-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਉਤਰਾਅ-ਝੜ੍ਹਾ ਆਉਂਦਾ ਰਹਿੰਦਾ ਹੈ l ਆਮ ਵਿਅਕਤੀ ਨੂੰ ਇਹ ਪਤਾ ਨਹੀਂ ਲਗਦਾ ਕਿ ਘਰ ਕਦੋਂ ਲਿਆ ਜਾਵੇ ਅਤੇ ਕਦੋਂ ਵੇਚਿਆ ਜਾਵੇ ? ਨਾ ਹੀ ਇਹ ਪਤਾ ਲਗਦਾ ਹੈ ਕਿ ਘਰ ਰੱਖਣ ਵਿੱਚ ਫਾਇਦਾ ਹੈ ਜਾਂ ਵੇਚਣ ਵਿੱਚ ਫਾਇਦਾ ਹੈ l ਘਰਾਂ ਵਿੱਚ ਉਤਰਾਅ ਘੱਟ ਆਉਂਦਾ ਹੈ ਪਰ ਕੀਮਤਾਂ ਤਕਰੀਬਨ ਵਧਦੀਆਂ ਰਹਿੰਦੀਆਂ ਹਨ l ਜੇ ਕੀਮਤਾਂ ਵਿੱਚ ਉਤਰਾਅ ਆ ਜਾਵੇ ਤਾਂ ਬਹੁਤ ਥੋੜ੍ਹੇ ਸਮੇਂ ਵਾਸਤੇ ਆਉਂਦਾ ਹੈ ਅਤੇ ਛੇਤੀਂ ਹੀ ਕੀਮਤ ਫਿਰ ਵਧ ਜਾਂਦੀ ਹੈ l
ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਹੀ ਘਰ ਕਿਸੇ ਨੂੰ ਪੈਸੇ ਪੱਖੋਂ ਉੱਪਰ ਚੁੱਕ ਦਿੰਦਾ ਹੈ ਅਤੇ ਦੂਜੇ ਨੂੰ ਡੋਬ ਦਿੰਦਾ ਹੈ l ਇਸ ਤਰਾਂ ਕਿਉਂ ਹੁੰਦਾ ਹੈ ? ਕੀ ਘਰ ਵਿੱਚ ਖਰਾਬੀ ਹੈ ?
ਜਿਸ ਨੂੰ ਘਰ ਵਿੱਚ ਫਾਇਦਾ ਹੋ ਜਾਂਦਾ ਹੈ ਉਸ ਨੂੰ ਘਰਾਂ ਦਾ ਕਾਰੋਬਾਰ ਵਧੀਆ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੂਜਿਆਂ ਨੂੰ ਘਾਟੇ ਵਾਲਾ l
ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਨੁਕਸ ਘਰ ਵਿੱਚ ਨਹੀਂ ਹੈ l ਉਸ ਨੂੰ ਖਰੀਦਣ ਵਾਲੇ ਵਿੱਚ ਹੈ l
ਬਹੁਤੇ ਲੋਕ ਸਹੀ ਸਮੇਂ ਸਹੀ ਫੈਸਲਾ ਨਹੀਂ ਲੈ ਸਕਦੇ l ਜਦ ਤੱਕ ਉਹ ਘਰ ਖਰੀਦਣ ਦਾ ਫੈਸਲਾ ਲੈਂਦੇ ਹਨ ਉਹ ਬਹੁਤ ਲੇਟ ਹੋ ਜਾਂਦਾ ਹੈ l ਲੇਟ ਹੋਣ ਨਾਲ ਉਹੀ ਘਰ ਮਹਿੰਗਾ ਮਿਲਦਾ ਹੈ l
