-ਸਿਰਫ 3,536 ਹਫਤਿਆਂ ਦੀ ਜਿੰਦਗੀ
ਭਾਰਤ ਵਿੱਚ ਔਸਤ ਉਮਰ 68 ਸਾਲ ਦੇ ਕਰੀਬ ਹੈ ਅਤੇ ਨਿਊਜ਼ੀਲੈਂਡ ਵਿੱਚ ਔਸਤ ਉਮਰ 82 ਸਾਲ ਦੇ ਲਾਗੇ ਹੈ l ਇਸ ਦਾ ਮਤਲਬ ਕਿ ਭਾਰਤ ਵਿੱਚ ਇੱਕ ਵਿਅਕਤੀ ਔਸਤਨ 3,536 ਹਫਤੇ ਜਿਉਂਦਾ ਹੈ ਅਤੇ ਨਿਊਜ਼ੀਲੈਂਡ ਵਿੱਚ 4,264 ਹਫਤੇ ਜਿਉਂਦਾ ਹੈ l
ਭਾਰਤ ਵਿੱਚ 3,536 ਹਫਤਿਆਂ ਦੀ ਜਿੰਦਗੀ ਵਿੱਚੋਂ ਜੋ ਚੰਗਾ ਪੜ੍ਹਨਾ ਲਿਖਣਾ ਚਾਹੁੰਦਾ ਹੈ ਅਤੇ ਫਿਰ ਨੌਕਰੀ ਲੱਭਣਾ ਚਾਹੁੰਦਾ ਹੈ ਤਾਂ ਉਸ ਦੇ ਤਕਰੀਬਨ 30 ਸਾਲ ਬਚਪਨ, ਪੜ੍ਹਾਈ ਅਤੇ ਨੌਕਰੀ ਦੀ ਭਾਲ ਵਿੱਚ ਨਿਕਲ ਜਾਂਦੇ ਹਨ l ਭਾਵ ਉਸ ਦੀ ਕੁੱਲ ਜਿੰਦਗੀ ਵਿੱਚੋਂ 1,560 ਹਫਤੇ ਇਸ ਕੰਮ ਵਾਸਤੇ ਨਿਕਲ ਗਏ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਨ੍ਹਾਂ 30 ਸਾਲਾਂ ਵਿੱਚ ਜਿਆਦਾ ਪੜ੍ਹਨ ਲਿਖਣ ਵਾਲੇ ਵਿਅਕਤੀ (ਸਾਰੇ ਨਹੀਂ) ਆਪਣੇ ਮਾਂ ਪਿਓ ਦੀ ਕਮਾਈ ਜਾਂ ਉਨ੍ਹਾਂ ਦੀ ਮੱਦਦ ਨਾਲ ਜਿੰਦਗੀ ਗੁਜਾਰਦੇ ਹਨ l
ਕੁੱਲ 3,536 ਹਫਤਿਆਂ ਦੀ ਜਿੰਦਗੀ ਵਿੱਚੋਂ ਉਪਰੋਕਤ 1,560 ਹਫਤੇ ਕੱਢਣ ਨਾਲ ਬਾਕੀ 1,776 ਹਫਤੇ ਰਹਿ ਜਾਂਦੇ ਹਨ l
ਇਨ੍ਹਾਂ ਵਿੱਚੋਂ ਜਿਹੜੇ ਵਿਅਕਤੀ ਵਿਦੇਸ਼ ਜਾਂਦੇ ਹਨ ਉਨ੍ਹਾਂ ਦੀ ਉਮਰ ਜੌਬ ਲੱਭ ਕੇ ਪੱਕੇ ਹੁੰਦਿਆਂ 35 ਸਾਲ ਹੋ ਜਾਂਦੀ ਹੈ l
