*Set and achieve goals*
-ਆਪਣੇ ਤਜਰਬੇ ਤੇ ਅਧਾਰਤ
ਬਹੁਤੇ ਇਨਸਾਨ ਬਚਪਨ ਤੋਂ ਹੀ ਨਿਸ਼ਾਨੇ ਮਿਥਣਾ ਅਤੇ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹਨ l ਜਿੰਦਗੀ ਵਿੱਚ ਨਿਸ਼ਾਨੇ ਮਿਥਣ ਅਤੇ ਪ੍ਰਾਪਤੀ ਦੇ ਰਾਹ ਜਾਂ ਤਰੀਕੇ ਬਦਲਦੇ ਰਹਿੰਦੇ ਹਨ l ਤੁਸੀਂ ਸੋਚਦੇ ਹੋਵੋਗੇ ਕਿ ਬਚਪਨ ਵਿੱਚ ਨਿਸ਼ਾਨੇ ਕਿਹੜੇ ਹੁੰਦੇ ਹਨ ?
ਨਵੇਂ ਪੈਦਾ ਹੋਏ ਬੱਚੇ ਦਾ ਨਿਸ਼ਾਨਾ ਭੁੱਖ ਲੱਗੀ ਤੇ ਦੁੱਧ ਮੰਗਣਾ ਹੁੰਦਾ ਹੈ ਅਤੇ ਜਦੋਂ ਉਸ ਦੇ ਕੱਪੜੇ ਗਿੱਲ੍ਹੇ ਹੁੰਦੇ ਹਨ ਉਨ੍ਹਾਂ ਨੂੰ ਬਦਲਾਉਣਾ ਹੁੰਦਾ ਹੈ l ਇਸ ਵਾਸਤੇ ਉਸ ਨੂੰ ਪਤਾ ਹੈ ਕਿ ਉਹ ਬੋਲ ਨਹੀਂ ਸਕਦਾ ਪਰ ਉਹ ਬਿਨਾਂ ਬੋਲਣ ਤੋਂ ਰੋਣ ਦਾ ਤਰੀਕਾ ਲੱਭਦਾ ਹੈ l ਮਾਂ ਨੂੰ ਪਤਾ ਲਗਦਾ ਹੈ ਕਿ ਬੱਚਾ ਰੋਂਦਾ ਹੈ ਇਸ ਨੂੰ ਇਨ੍ਹਾਂ ਦੋ ਚੀਜ਼ਾਂ ਵਿੱਚੋਂ ਕੁੱਝ ਚਾਹੀਦਾ ਹੈ l ਜੇ ਇਹ ਦੋ ਚੀਜ਼ਾਂ ਨਹੀਂ ਹਨ ਤਾਂ ਮਾਂ ਦੇਖਦੀ ਹੈ ਕਿ ਇਹ ਬਿਮਾਰ ਤਾਂ ਨਹੀਂ ? ਇਸ ਤਰਾਂ ਬੱਚਾ ਆਪਣੇ ਮਕਸਦ ਜਾਂ ਗੋਲ ਦੀ ਪ੍ਰਾਪਤੀ ਕਰਦਾ ਹੈ l
ਜਿਸ ਤਰਾਂ ਬੱਚਾ ਵੱਡਾ ਹੁੰਦਾ ਹੈ ਉਸ ਨੂੰ ਖਿਡਾਉਣੇ ਚਾਹੀਦੇ ਹੁੰਦੇ ਹਨ l ਉਸ ਨੂੰ ਬਚਪਨ ਤੋਂ ਪਤਾ ਹੈ ਕਿ ਕੁੱਝ ਪ੍ਰਾਪਤ ਕਰਨ ਲਈ ਰੋਣਾ ਪੈਂਦਾ ਹੈ l ਹੁਣ ਭਾਵੇਂ ਕਿ ਬੱਚਾ ਬੋਲਣ ਲੱਗ ਪਿਆ ਹੈ ਪਰ ਜਦੋਂ ਬੱਚੇ ਦੇ ਮਾਂ ਬਾਪ ਉਸ ਦੇ ਬੋਲ ਕੇ ਮੰਗਣ ਤੇ ਖਿਡਾਉਣਾ ਨਹੀਂ ਲੈ ਕੇ ਦਿੰਦੇ ਤਾਂ ਉਹ ਰੋਣਾ ਸ਼ੁਰੂ ਕਰ ਦਿੰਦਾ ਹੈ ਅਤੇ ਬਹੁਤੀ ਵਾਰ ਬੱਚੇ ਨੂੰ ਰੋਣ ਤੇ ਉਹ ਚੀਜ਼ ਮਿਲ ਜਾਂਦੀ ਹੈ l ਇਹ ਬੱਚੇ ਦੀ ਪ੍ਰਾਪਤੀ ਵਾਸਤੇ ਉਸ ਦੀ ਚਾਲ ਜਾਂ ਤਰੀਕਾ (strategy) ਹੈ ਜਿਸ ਨੂੰ ਉਹ ਵਰਤਦਾ ਰਹਿੰਦਾ ਹੈ l