ਪਿਛਲੇ ਕਈ ਸਾਲਾਂ ਤੋਂ ਘਰ ਮਹਿੰਗੇ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ l ਹਾਲਤ ਅੱਜ ਵੀ ਇਹੀ ਹੈ ਅਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਰਹੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਆਮ ਲੋਕ ਘਰ ਖਰੀਦ ਨਹੀਂ ਸਕਦੇ l ਜਿਸ ਤਰਾਂ ਸਰਕਾਰ ਅਤੇ ਰਿਜਰਵ ਬੈਂਕ ਦੀਆਂ ਪਾਲਸੀਆਂ ਬਦਲਦੀਆਂ ਹਨ ਉਨ੍ਹਾਂ ਪਾਲਸੀਆਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ l
ਸਰਕਾਰਾਂ ਜਾਂ ਰਿਜਰਵ ਬੈਂਕ ਦੀਆਂ ਪਾਲਸੀਆਂ ਨੂੰ ਬਦਲਣਾ ਆਪਣੇ ਹੱਥ ਵਿੱਚ ਨਹੀਂ ਹੁੰਦਾ ਪਰ ਜੇ ਕੰਮ ਆਪਣੇ ਆਪ ਵਿੱਚ ਬਦਲਾ ਕਰਕੇ ਹੋ ਜਾਵੇ ਤਾਂ ਵਧੀਆ ਹੈ l ਬਹੁਤ ਘੱਟ ਸਰਕਾਰਾਂ ਪਾਲਸੀਆਂ ਲੋਕਾਂ ਦੇ ਹੱਕ ਵਿੱਚ ਬਣਾਉਂਦੀਆਂ ਹਨ l ਜਿਆਦਾ ਪਾਲਸੀਆਂ ਅਮੀਰਾਂ ਦੇ ਹੱਕ ਵਿੱਚ ਜਾਂਦੀਆਂ ਹਨ l
ਨਿਊਜ਼ੀਲੈਂਡ ਵਿੱਚ ਘਰ ਮਹਿੰਗੇ ਹੋਏ ਹਨ ਪਰ ਬੈਂਕ ਦੀ ਵਿਆਜ਼ ਦਰ ਪਿਛਲੇ ਕੁੱਝ ਸਾਲਾਂ ਤੋਂ ਘਟਦੀ ਹੋਈ ਹੁਣ 2.5% ਦੇ ਕਰੀਬ ਰਹਿ ਗਈ ਹੈ l ਪਹਿਲਾਂ ਇਹ ਵਿਆਜ਼ ਦਰ 7% ਤੋਂ 8% ਦੇ ਲਾਗੇ ਰਹਿੰਦੀ ਸੀ l ਇਸ ਦਾ ਮਤਲਬ ਇਹ ਹੋਇਆ ਕਿ ਵਿਆਜ਼ ਸਿਰਫ ਤੀਜਾ ਹਿੱਸਾ ਹੀ ਰਹਿ ਗਿਆ ਹੈ l ਇਸ ਕਰਕੇ ਘਰਾਂ ਉੱਪਰ ਕਰਜ਼ਾ ਸੌਖਾ ਮਿਲ ਰਿਹਾ ਹੈ ਅਤੇ ਕਿਸ਼ਤ ਵੀ ਭਰਨੀ ਸੌਖੀ ਹੈ l
ਜੇ ਦੋ ਪਰਿਵਾਰ ਰਲ ਕੇ ਘਰ ਖਰੀਦ ਲੈਣ ਤਾਂ ਕਿਸ਼ਤ ਭਰਨੀ ਹੋਰ ਵੀ ਸੌਖੀ ਹੋ ਜਾਂਦੀ ਹੈ l