ਇਨ੍ਹਾਂ ਸਾਰੇ ਸਾਲਾਂ ਵਿੱਚੋਂ ਜੇਕਰ ਕੰਮ ਕਰਨ ਦੇ ਹਫਤੇ ਗਿਣੀਏ ਤਾਂ ਇਹ 1,560 ਹਫਤੇ ਹੀ ਹਨ ਭਾਵ ਅਸੀਂ ਸਿਰਫ 30 ਕੁ ਸਾਲ ਹੀ ਡਟ ਕੇ ਕੰਮ ਕਰ ਸਕਦੇ ਹਾਂ l ਜੇਕਰ ਅਸੀਂ ਹਫਤੇ ਵਿੱਚ ਪੰਜ ਦਿਨ ਕੰਮ ਕਰਦੇ ਹਾਂ ਜਿਸ ਤਰਾਂ ਵਿਦੇਸ਼ਾਂ ਵਿੱਚ ਰਿਵਾਜ਼ ਹੈ ਤਾਂ ਇਸ ਕੰਮ ਦੀ ਉਮਰ ਵਿੱਚੋਂ ਸਾਢੇ ਅੱਠ ਸਾਲ ਹੋਰ ਨਿਕਲ ਜਾਂਦੇ ਹਨ ਭਾਵ 442 ਹਫਤੇ ਨਿਕਲ ਜਾਂਦੇ ਹਨ l ਜਿਸ ਵੇਲੇ ਕੰਮ ਵਾਲੇ 1,560 ਹਫਤਿਆਂ ਵਿੱਚੋ ਇਹ 442 ਹਫਤੇ ਨਿਕਲ ਜਾਂਦੇ ਹਨ ਤਾਂ ਬਾਕੀ ਸਿਰਫ 1,118 ਹਫਤੇ ਰਹਿ ਜਾਂਦੇ ਹਨ l
ਆਮ ਤੌਰ ਤੇ ਵਿਦੇਸ਼ਾਂ ਵਿੱਚ ਫੁੱਲ ਟਾਈਮ ਕੰਮ ਕਰਨ ਵਾਲੇ ਨੂੰ ਇੱਕ ਸਾਲ ਵਿੱਚ ਚਾਰ ਹਫਤਿਆਂ ਦੀਆਂ ਛੁਟੀਆਂ ਮਿਲਦੀਆਂ ਹਨ l ਭਾਵ 30 ਸਾਲਾਂ ਦੇ ਕੰਮ ਦੇ ਸਮੇਂ ਵਿੱਚੋਂ ਇਹ ਛੁਟੀਆਂ ਕੱਢ ਲਵੋ ਤਾਂ 120 ਹਫਤੇ ਨਿਕਲ ਗਏ l ਭਾਵ 1,118 ਹਫਤਿਆਂ ਵਿੱਚੋਂ 120 ਹਫਤੇ ਨਿਕਲਣ ਤੋਂ ਬਾਦ 998 ਹਫਤੇ ਬਚੇ l ਫਿਰ ਸਾਲ ਦੀਆਂ ਪਬਲਿਕ ਛੁਟੀਆਂ ਅਤੇ ਬਿਮਾਰੀ ਦੀਆਂ ਛੁਟੀਆਂ ਪਾ ਕੇ 15 ਕੁ ਦਿਨ ਸਾਲ ਦੇ ਬਣ ਜਾਂਦੇ ਹਨ l ਕੰਮ ਦੇ 30 ਸਾਲਾਂ ਵਿੱਚੋਂ 450 ਦਿਨ ਇਹ ਨਿਕਲ ਗਏ ਭਾਵ ਉਪਰੋਕਤ 998 ਹਫਤਿਆਂ ਵਿੱਚੋਂ 64 ਹਫਤੇ ਨਿਕਲ ਕੇ 934 ਹਫਤੇ ਰਹਿ ਗਏ l
ਅਜੇ ਇਸ ਵਿੱਚੋਂ ਉਹ ਦਿਨ ਨਿਕਲਣੇ ਬਾਕੀ ਹਨ ਜੋ ਛੁਟੀਆਂ ਆਪਾਂ ਮਰਜ਼ੀ ਨਾਲ ਕਰਦੇ ਹਾਂ ਜਾਂ ਸੱਟ ਚੋਟ ਲੱਗਣ ਵੇਲੇ ਕਰਦੇ ਹਾਂ, ਕਿਸੇ ਰਿਸ਼ਤੇਦਾਰ ਦੇ ਵਿਆਹ ਸ਼ਾਦੀ ਤੇ ਕਰਦੇ ਹਾਂ l ਜੇ ਇਨ੍ਹਾਂ ਨੂੰ ਗਿਣ ਲਵਾਂਗੇ ਤਾਂ ਕੰਮ ਦੇ ਹਫਤੇ 900 ਦੇ ਕਰੀਬ ਰਹਿ ਜਾਣਗੇ l
ਹੁਣ ਪੂਰੀ ਜਿੰਦਗੀ ਵਿੱਚ 900 ਹਫਤੇ ਕੰਮ ਕਰਨਾ ਕੀ ਬਹੁਤ ਜਿਆਦਾ ਹੈ ?
