ਸਾਨੂੰ ਬਜ਼ੁਰਗਾਂ ਵਲੋਂ ਦੱਸਿਆ ਜਾਂਦਾ ਹੈ ਕਿ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ l ਇਹ ਗੱਲ ਦੇਖਣ ਅਤੇ ਸੁਣਨ ਨੂੰ ਵਧੀਆ ਲਗਦੀ ਹੈ l
ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਤੋਂ ਭਾਵ ਕਿ ਸੀਮਤ ਸਾਧਨਾਂ ਨਾਲ ਗੁਜ਼ਾਰਾ ਕਰਨਾ l ਜੇਕਰ ਇਹ ਗੱਲ ਅਸੀਂ ਆਪਣੇ ਦਿਮਾਗ ਵਿੱਚ ਵਸਾ ਲੈਂਦੇ ਹਾਂ ਤਾਂ ਸਾਡਾ ਦਿਮਾਗ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕੇਗਾ l
ਦਿਮਾਗ ਹੀ ਹੈ ਜਿਸ ਤੋਂ ਸਾਨੂੰ ਕੁੱਝ ਨਾ ਕੁੱਝ ਕਰਨ ਦਾ ਸੁਨੇਹਾ ਮਿਲਦਾ ਹੈ ਅਤੇ ਉਹ ਕੰਮ ਕਰਦੇ ਹਾਂ ਜਿਸ ਦਾ ਸੁਨੇਹਾ ਸਾਨੂੰ ਦਿਮਾਗ ਦਿੰਦਾ ਹੈ ਪਰ ਜੇ ਸਾਨੂੰ ਦਿਮਾਗ ਹਰ ਵੇਲੇ ਇਹ ਹੀ ਸੁਨੇਹਾ ਦੇਵੇ ਕਿ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨਾ ਹੈ ਤਾਂ ਅਸੀਂ ਵੱਡੀਆਂ ਪ੍ਰਾਪਤੀਆਂ ਬਾਰੇ ਕਦੇ ਨਹੀਂ ਸੋਚਾਂਗੇ ਅਤੇ ਨਾ ਹੀ ਅਸੀਂ ਵੱਡੀਆਂ ਪ੍ਰਾਪਤੀਆਂ ਵਾਸਤੇ ਆਪਣੇ ਕਦਮ ਅੱਗੇ ਵਧਾਵਾਂਗੇ l
ਆਮ ਜਿੰਦਗੀ ਵਿੱਚ ਇਨਸਾਨ ਨੂੰ ਉਹ ਹੀ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਵਾਸਤੇ ਉਹ ਵਾਰ ਵਾਰ ਸੋਚਦਾ ਹੈ ਅਤੇ ਉਨ੍ਹਾਂ ਲਈ ਉਪਰਾਲੇ ਵੀ ਕਰਦਾ ਹੈ l
ਜੇਕਰ ਤੁਸੀਂ ਆਪਣੇ ਦਿਮਾਗ ਵਿੱਚ ਇਹ ਵਸਾ ਲੈਂਦੇ ਹੋ ਕਿ ਰੁੱਖੀ ਮਿੱਸੀ ਖਾ ਕੇ ਹੀ ਗੁਜਾਰਾ ਕਰਨਾ ਹੈ ਤਾਂ ਦਿਮਾਗ ਕਦੇ ਵੀ ਤੁਹਾਨੂੰ ਚੋਪੜੀ ਹੋਈ ਦੀ ਪ੍ਰਾਪਤੀ ਵਾਸਤੇ ਨਹੀਂ ਕਹੇਗਾ l
ਇਸ ਦਾ ਫਾਇਦਾ ਅਮੀਰਾਂ ਅਤੇ ਸਰਕਾਰਾਂ ਨੂੰ ਹੁੰਦਾ ਹੈ ਕਿਉਂਕਿ ਲੋਕ ਸਰਕਾਰਾਂ ਤੋਂ ਚੋਪੜੀ ਹੋਈ ਦੀ ਮੰਗ ਹੀ ਨਹੀਂ ਕਰਦੇ ਅਤੇ ਸਰਮਾਏਦਾਰਾਂ ਪ੍ਰਤੀ ਲੜਾਈ ਨਹੀਂ ਕਰਦੇ l ਲੋਕ ਸਰਮਾਏਦਾਰਾਂ ਨੂੰ ਪੁੱਛਦੇ ਹੀ ਨਹੀਂ ਕਿ ਤੁਸੀਂ ਸਾਡੇ ਸਿਰ ਤੋਂ ਚੋਪੜੀਆਂ ਕਿਉਂ ਖਾ ਰਹੇ ਹੋ ?
