ਸ਼ਰਧਾ:- ਸ਼ਰਧਾ ਕਿਸੇ ਵੀ ਚੀਜ਼ ਪ੍ਰਤੀ, ਕਿਸੇ ਕਿਤਾਬ ਪ੍ਰਤੀ, ਕਿਸੇ ਮੂਰਤੀ ਪ੍ਰਤੀ, ਕਿਸੇ ਵਿਅਕਤੀ ਪ੍ਰਤੀ ਜਾਂ ਕਿਸੇ ਬਿਲਡਿੰਗ ਪ੍ਰਤੀ ਹੋ ਸਕਦੀ ਹੈ l ਆਮ ਤੌਰ ਤੇ ਸ਼ਰਧਾ ਧਾਰਮਿਕ ਵਿਅਕਤੀਆਂ ਵਿੱਚ ਪਾਈ ਜਾਂਦੀ ਹੈ l ਇਸ ਦੀ ਖਾਸੀਅਤ ਇਹ ਹੈ ਕਿ ਸ਼ਰਧਾ ਰੱਖਣ ਵਾਸਤੇ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ l ਕਿਸੇ ਹੋਰ ਵਲੋਂ ਜੇਕਰ ਕਿਸੇ ਦੂਜੇ ਦੀ ਸ਼ਰਧਾ ਦਾ ਵਿਰੋਧ ਕੀਤਾ ਜਾਵੇ ਤਾਂ ਉਸ ਨੂੰ ਉਹ ਵਿਅਕਤੀ ਬਹੁਤ ਬੁਰਾ ਲਗਦਾ ਹੈ l
ਲਾਈਲੱਗਤਾ :- ਲਾਈਲੱਗ ਉਸ ਨੂੰ ਕਹਿੰਦੇ ਹਨ ਜੋ ਬਿਨਾਂ ਸੋਚੇ ਦੂਜੇ ਦੇ ਪਿੱਛੇ ਲੱਗ ਜਾਵੇ l ਇਸ ਵਾਸਤੇ ਵੀ ਲਾਈਲੱਗ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ l ਲਾਈਲੱਗਤਾ ਨੂੰ ਦੂਜੇ ਸ਼ਬਦਾਂ ਵਿੱਚ ਭੇਡ ਚਾਲ ਵੀ ਕਿਹਾ ਜਾਂਦਾ ਹੈ l ਭੇਡਾਂ ਦੀ ਖਾਸੀਅਤ ਹੁੰਦੀ ਹੈ ਕਿ ਜੇਕਰ ਇੱਕ ਭੇਡ ਭੱਜ ਪਵੇ ਤਾਂ ਸਾਰੀਆਂ ਭੇਡਾਂ ਉਸ ਦੇ ਪਿੱਛੇ ਭੱਜ ਪੈਣਗੀਆਂ l ਜੇ ਇੱਕ ਭੇਡ ਛਾਲ ਮਾਰ ਦੇਵੇ ਤਾਂ ਸਾਰੀਆਂ ਭੇਡਾਂ ਉਸ ਜਗ੍ਹਾ ਤੋਂ ਛਾਲ ਮਾਰ ਕੇ ਜਾਣਗੀਆਂ l ਸ਼ਰਧਾ ਅਤੇ ਲਾਈਲੱਗਤਾ ਦਾ ਆਪਸ ਵਿੱਚ ਰਿਸ਼ਤਾ ਇਹ ਹੈ ਕਿ ਦੋਨਾਂ ਵਿੱਚ ਸਬੂਤ ਦੇਖਣ ਦੀ ਲੋੜ ਨਹੀਂ ਪੈਂਦੀ l
ਸਚਾਈ :- ਸਚਾਈ ਤੇ ਚੱਲਣਾ ਜਾਂ ਸਚਾਈ ਤੇ ਪਹਿਰਾ ਦੇਣਾ ਔਖਾ ਕੰਮ ਹੈ l ਸਚਾਈ ਤੇ ਚੱਲਣ ਲਈ ਤੁਹਾਨੂੰ ਹਮੇਸ਼ਾਂ ਸਬੂਤ ਭਾਲਣੇ ਪੈਂਦੇ ਹਨ l ਇਸ ਵਿੱਚ ਕੋਈ ਵੀ ਆਖਰੀ ਸੱਚ ਨਹੀਂ ਹੁੰਦਾ l ਜੇਕਰ ਪਹਿਲੀ ਕੀਤੀ ਖੋਜ ਨੂੰ ਕੋਈ ਬਾਦ ਵਿੱਚ ਸਬੂਤਾਂ ਸਮੇਤ ਗਲਤ ਸਾਬਤ ਕਰ ਦੇਵੇ ਤਾਂ ਨਵੀਂ ਖੋਜ ਨੂੰ ਮੰਨ ਲਿਆ ਜਾਂਦਾ ਹੈ l ਸਚਾਈ ਦਾ ਸ਼ਰਧਾ ਅਤੇ ਲਾਈਲੱਗਤਾ ਨਾਲ ਕੋਈ ਸਬੰਧ ਨਹੀਂ ਹੁੰਦਾ l
ਇਹ ਹਰ ਇਨਸਾਨ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਆਪਣਾ ਜੀਵਨ ਸ਼ਰਧਾ, ਲਾਈਲੱਗਤਾ ਜਾਂ ਸਚਾਈ ਨਾਲ ਗੁਜਾਰਨਾ ਹੈ l ਕੋਈ ਜ਼ਬਰਦਸਤੀ ਦੂਜੇ ਨੂੰ ਸਚਾਈ ਦੇ ਰਾਹ ਨਹੀਂ ਤੋਰ ਸਕਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
006421392147