ਮੈਨੂੰ ਬਚਪਨ ਤੋਂ ਹੀ ਲੋਕ ਭਲਾਈ ਦੀ ਆਦਤ ਸੀ l ਜਨਮ ਸਿੱਖ ਪਰਿਵਾਰ ਵਿੱਚ ਹੋਇਆ ਹੋਣ ਕਰਕੇ ਸਾਨੂੰ ਵੰਡ ਕੇ ਛਕਣ ਬਾਰੇ ਬਚਪਨ ਤੋਂ ਹੀ ਸਿਖਾਇਆ ਜਾਂਦਾ ਸੀ l ਵੰਡ ਕੇ ਛਕਣ ਦੇ ਨਾਲ ਨਾਲ ਇਮਾਨਦਾਰੀ, ਲੋੜ੍ਹਵੰਦ ਦੀ ਮੱਦਦ ਕਰਨੀ ਅਤੇ ਕਿਸੇ ਦੇ ਔਖੇ ਸਮੇਂ ਉਸ ਦੇ ਨਾਲ ਖੜ੍ਹੇ ਹੋਣਾ ਵੀ ਉਸੇ ਸਿੱਖਿਆ ਦਾ ਇੱਕ ਹਿੱਸਾ ਸੀ ਜਿਸ ਨੂੰ ਹਮੇਸ਼ਾਂ ਪੱਲੇ ਬੰਨ੍ਹ ਕੇ ਰੱਖਿਆ ਅਤੇ ਅੱਜ ਵੀ ਰੱਖਿਆ ਹੋਇਆ ਹੈ l ਇਹ ਇੱਕ ਐਸੀ ਦੌਲਤ ਮੈਨੂੰ ਆਪਣੇ ਪਰਿਵਾਰ ਵਿੱਚੋਂ ਮਿਲੀ ਸੀ ਜਿਸ ਨੂੰ ਕੋਈ ਮੇਰੇ ਕੋਲੋਂ ਖੋ ਨਹੀਂ ਸਕਿਆ l
ਜਿੰਦਗੀ ਵਿੱਚ ਹਲਾਤ ਭਾਵੇਂ ਬਦ ਤੋਂ ਬਦਤਰ ਵੀ ਹੋਏ ਪਰ ਬਜ਼ੁਰਗਾਂ ਦੀਆਂ ਸਿਖਿਆਵਾਂ ਦਾ ਲੜ ਨਹੀਂ ਛੱਡਿਆ l ਭਾਵੇਂ ਉਪਰੋਕਤ ਗੱਲਾਂ ਨੂੰ ਚੰਗਾ ਮੰਨਿਆ ਜਾਂਦਾ ਹੈ l ਜਿੰਨੀਆਂ ਇਹ ਗੱਲਾਂ ਚੰਗੀਆਂ ਹਨ ਓਨਾ ਹੀ ਇਨ੍ਹਾਂ ਤੇ ਅਮਲ ਕਰਨਾ ਔਖਾ ਹੈ l
ਕਈ ਵਾਰੀ ਇਨ੍ਹਾਂ ਗੱਲਾਂ ਤੇ ਅਮਲ ਕਰਦਿਆਂ ਬਹੁਤ ਮੁਸ਼ਕਲ ਹਲਾਤਾਂ ਜਾਂ ਪ੍ਰੀਖਿਆਵਾਂ ਵਿੱਚੋਂ ਨਿਕਲਣਾ ਪੈਂਦਾ ਹੈ l ਪੰਜਾਬ ਵਿੱਚ ਰਹਿੰਦਿਆਂ ਇੱਕ ਔਰਤ ਕਿਸੇ ਬਾਹਰਲੇ ਸ਼ਹਿਰ ਵਿੱਚੋਂ ਆ ਕੇ ਸਾਡੇ ਇਲਾਕੇ ਵਿੱਚ ਵਸੀ ਹੋਈ ਸੀ l ਸ਼ਾਇਦ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਸਾਡੇ ਇਲਾਕੇ ਵਿੱਚ ਰਹਿੰਦੀ ਹੋਵੇ l ਮੇਰੇ ਨਾਲੋਂ ਦੁਗਣੀ ਉਮਰ ਦੀ ਹੋਵੇਗੀ l
ਜਦੋਂ ਮੈਂ ਆਪਣੇ ਛਾਪੇ ਖਾਨੇ ਦਾ ਕੰਮ ਖੋਲ੍ਹਿਆ ਤਾਂ ਪਹਿਲੇ ਦੋ ਕੁ ਮਹੀਨੇ ਕੰਮ ਵਧੀਆ ਨਹੀਂ ਚੱਲਿਆ ਤਾਂ ਕੁੱਝ ਸਮਾਂ ਤਾਸ਼ ਖੇਡ ਕੇ ਬਿਤਾਉਣਾ ਪੈਂਦਾ ਸੀ l ਸਾਡੇ ਕੋਲ ਇੱਕ ਹੋਰ ਵਿਅਕਤੀ ਵੀ ਤਾਸ਼ ਖੇਡਣ ਆਉਣ ਲੱਗ ਪਿਆ l ਉਸ ਨੇ ਆਪਣੇ ਆਪ ਨੂੰ ਉਸ ਔਰਤ ਦਾ ਭਰਾ ਦੱਸਿਆ l