ਇਸ ਦਾ ਭਾਵ ਲੋਕ ਸਰਮਾਏਦਾਰਾਂ ਦੇ ਗੁਲਾਮ ਹੋ ਜਾਂਦੇ ਹਨ l ਹੌਲੀ ਹੌਲੀ ਸਰਮਾਏਦਾਰ ਅਤੇ ਸਰਕਾਰ ਗਰੀਬਾਂ ਦੀ ਹਾਲਤ ਮਾੜੀ ਕਰਦੇ ਕਰਦੇ ਰੁੱਖੀ ਸੁੱਕੀ ਤੇ ਲੈ ਆਉਂਦੇ ਹਨ ਅਤੇ ਗਰੀਬ ਦਿਮਾਗੀ ਤੌਰ ਤੇ ਇਸ ਨੂੰ ਕਬੂਲਣ ਲਈ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ l ਫਿਰ ਸਰਕਾਰਾਂ ਵਲੋਂ ਟੈਲੀਵਿਜ਼ਨ, ਅਖਬਾਰਾਂ, ਰੇਡੀਓ ਅਤੇ ਧਾਰਮਿਕ ਅਸਥਾਨਾਂ ਤੇ ਇਸ ਤਰਾਂ ਦੇ ਪ੍ਰੋਗਰਾਮ ਪੇਸ਼ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਰੁੱਖੀ ਸੁੱਕੀ ਖਾਣ ਵਾਲੇ ਨੂੰ ਮਹਾਨ ਸਾਬਤ ਕੀਤਾ ਜਾਂਦਾ ਹੈ l ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਇਸ ਮਾਣ ਵਿੱਚ ਹੀ ਆਪਣਾ ਵਡੱਪਣ ਸਮਝਣ ਲਗਦੇ ਹੋ ਅਤੇ ਦੂਸਰੇ ਤੁਹਾਡੇ ਸਿਰ ਤੇ ਸਾਰੀ ਉਮਰ ਚੋਪੜੀਆਂ ਖਾਂਦੇ ਰਹਿੰਦੇ ਹਨ l
ਲੋੜ ਹੈ ਆਪਣੇ ਵਾਸਤੇ ਨਵੇਂ ਨਿਸ਼ਾਨੇ ਮਿਥਣ ਦੀ ਅਤੇ ਨਵੀਆਂ ਪ੍ਰਾਪਤੀਆਂ ਕਰਨ ਦੀ l ਉਹ ਪ੍ਰਾਪਤੀਆਂ ਕਰਕੇ ਉਨ੍ਹਾਂ ਦਾ ਅਨੰਦ ਮਾਨਣ ਦੀ ਲੋੜ ਹੈ l ਪ੍ਰਾਪਤੀਆਂ ਕਰਨ ਤੋਂ ਬਾਦ ਜੇ ਉਨ੍ਹਾਂ ਦਾ ਅਨੰਦ ਨਹੀਂ ਮਾਣਦੇ ਤਾਂ ਪ੍ਰਾਪਤੀਆਂ ਦਾ ਕੋਈ ਫਾਇਦਾ ਨਹੀਂ ਹੁੰਦਾ l
ਲੋੜ ਹੈ ਆਪਣੇ ਹੱਕਾਂ ਨੂੰ ਜਾਨਣ ਦੀ ਅਤੇ ਉਨ੍ਹਾਂ ਪ੍ਰਤੀ ਲੜਨ ਦੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147