ਜਦੋਂ ਬੱਚਾ ਵੱਡਾ ਹੁੰਦਾ ਜਾਂਦਾ ਹੈ l ਆਪਣੇ ਪੈਰਾਂ ਤੇ ਹੁੰਦਾ ਹੈ ਅਤੇ ਉਸ ਦੀਆਂ ਮੰਗਾਂ ਹੋਰ ਵਧਦੀਆਂ ਹਨ l ਉਹ ਮੰਗਾਂ ਰੋ ਕੇ ਪੂਰੀਆਂ ਹੋਣ ਵਾਲੀਆਂ ਨਹੀਂ ਹੁੰਦੀਆਂ l ਉਸ ਵੇਲੇ ਉਸ ਨੂੰ ਇਨ੍ਹਾਂ ਦੀ ਪ੍ਰਾਪਤੀ ਮੁਸ਼ਕਲ ਲੱਗਣ ਲਗਦੀ ਹੈ l ਹੁਣ ਉਸ ਨੂੰ ਲਗਦਾ ਹੈ ਕਿ ਮੈਨੂੰ ਰੋਣ ਦਾ ਤਰੀਕਾ ਛੱਡ ਕੇ ਨਵਾਂ ਤਰੀਕਾ ਅਪਨਾਉਣ ਦੀ ਲੋੜ ਹੈ l
ਵਧੀਆ ਗੱਲ ਹੈ ਕਿ ਜਿਹੜੀ ਚੀਜ਼/ਮਕਸਦ (goals) ਅਸੀਂ ਆਉਣ ਵਾਲੇ ਸਾਲਾਂ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਨੂੰ ਲਿਖ ਲਿਆ ਜਾਵੇ I ਜੇਕਰ ਉਹ ਗੋਲ ਪੰਜ ਜਾਂ ਦਸ ਸਾਲਾਂ ਵਾਸਤੇ ਲਿਖੇ ਹਨ ਤਾਂ ਉਨ੍ਹਾਂ ਦਾ ਹਫਤੇ ਜਾਂ ਮਹੀਨੇ ਬਾਦ ਨਿਰੀਖਣ ਕੀਤਾ ਜਾਵੇ ਕਿ ਇਨ੍ਹਾਂ ਵਿੱਚ ਬਦਲਾ ਦੀ ਲੋੜ ਤਾਂ ਨਹੀਂ ? ਇਹ ਵੀ ਦੇਖਿਆ ਜਾਵੇ ਕਿ ਅਸੀਂ ਮਕਸਦ ਦੇ ਨੇੜੇ ਜਾ ਰਹੇ ਹਾਂ ਜਾਂ ਦੂਰ ? ਜੇ ਮਕਸਦ ਦੇ ਨੇੜੇ ਨਹੀਂ ਜਾ ਰਹੇ ਤਾਂ ਮਕਸਦ ਦੀ ਪ੍ਰਾਪਤੀ ਦੇ ਤਰੀਕਿਆਂ ਵਿੱਚ ਬਦਲਾ ਕਰਨ ਦੀ ਜਰੂਰਤ ਪਵੇਗੀ l
ਕਿਸੇ ਵੀ ਮਕਸਦ ਦੀ ਪ੍ਰਾਪਤੀ ਵਾਸਤੇ ਹੇਠ ਲਿਖੇ ਕੰਮ ਕਰਨੇ ਪੈਂਦੇ ਹਨ :-
ਗੋਲ/ਮਕਸਦ ਲਿਖੋ :- ਜੇਕਰ ਗੋਲ ਲਿਖੇ ਹੋਣਗੇ ਤਾਂ ਤੁਹਾਨੂੰ ਉਨ੍ਹਾਂ ਦਾ ਚੇਤਾ ਰਹੇਗਾ l ਮੈਂ ਗੋਲ ਆਪਣੇ ਦਫ਼ਤਰ ਵਿੱਚ ਲਿਖ ਕੇ ਸਾਹਮਣੇ ਕੰਧ ਤੇ ਲਗਾ ਲੈਂਦਾ ਸੀ ਤਾਂ ਕਿ ਮੈਨੂੰ ਹਰ ਰੋਜ਼ ਦਿਸਦੇ ਰਹਿਣ l ਇਸ ਤਰਾਂ ਤੁਹਾਡਾ ਦਿਮਾਗ ਤੁਹਾਨੂੰ ਆਪਣੇ ਮਕਸਦ ਦੀ ਪ੍ਰਾਪਤੀ ਵਾਸਤੇ ਚੇਤਾ ਕਰਵਾਉਂਦਾ ਰਹਿੰਦਾ ਹੈ l