ਦੋ ਤਿੰਨ ਹਫਤਿਆਂ ਵਿੱਚ ਉਸ ਨਾਲ ਦੋਸਤੀ ਪੈ ਗਈ l ਇਲਾਕੇ ਵਿੱਚ ਬਹੁਤੇ ਦੁਕਾਨਦਾਰ ਮੇਰੇ ਵਾਕਿਫ ਸਨ l
ਇੱਕ ਦਿਨ ਉਹ ਸ਼ਾਮ ਨੂੰ 7 ਕੁ ਵਜੇ ਮੇਰੀ ਦੁਕਾਨ ਤੇ ਆਇਆ ਅਤੇ ਕਹਿਣ ਲੱਗਾ ਕਿ ਮੇਰੀ ਦੂਜੀ ਭੈਣ ਅੰਬਾਲੇ ਤੋਂ ਕੱਲ੍ਹ ਦੀ ਆਈ ਹੋਈ ਹੈ l ਘਰ ਮੱਛਰ ਬਹੁਤ ਹੈ l ਨਿਆਣੇ ਸੌਂਦੇ ਨਹੀਂ l ਇੱਕ ਪੱਖਾ ਚਾਹੀਦਾ ਹੈ l ਤੂੰ ਆਪਣੇ ਦੋਸਤ ਦੀ ਦੁਕਾਨ ਤੋਂ ਉਧਾਰ ਲੈ ਕੇ ਦੇ l ਮੈਂ ਤੈਨੂੰ ਦੋ ਹਫਤਿਆਂ ਤੱਕ ਪੈਸੇ ਦੇ ਦਿਆਂਗਾ l
ਮੈਂ ਰਾਤ ਦੇ ਅੱਠ ਕੁ ਵਜੇ ਆਪਣੇ ਇੱਕ ਦੋਸਤ ਦੀ ਦੁਕਾਨ ਖੁਲਵਾਈ ਅਤੇ ਉਸ ਨੂੰ ਪੱਖਾ ਉਧਾਰ ਆਪਣੇ ਨਾਮ ਤੇ ਲੈ ਦਿੱਤਾ l ਉਸ ਦਿਨ ਤੋਂ ਬਾਦ ਉਹ ਵਿਅਕਤੀ ਕਦੇ ਵੀ ਸਾਡੀ ਦੁਕਾਨ ਤੇ ਨਹੀਂ ਆਇਆ ਅਤੇ ਨਾ ਹੀ ਮਿਲਿਆ l ਮੈਂ ਪੱਖੇ ਦੇ ਪੈਸੇ ਆਪਣੇ ਕੋਲੋਂ ਦੁਕਾਨਦਾਰ ਨੂੰ ਦੇ ਦਿੱਤੇ ਕਿਉਂਕਿ ਉਸ ਨੇ ਪੱਖਾ ਤਾਂ ਮੇਰੇ ਕਰਕੇ ਹੀ ਦਿੱਤਾ ਸੀ l
ਦੋ ਕੁ ਮਹੀਨੇ ਬੀਤ ਗਏ ਤਾਂ ਮੈਂ ਉਸ ਦੀ ਭੈਣ ਦੇ ਘਰ ਉਸ ਬਾਰੇ ਪੁੱਛਣ ਗਿਆ ਕਿ ਤੇਰਾ ਭਰਾ ਮੁੜ ਕੇ ਕਦੇ ਦਿਸਿਆ ਨਹੀਂ l ਉਹ ਕਹਿੰਦੀ ਉਹ ਤਾਂ ਸਾਡੇ ਕਿਤੇ ਦੋ ਤਿੰਨ ਸਾਲਾਂ ਬਾਦ ਹੀ ਆਉਂਦਾ ਹੁੰਦਾ ਅਤੇ ਆਪਣੇ ਮਾਪਿਆਂ ਨੂੰ ਵੀ ਕਦੇ ਕਦਾਈਂ ਹੀ ਮਿਲਦਾ ਹੁੰਦਾ l