ਕਰੋਨਾ ਵਾਇਰਸ (COVID-19) ਦੀ ਵਜ੍ਹਾ ਕਰਕੇ ਰਿਜਰਵ ਬੈਂਕ ਨੇ ਇਨਵੇਸਟਰਾਂ ਤੇ ਲਗਾਈਆਂ ਪਬੰਧੀਆਂ ਹਟਾ ਦਿਤੀਆਂ ਸਨ ਜਿਸ ਦਾ ਇਨਵੇਸਟਰਾਂ ਨੇ ਫਾਇਦਾ ਲਿਆ l ਜਿਸ ਦੇ ਸਿੱਟੇ ਵਜੋਂ ਮਾਰਕੀਟ ਵਿੱਚ ਖਰੀਦਦਾਰ ਵਧਣ ਨਾਲ ਘਰਾਂ ਦੀ ਕੀਮਤ ਹੋਰ ਉੱਪਰ ਚਲੇ ਗਈ l ਹੁਣ ਵੱਖ ਵੱਖ ਧਿਰਾਂ ਵਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਇਨਵੇਸਟਰਾਂ ਤੇ ਪਬੰਧੀਆਂ ਫਿਰ ਲੱਗਣੀਆਂ ਚਾਹੀਦੀਆਂ ਹਨ l ਮੈਨੂੰ ਉਮੀਦ ਹੈ ਕਿ ਮਾਰਚ 2021 ਦੇ ਲਾਗੇ ਜਾ ਕੇ ਇਹ ਪਬੰਧੀਆਂ ਰਿਜਰਵ ਬੈਂਕ ਵਲੋਂ ਫਿਰ ਲਾਗੂ ਹੋ ਜਾਣਗੀਆਂ l
ਪਬੰਧੀਆਂ ਦਾ ਭਾਵ ਕਿ ਉਮੀਦ ਹੈ ਕਿ ਇਨਵੇਸਟਰਾਂ ਨੂੰ ਫਿਰ 30% ਡਿਪੋਜਿੱਟ ਨਾਲ ਘਰ ਮਿਲਿਆ ਕਰੇਗਾ ਜਦ ਕਿ ਹੁਣ 20% ਡਿਪੋਜਿੱਟ ਨਾਲ ਮਿਲਦਾ ਹੈ l ਇਹ ਰਿਜਰਵ ਬੈਂਕ ਦੀਆਂ ਪਬੰਧੀਆਂ ਕਰਕੇ ਹੋਵੇਗਾ l ਕਈ ਬੈਂਕਾਂ ਆਪਣੇ ਤੌਰ ਤੇ ਇਹ ਪਬੰਧੀਆਂ ਪਹਿਲਾਂ ਹੀ ਲਗਾਉਣੀਆਂ ਸ਼ੁਰੂ ਕਰ ਦੇਣਗੀਆਂ l ਭਾਵ ਕਿ ਜਨਵਰੀ 2021 ਤੋਂ ਲੈ ਕੇ ਸ਼ਾਇਦ ਬਹੁਤੀਆਂ ਬੈਂਕਾਂ ਇਨਵੇਸਟਰਾਂ ਨੂੰ ਕਰਜ਼ੇ ਦੀ ਪਰੀ -ਅਪਰੂਵਲ (Pre-Approval)
20% ਡਿਪੋਸਿੱਟ ਦੇ ਅਧਾਰ ਤੇ ਨਾ ਦੇਣ l
ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨਵੇਸਟਰਾਂ ਨੂੰ ਘਰ ਲੈਣਾ ਮੁਸ਼ਕਲ ਹੋ ਜਾਵੇਗਾ ਪਰ ਪਹਿਲਾ ਘਰ ਲੈਣ ਵਾਲਿਆਂ ਵਾਸਤੇ ਸੌਖਾ l
ਇਨਵੇਸਟਰਾਂ ਦਾ ਡਿਪੋਜਿੱਟ ਵਧਣ ਕਰਕੇ ਮਾਰਕੀਟ ਵਿੱਚ ਕੰਪੀਟੀਸ਼ਨ ਘਟੇਗਾ ਅਤੇ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਘਰ ਖਰੀਦਣ ਦੇ ਵਧੀਆ ਮੌਕੇ ਮਿਲਣਗੇ l ਇਸ ਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਘਰ ਬਹੁਤ ਸਸਤੇ ਹੋ ਜਾਣਗੇ ਪਰ ਜੋ ਘਰਾਂ ਦੀ ਕੀਮਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਉਹ ਹੌਲੀ ਹੋ ਜਾਵੇਗੀ l ਇਸ ਹੌਲੀ ਹੁੰਦੀ ਮਾਰਕੀਟ ਦਾ ਪਤਾ ਸ਼ਾਇਦ ਮਈ ਜਾਂ ਜੂਨ 2021 ਵਿੱਚ ਜਾ ਕੇ ਲੱਗੇ l