ਗੋਲਾਂ ਵੱਲ ਤੁਰੋ (Take Action):- ਗੋਲ ਪ੍ਰਾਪਤ ਕਰਨ ਲਈ ਐਕਸ਼ਨ ਜ਼ਰੂਰੀ ਹੁੰਦਾ ਹੈ ਅਤੇ ਉਸੇ ਦਿਨ ਤੋਂ ਹੀ ਜ਼ਰੂਰੀ ਹੁੰਦਾ ਹੈ l ਜਿਸ ਤਰਾਂ ਜੇਕਰ ਡਿਗਰੀ ਪ੍ਰਾਪਤ ਕਰਕੇ ਫਾਈਲ ਵਿੱਚ ਲਗਾ ਲਵੋ ਤਾਂ ਉਸ ਡਿਗਰੀ ਕਰਨ ਦਾ ਫਾਇਦਾ ਨਹੀਂ ਰਹਿੰਦਾ l
ਸਖਤ ਕੋਸ਼ਿਸ਼ ਕਰੋ (Try Hard) :- ਇਹ ਨਾ ਸੋਚੋ ਕਿ ਜੇ ਗੋਲ ਦੀ ਪ੍ਰਾਪਤੀ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਕੁੱਝ ਹੋਰ ਕਰ ਲਵਾਂਗਾ l ਇਹ ਸੋਚ ਕੇ ਮਿਹਨਤ ਕਰੋ ਕਿ ਗੋਲਾਂ ਦੀ ਪ੍ਰਾਪਤੀ ਹਰ ਹਾਲਤ ਵਿੱਚ ਕਰਨੀ ਹੈ l
ਅਭਿਆਸ ਜਾਰੀ ਰੱਖੋ (keep practicing):- ਗੋਲਾਂ ਦੀ ਪ੍ਰਾਪਤੀ ਦਾ ਅਭਿਆਸ ਲਗਾਤਾਰ ਜਾਰੀ ਰੱਖੋ l
ਵੱਖਰੇ ਤਰੀਕੇ ਵਰਤੋ :- ਇਹ ਜ਼ਰੂਰੀ ਨਹੀਂ ਕਿ ਗੋਲ ਪ੍ਰਾਪਤੀ ਲਈ ਉਹ ਹੀ ਤਰੀਕੇ ਵਰਤੇ ਜਾਣ ਜੋ ਲੋਕ ਵਰਤਦੇ ਰਹੇ ਹਨ l ਆਪਣੇ ਗੋਲਾਂ ਦੀ ਪ੍ਰਾਪਤੀ ਲਈ ਨਵੇਂ ਰਾਹ ਵੀ ਵਰਤੇ ਜਾ ਸਕਦੇ ਹਨ l ਨਵੇਂ ਰਾਹਾਂ ਤੇ ਚੱਲਣਾ ਮੁਸ਼ਕਲ ਹੁੰਦਾ ਹੈ ਪਰ ਉਨ੍ਹਾਂ ਰਾਹਾਂ ਤੇ ਭੀੜ ਨਹੀਂ ਹੁੰਦੀ ਕਿਉਂਕਿ ਉਹ ਰਾਹ ਤੁਸੀਂ ਖੁਦ ਲੱਭੇ ਹੁੰਦੇ ਹਨ l ਉਨ੍ਹਾਂ ਰਾਹਾਂ ਤੇ ਪ੍ਰਾਪਤੀ ਜਲਦੀ ਹੋ ਜਾਂਦੀ ਹੈ l ਮੈਂ ਬਚਪਨ ਤੋਂ ਲੈ ਕੇ ਨਵੇਂ ਰਾਹ ਹੀ ਲੱਭਦਾ ਰਿਹਾ ਹਾਂ l
ਦੂਸਰੇ ਦੀ ਸਲਾਹ (Talk to others) :- ਗੋਲਾਂ ਦੀ ਪ੍ਰਾਪਤੀ ਲਈ ਦੂਜੇ ਦੀ ਸਲਾਹ ਲਵੋ l ਉਹ ਵੀ ਉਸ ਵਿਅਕਤੀ ਦੀ ਜੋ ਉਸ ਤਰਾਂ ਦੇ ਗੋਲ ਪਹਿਲਾਂ ਹੀ ਪ੍ਰਾਪਤ ਕਰ ਚੁੱਕਿਆ ਹੋਵੇ l
