ਕਰਨ ਵੇਲੇ ਸੋਚੇਗਾ ਅਤੇ ਹਰ ਵੇਲੇ ਉਸ ਨੂੰ ਪੈਸੇ ਮੁੱਕਣ ਦਾ ਡਰ ਲੱਗਾ ਰਹੇਗਾ l ਭਾਵ ਵਿਅਕਤੀ ਸਾਰੀ ਉਮਰ ਕੰਮ ਕਰਕੇ ਵੀ ਗਰੀਬ ਹੋ ਗਿਆ l ਇਹ ਇੱਕ ਸਿਸਟਮ ਸਾਡੇ ਦੁਆਲੇ ਬਣਿਆ ਹੋਇਆ ਹੈ ਜਿਸ ਵਿਚੋਂ ਨਿਕਲਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ l
ਆਰਥਿਕ ਆਜ਼ਾਦੀ ਉਸ ਸਮੇਂ ਮਿਲੀ ਮੰਨੀ ਜਾਂਦੀ ਹੈ ਜਦੋਂ ਵਿਅਕਤੀ ਨੂੰ ਪੈਸਿਆਂ ਵਾਸਤੇ ਕੰਮ ਕਰਨ ਦੀ ਲੋੜ ਨਾ ਰਹੇ l ਆਰਥਿਕ ਆਜ਼ਾਦੀ ਮਿਲਣ ਦਾ ਭਾਵ ਇਹ ਨਹੀਂ ਹੁੰਦਾ ਕਿ ਵਿਅਕਤੀ ਸਾਰਾ ਦਿਨ ਵਿਹਲਾ ਬੈਠਾ ਰਹੇ l ਉਹ ਕਮਿਊਨਿਟੀ ਦੀ ਸੇਵਾ ਕਰ ਸਕਦਾ ਹੈ, ਘੁੰਮ ਫਿਰ ਸਕਦਾ ਹੈ, ਹੋਰਾਂ ਦੇ ਬੱਚਿਆਂ ਨੂੰ ਮੁਫ਼ਤ ਟਿਉਸ਼ਨ ਮੁਫ਼ਤ ਪੜ੍ਹਾ ਸਕਦਾ ਹੈ, ਕਸਰਤ ਕਰ ਸਕਦਾ ਹੈ ਜਾਂ ਕਿਸੇ ਚੈਰੀਟੇਬਲ ਟਰੱਸਟ ਵਿੱਚ ਬਿਨਾਂ ਪੈਸਿਆਂ ਤੋਂ ਕੰਮ ਕਰ ਸਕਦਾ ਹੈ l ਇਹ ਕਿਹਾ ਜਾ ਸਕਦਾ ਹੈ ਕਿ ਇਸ ਤਰਾਂ ਦੇ ਲੋਕ ਬਹੁਤ ਘੱਟ ਮਿਲਣਗੇ l ਇਥੇ ਸਬਰ ਕੰਮ ਆਉਂਦਾ ਹੈ l ਇਹ ਕੰਮ ਸਿਰਫ ਸਬਰ ਨਾਲ ਹੀ ਹੋ ਸਕਦਾ ਹੈ l ਭਾਵ ਹੋਰ ਪੈਸੇ ਨਾ ਕਮਾਉਣ ਦਾ ਸਬਰ l ਗੋਰਿਆਂ ਵਿੱਚ ਇਸ ਤਰਾਂ ਦੇ ਲੋਕ ਮਿਲ ਜਾਂਦੇ ਹਨ ਪਰ ਭਾਰਤੀਆਂ ਵਿੱਚ ਘੱਟ ਮਿਲਦੇ ਹਨ l ਜੇਕਰ ਕੁੱਝ ਮਿਲ ਜਾਣ ਤਾਂ ਦੂਸਰੇ ਉਨ੍ਹਾਂ ਨੂੰ ਕਹਿਣ ਲੱਗ ਪੈਂਦੇ ਹਨ ਕਿ ਇਸ ਦਾ ਦਿਮਾਗ ਖਰਾਬ ਹੋ ਗਿਆ ਹੈ l ਉਲਟ ਦਿਸ਼ਾ ਵਿੱਚ ਚੱਲਣ ਵਾਲਾ ਵਿਅਕਤੀ ਹੋਰਾਂ ਨੂੰ ਉਲਟੇ ਕੰਮ ਕਰਨ ਵਾਲਾ ਲਗਦਾ ਰਹਿੰਦਾ ਹੈ l