ਸੰਨ 2021 ਵਿੱਚ ਬੈਂਕਾਂ ਦਾ ਵਿਆਜ਼ ਹੋਰ ਘਟਣ ਦੀ ਸੰਭਾਵਨਾ ਹੈ l ਹੋ ਸਕਦਾ ਹੈ ਕਿ ਵਿਆਜ਼ ਢਾਈ ਪ੍ਰਤੀਸ਼ਤ ਤੋਂ ਘਟ ਕੇ ਦੋ ਪ੍ਰਤੀਸ਼ਤ ਦੇ ਲਾਗੇ ਆ ਜਾਵੇ ਜਿਸ ਨਾਲ ਘਰਾਂ ਦੀਆਂ ਕਿਸ਼ਤਾਂ ਹੋਰ ਘਟਣਗੀਆਂ l
ਜੇ ਕੋਈ ਇਨਵੇਸਟਰ ਘਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਵਾਸਤੇ ਹੁਣ ਘਰ ਖਰੀਦਣਾ ਸੌਖਾ ਹੈ ਕਿਉਂਕਿ ਅਜੇ ਕੁੱਝ ਬੈਂਕਾਂ 20% ਡਿਪੋਜਿੱਟ ਤੇ ਕਰਜ਼ਾ ਦੇ ਰਹੀਆਂ ਹਨ l
ਜੇ ਕੋਈ ਪਹਿਲਾ ਘਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਵਾਸਤੇ ਵੀ ਵਧੀਆ ਸਮਾਂ ਹੈ ਘਰ ਖਰੀਦਣ ਦਾ ਅਤੇ ਅਗਲੇ ਸਾਲ ਵੀ ਵਧੀਆ ਸਮਾਂ ਹੀ ਰਹੇਗਾ ਕਿਉਂਕਿ ਬੈਂਕਾਂ ਦਾ ਵਿਆਜ਼ ਘੱਟ ਰਹਿਣ ਦੀ ਆਸ ਹੈ l
ਪਹਿਲਾ ਘਰ ਖਰੀਦਣ ਵਾਲਿਆਂ ਵਾਸਤੇ ਕ੍ਰਿਸਮਿਸ ਮੌਕੇ ਘਰ ਖਰੀਦਣ ਦਾ ਵਧੀਆ ਮੌਕਾ ਹੁੰਦਾ ਹੈ ਕਿਉਂਕਿ ਬਹੁਤੇ ਇਨਵੇਸਟਰ ਛੁਟੀਆਂ ਕੱਟਣ ਗਏ ਹੁੰਦੇ ਹਨ ਅਤੇ ਘਰਾਂ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਹੈ l ਕਈ ਵਾਰੀ ਲੋੜਵੰਦ ਕੋਲੋਂ ਘਰ ਥੋੜ੍ਹਾ ਸਸਤਾ ਮਿਲ ਜਾਂਦਾ ਹੈ l
ਨੋਟ :- ਇਹ ਆਰਟੀਕਲ ਮੇਰੇ ਆਪਣੇ ਤਜਰਬੇ ਤੇ ਅਧਾਰਤ ਹੈ l ਕਿਸੇ ਵੀ ਇਨਵੈਸਟਮੈਂਟ ਤੋਂ ਪਹਿਲਾਂ ਆਪਣੇ ਅਡਵਾਈਜ਼ਰ ਨਾਲ ਸਲਾਹ ਜ਼ਰੂਰੀ ਕਰ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147