ਵਧੀਆ ਕੋਸ਼ਿਸ਼ ਕਰੋ/Do your best :- ਗੋਲ ਪ੍ਰਾਪਤੀ ਲਈ 100% ਕੋਸ਼ਿਸ਼ ਕਰੋ l ਗੋਲ ਪ੍ਰਾਪਤੀ ਵੇਲੇ ਜੇ ਜਾਂ ਕਿਸਮਤ ਲਫ਼ਜ਼ ਨਾ ਵਰਤੋ l ਜੇ ਤੁਸੀਂ ਕਹੋਗੇ ਕਿ ਜੇ ਕਿਸਮਤ ਵਿੱਚ ਹੋਇਆ ਤਾਂ ਕਾਮਯਾਬੀ ਮਿਲ ਜਾਵੇਗੀ l ਫਿਰ ਸਮਝੋ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ l
ਹੱਥ ਖੜ੍ਹੇ ਨਾ ਕਰੋ :- ਗੋਲ ਪ੍ਰਾਪਤੀ ਦੇ ਰਸਤੇ ਵਿੱਚ ਕਈ ਵਾਰ ਤੁਸੀਂ ਫੇਲ੍ਹ ਵੀ ਹੋਵੋਗੇ ਅਤੇ ਪਾਸ ਵੀ ਹੋਵੋਗੇ l ਕਿਸੇ ਵੀ ਹਾਲਤ ਵਿੱਚ ਹਾਰ ਨਾ ਮੰਨੋ l ਇਹ ਹਮੇਸ਼ਾਂ ਯਾਦ ਰੱਖੋ ਕਿ ਸਿਰੜੀ ਵਿਅਕਤੀ ਹੀ ਮੰਜ਼ਿਲਾਂ ਪ੍ਰਾਪਤ ਕਰਦੇ ਹਨ l
ਪ੍ਰਾਪਤ ਕੀਤੇ ਗੋਲਾਂ ਦੀ ਖੁਸ਼ੀ ਮਨਾਓ (Celebrate your success) :- ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਗੋਲਾਂ ਦੀ ਪ੍ਰਾਪਤੀ ਦੀ ਖੁਸ਼ੀ ਮਨਾਓ l ਭਾਵੇਂ ਉਹ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਦੁਪਹਿਰ ਜਾਂ ਸ਼ਾਮ ਦਾ ਖਾਣਾ ਹੀ ਹੋਵੇ l ਇਸ ਨਾਲ ਤੁਸੀਂ ਜਿੱਤੇ ਹੋਏ ਮਹਿਸੂਸ ਕਰੋਗੇ l ਜਿੱਤਿਆ ਹੋਇਆ ਵਿਅਕਤੀ ਹਮੇਸ਼ਾਂ ਵੱਧ ਤਾਕਤ ਨਾਲ ਅੱਗੇ ਵਧਦਾ ਹੈ l
ਰਾਹ ਦੀਆਂ ਰੁਕਾਵਟਾਂ :- ਗੋਲ ਪ੍ਰਾਪਤੀ ਦੇ ਰਸਤੇ ਵਿੱਚ ਆਉਣ ਵਾਲੇ ਪੱਥਰਾਂ ਜਾਂ ਰੁਕਾਵਟਾਂ ਤੋਂ ਘਬਰਾਓ ਨਾ l ਰਾਹ ਦੇ ਪੱਥਰ ਵੀ ਇਨਸਾਨ ਨੂੰ ਸਾਵਧਾਨੀ ਨਾਲ ਚੱਲਣਾ ਸਿਖਾ ਦਿੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147