ਆਰਥਿਕ ਆਜ਼ਾਦੀ ਦੀ ਲੋੜ ਇਸ ਕਰਕੇ ਹੈ ਤਾਂ ਕਿ ਵਿਅਕਤੀ ਆਪਣੀ ਜਿੰਦਗੀ ਦਾ ਲੁਤਫ਼ (ਮਜਾ) ਲੈ ਸਕੇ ਜਾਂ ਜਿੰਦਗੀ ਦਾ ਅਨੰਦ ਮਾਣ ਸਕੇ ਜਾਂ ਜਿੰਦਗੀ ਵਿੱਚ ਜਿਹੜੇ ਕੰਮ ਕਰਨ ਦਾ ਉਸ ਨੇ ਸੋਚਿਆ ਹੁੰਦਾ ਉਨ੍ਹਾਂ ਨੂੰ ਕਰ ਸਕੇ l ਉਨ੍ਹਾਂ ਕੰਮਾਂ ਵਿੱਚ ਸਿਆਣਿਆਂ ਦੀ ਸੇਵਾ, ਖੇਡਾਂ ਦੀ ਕੋਚਿੰਗ, ਅੰਬੂਲੈਂਸ ਚਲਾਉਣਾ, ਫਾਇਰ ਬ੍ਰਿਗੇਡ ਚਲਾਉਣਾ, ਲਾਇਬ੍ਰੇਰੀ ਚਲਾਉਣਾ, ਭਾਸ਼ਾ ਬੋਲਣੀ ਸਿਖਾਉਣੀ, ਕਿਸੇ ਬਿਮਾਰ ਦੀ ਸੇਵਾ ਆਦਿ l ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਕੰਮ ਕੀਤਾ ਜਾ ਸਕਦਾ ਹੈ ਜਿਥੋਂ ਪੈਸੇ ਨਾ ਲਏ ਜਾਣ l
ਅਰਥਿਕ ਆਜ਼ਾਦੀ ਦੀ ਪ੍ਰਾਪਤੀ ਸੌਖੀ ਤਾਂ ਹੁੰਦੀ ਹੈ ਜਦੋਂ ਤੁਸੀਂ ਆਪਣਾ ਕੰਮ ਕਾਰ ਸ਼ੁਰੂ ਜਵਾਨੀ ਦੀ ਉਮਰ ਵਿੱਚ ਹੀ ਕਰ ਲੈਂਦੇ ਹੋ ਜਾਂ ਕੋਈ ਇਸ ਤਰਾਂ ਦੀ ਸਰਵਿਸ ਲੋਕਾਂ ਨੂੰ ਦਿੰਦੇ ਹੋ ਜਿਸ ਦੀ ਲੋਕਾਂ ਨੂੰ ਵਾਰ ਵਾਰ ਜਰੂਰਤ ਹੈ l ਉਸ ਵਾਸਤੇ ਉਸ ਚੀਜ਼ ਜਾਂ ਸਰਵਿਸ ਵਿੱਚ ਬਹੁਤ ਜਿਆਦਾ ਲਾਭ ਦੀ ਲੋੜ ਵੀ ਨਹੀਂ ਹੁੰਦੀ l ਸਿਰਫ ਉਸ ਸਰਵਿਸ ਨੂੰ ਜਿਆਦਾ ਲੋਕਾਂ ਤੱਕ ਪਹੁੰਚਾਣ ਦੀ ਲੋੜ ਹੁੰਦੀ ਹੈ l ਭਾਵ ਜੇਕਰ ਤੁਸੀਂ ਇੱਕ ਟੁਥ ਪੇਸਟ ਬਣਾਉਂਦੇ ਹੋ ਜਿਸ ਵਿੱਚ ਤੁਹਾਨੂੰ ਸਿਰਫ ਦੋ ਰੁਪਏ ਬਚਦੇ ਹਨ ਤਾਂ ਜੇਕਰ ਤੁਸੀਂ ਉਹ ਟੁਥ ਪੇਸਟ 50, 000 ਲੋਕਾਂ ਤੱਕ ਲੈ ਕੇ ਜਾਓਗੇ ਤਾਂ ਇੱਕ ਲੱਖ ਰੁਪਿਆ ਬਣ ਜਾਵੇਗਾ l ਜੇਕਰ ਵੱਧ ਚਾਹੁੰਦੇ ਹੋ ਤਾਂ ਟੁਥ ਪੇਸਟ ਵੱਧ ਲੋਕਾਂ ਨੂੰ ਵੇਚ ਦਿਓ l ਇਸ ਤਰਾਂ ਕੋਈ ਵੀ ਚੀਜ਼ ਵੇਚੀ ਜਾ ਸਕਦੀ ਹੈ l ਇਸ ਤਰਾਂ ਦੀ ਆਮਦਨ ਹਮੇਸ਼ਾਂ ਜਾਰੀ ਰਹਿੰਦੀ ਹੈ ਬੇਸ਼ੱਕ ਘੰਟੇ ਖਰਚਣੇ ਬੰਦ ਕਰ ਦਿਓ ਕਿਉਂਕਿ ਕੰਮ ਤੁਹਾਡਾ ਸਟਾਫ ਕਰਦਾ ਰਹਿੰਦਾ ਹੈ l
ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਜਿਆਦਾ ਲੋਕ ਆਰਥਿਕ ਆਜ਼ਾਦੀ ਕਮਰਸ਼ੀਅਲ ਰੀਅਲ ਇਸਟੇਟ, ਜਾਂ ਕਿਰਾਏ ਦੇ ਘਰਾਂ ਦੇ ਕੰਮ ਵਿੱਚੋਂ ਪ੍ਰਾਪਤ ਕਰ ਲੈਂਦੇ ਹਨ l ਇਨ੍ਹਾਂ ਕੰਮਾਂ ਵਿੱਚੋਂ ਪੈਦਾ ਹੋਈ ਆਮਦਨ ਨੂੰ ਪੈਸਿਵ ਇਨਕਮ ਕਹਿੰਦੇ ਹਨ ਭਾਵ ਬਿਨਾਂ ਕੰਮ ਕਰਨ ਤੋਂ ਪੈਸੇ ਮਿਲਦੇ ਹਨ ਜਾਂ ਤੁਹਾਡੀ ਜਗ੍ਹਾ ਤੁਹਾਡੇ ਪ੍ਰਾਪਰਟੀ ਮੈਨੇਜਰ ਕੰਮ ਕਰਦੇ ਹਨ l
ਆਪਣੇ ਜਵਾਨੀ ਵੇਲੇ ਵਿਕਸਤ ਕੀਤੇ ਆਮਦਨ ਦੇ ਸਾਧਨਾਂ ਤੋਂ ਪੈਸਿਵ ਇਨਕਮ ਪੈਦਾ ਹੋ ਜਾਂਦੀ ਹੈ ਜਿਸ ਨਾਲ ਅਰਾਮ ਨਾਲ ਆਪਣਾ ਗੁਜਾਰਾ, ਆਪਣੇ ਪਰਿਵਾਰ ਦਾ ਗੁਜਾਰਾ ਅਤੇ ਭਾਈਚਾਰੇ ਦੀ ਸੇਵਾ ਕੀਤੀ ਜਾ ਸਕਦੀ ਹੈ l ਉਹ ਵੀ ਬਿਨਾਂ ਪੈਸਿਆਂ ਤੋਂ l
ਜੇਕਰ ਕੋਈ ਕੰਮ ਕਰਕੇ ਨਿਊਜ਼ੀਲੈਂਡ ਵਰਗੇ ਮੁਲਕ ਵਿਚ ਇੱਕ ਹਜ਼ਾਰ ਡਾਲਰ ਹਫਤੇ ਦਾ ਕਮਾਉਂਦਾ ਹੈ l ਉਹ 30 ਸਾਲ ਦੀ ਉਮਰ ਵਿੱਚ ਆਪਣੇ ਰਹਿਣ ਲਈ ਕਰਜ਼ਾ ਲੈ ਕੇ ਘਰ ਖਰੀਦ ਲੈਂਦਾ ਹੈ l ਫਿਰ 35 ਸਾਲ ਦੀ ਉਮਰ ਵਿੱਚ ਇੱਕ ਕਿਰਾਏ ਵਾਸਤੇ ਘਰ ਖਰੀਦ ਲੈਂਦਾ ਹੈ ਅਤੇ 40 ਸਾਲ ਦੀ ਉਮਰ ਵਿੱਚ ਕਰਜ਼ਾ ਲੈ ਕੇ ਤੀਜਾ ਘਰ ਖਰੀਦ ਲੈਂਦਾ ਹੈ l ਉਸ ਦੀ 50 ਸਾਲ ਉਮਰ ਹੁੰਦਿਆਂ ਤੱਕ ਹੀ ਤਿੰਨਾਂ ਘਰਾਂ ਦੀ ਕੀਮਤ ਦੁਗਣੀ ਤੋਂ ਵੱਧ ਹੋ ਜਾਂਦੀ ਹੈ l ਲਿਆ ਹੋਇਆ ਕਰਜ਼ਾ ਅੱਧੇ ਤੋਂ ਵੀ ਘੱਟ ਰਹਿ ਜਾਂਦਾ ਹੈ l ਕਿਰਾਏ ਵਾਲੇ ਘਰਾਂ ਦਾ ਕਿਰਾਇਆ ਵੱਧ ਹੋ ਜਾਂਦਾ ਹੈ l ਉਸ ਦੇ ਬੱਚੇ ਕਮਾਈ ਕਰਨ ਲੱਗ ਪੈਂਦੇ ਹਨ l ਉਹ 50 ਸਾਲ ਦੀ ਉਮਰ ਵਿੱਚ ਜੇ ਚਾਹੇ ਤਾਂ ਨੌਕਰੀ ਛੱਡ ਸਕਦਾ ਹੈ ਭਾਵ ਨੌਕਰੀ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਨੌਕਰੀ ਨਾਲੋਂ ਵੱਧ ਪੈਸੇ ਘਰਾਂ ਦੇ ਕਿਰਾਏ ਦੇ ਮਿਲਣ ਲੱਗ ਪੈਂਦੇ ਹਨ l ਇਸ ਤਰਾਂ 65 ਸਾਲ ਦੀ ਬਜਾਏ ਰਿਟਾਇਰਮੈਂਟ 50 ਸਾਲ ਵਿੱਚ ਹੀ ਹੋ ਗਈ l
ਇਹ ਆਰਥਿਕ ਆਜ਼ਾਦੀ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147