ਇਹ ਕੰਮ ਕਰਨ ਦੀ ਉਮਰ ਹੋਰ ਘਟ ਜਾਂਦੀ ਹੈ ਜਦੋਂ ਭਾਰਤ ਵਿੱਚ ਰਹਿੰਦਿਆਂ 50 ਸਾਲ ਦੀ ਉਮਰ ਤੱਕ ਪਹੁੰਚਦਿਆਂ ਇੱਕ ਜਾਂ ਦੋ ਬਿਮਾਰੀਆਂ ਲੱਗ ਜਾਂਦੀਆਂ ਹਨ l ਉਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਖੇਤੀ ਬਾੜੀ ਵਿੱਚ ਹੁੰਦੀਆਂ ਖਤਰਨਾਕ ਸਪਰੇਆਂ, ਸਾਫ ਪਾਣੀ ਨਾ ਮਿਲਣਾ, ਗਲਤ ਖਾਣਾ, ਖੂਨ ਚੈੱਕ ਨਾ ਕਰਵਾਉਣਾ ਅਤੇ ਕਸਰਤ ਦੀ ਘਾਟ ਹੁੰਦੀ ਹੈ ਜੋ ਸਭ ਆਪਣੇ ਹੱਥ ਵਿੱਚ ਹੁੰਦਾ ਹੈ l ਸਾਡੇ ਵਿੱਚੋਂ ਬਹੁਤ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਹ ਮੰਨਦੇ ਹਨ ਕਿ ਜਿੰਨੀ ਉਮਰ ਉੱਪਰ ਵਾਲੇ ਨੇ ਲਿਖੀ ਹੈ ਓਨੀ ਹੀ ਭੋਗਣੀ ਹੈ l ਜਦ ਕਿ ਇਹ ਸੱਚ ਨਹੀਂ ਹੈ l ਨਿਊਜ਼ੀਲੈਂਡ ਜੋ ਕਿ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈ ਉਥੇ ਔਸਤਨ ਉਮਰ 82 ਸਾਲ ਹੈ l ਨਾਸਤਿਕਾਂ ਦੇ ਮੁਲਕ ਵਿੱਚ ਰੱਬ ਨੇ ਵੱਧ ਉਮਰ ਕਿਉਂ ਲਿਖੀ ? ਇਸ ਸਵਾਲ ਦਾ ਜਵਾਬ ਲੱਭਣਾ ਸਾਡਾ ਸਭ ਦਾ ਫਰਜ਼ ਹੈ l
ਬੜੀ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਸਾਰੀ ਦੁਨੀਆਂ ਦਾ ਹਿਸਾਬ ਕਿਤਾਬ ਲਗਾ ਲੈਂਦੇ ਹਾਂ ਪਰ ਆਪਣੀ ਜਿੰਦਗੀ ਬਾਰੇ ਕਦੇ ਹਿਸਾਬ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ l
ਉਪਰੋਕਤ ਸਾਰਾ ਹਿਸਾਬ ਕਿਤਾਬ ਦੇਖਣ ਤੋਂ ਬਾਦ ਸਾਨੂੰ ਪਤਾ ਲਗਦਾ ਹੈ ਕਿ ਸਾਡੀ ਜਿੰਦਗੀ ਬਹੁਤ ਲੰਬੀ ਨਹੀਂ ਹੈ ਪਰ ਅਸੀਂ ਆਪਣੀ ਛੋਟੀ ਜਿਹੀ ਜਿੰਦਗੀ ਵਾਸਤੇ ਬਹੁਤ ਜਿਆਦਾ ਔਖੇ ਹੋਏ ਰਹਿੰਦੇ ਹਾਂ ਅਤੇ ਕਈ ਕੁੱਝ ਬੇਲੋੜਾ ਕਰਦੇ ਰਹਿੰਦੇ ਹਾਂ ਜਿਸ ਨੂੰ ਘੱਟ ਕਰਕੇ ਅਸੀਂ ਵਧੀਆ ਜਿੰਦਗੀ ਜੀਅ ਸਕਦੇ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147