ਮੈਨੂੰ ਸ਼ੱਕ ਹੋ ਗਿਆ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ ਪਰ ਫਿਰ ਮੈਂ ਹੌਂਸਲਾ ਕਰਕੇ ਉਸ ਦੀ ਭੈਣ ਨੂੰ ਕਿਹਾ ਕਿ ਜਦੋਂ ਤੁਹਾਡੀ ਭੈਣ ਅੰਬਾਲੇ ਤੋਂ ਆਈ ਸੀ ਤਾਂ ਤੁਹਾਡਾ ਭਰਾ ਮੇਰੀ ਗਰੰਟੀ ਤੇ ਇੱਕ ਪੱਖਾ ਲੈ ਗਿਆ ਸੀ ਜਿਸ ਦੇ ਉਸ ਨੇ ਪੈਸੇ ਵੀ ਨਹੀਂ ਮੋੜੇ ਅਤੇ ਨਾ ਹੀ ਪੱਖਾ ਵਾਪਸ ਦਿੱਤਾ l ਉਹ ਕਹਿਣ ਲੱਗੀ ਕਿ ਉਸ ਦੇ ਘਰ ਤਾਂ ਉਸ ਦੀ ਕੋਈ ਭੈਣ ਅੰਬਾਲੇ ਤੋਂ ਆਈ ਹੀ ਨਹੀਂ l
ਮੈਂ ਉਸ ਨੂੰ ਪੁੱਛਿਆ ਕਿ ਭੈਣ ਨਹੀਂ ਆਈ ਤਾਂ ਪੱਖਾ ਤਾਂ ਤੁਹਾਡੇ ਘਰ ਹੀ ਆਇਆ ਹੋਵੇਗਾ ਕਿਉਂਕਿ ਉਸ ਵੇਲੇ ਤੁਹਾਡਾ ਭਰਾ ਤੁਹਾਡੇ ਨਾਲ ਹੀ ਰਹਿੰਦਾ ਸੀ l ਉਹ ਕਹਿਣ ਲੱਗੀ ਕਿ ਮੇਰੇ ਘਰ ਤਾਂ ਕੋਈ ਪੱਖਾ ਵੀ ਨਹੀਂ ਆਇਆ l ਤੂੰ ਬੇਸ਼ੱਕ ਅੰਦਰ ਵੜ੍ਹ ਕੇ ਦੇਖ ਲੈ l
ਮੈਂ ਅੰਦਰ ਵੜ੍ਹ ਕੇ ਤਾਂ ਨਹੀਂ ਦੇਖਿਆ ਪਰ ਮੈਨੂੰ ਉਹ ਸੱਚ ਬੋਲਦੀ ਲੱਗੀ l ਉਸ ਦਾ ਭਰਾ ਹੀ ਧੋਖਾ ਕਰ ਗਿਆ ਸੀ l ਉਸ ਦੇ ਭਰਾ ਦੀ ਦੱਸੀ ਕੋਈ ਵੀ ਗੱਲ ਸੱਚੀ ਨਹੀਂ ਨਿਕਲ ਰਹੀ ਸੀ l ਵੈਸੇ ਵੀ ਉਸ ਦੀ ਭੈਣ ਦਾ ਕੀ ਕਸੂਰ ਸੀ ? ਮੈਂ ਕਿਹੜਾ ਪੱਖਾ ਉਸ ਦੀ ਭੈਣ ਦੇ ਕਹਿਣ ਤੇ ਲੈ ਕੇ ਦਿੱਤਾ ਸੀ ? ਉਸ ਦਿਨ ਮੈਨੂੰ ਪਤਾ ਲੱਗਾ ਕਿ ਲੋਕ ਬੇਈਮਾਨ ਵੀ ਹੁੰਦੇ ਹਨ l ਇੱਕ ਦੋ ਮਹੀਨੇ ਹੋਰ ਬੀਤੇ ਮੈਂ ਉਸ ਗੱਲ ਨੂੰ ਭੁੱਲ ਹੀ ਗਿਆ l
ਮੇਰੀ ਦੁਕਾਨ ਤੋਂ ਦੋ ਦੁਕਾਨਾਂ ਛੱਡ ਕੇ ਇੱਕ ਘੜ੍ਹੀ ਸਾਜ਼ ਦੀ ਦੁਕਾਨ ਸੀ ਜੋ ਕਿ ਮੇਰਾ ਦੋਸਤ ਸੀ l ਇੱਕ ਦਿਨ ਮੈਨੂੰ ਉਹ ਪੁੱਛਣ ਲੱਗਾ ਕਿ ਤੇਰਾ ਇੱਕ ਦੋਸਤ ਇਥੇ ਆਉਂਦਾ ਹੁੰਦਾ ਸੀ l ਉਹ ਕਦੇ ਦਿਸਿਆ ਨਹੀਂ l ਮੈਨੂੰ ਪਤਾ ਨਾ ਲੱਗੇ ਕਿ ਕਿਹੜੇ ਦੋਸਤ ਦੀ ਗੱਲ ਕਰਦਾ l ਨਾਮ ਉਸ ਨੂੰ ਚੇਤੇ ਨਹੀਂ ਸੀ l ਉਸ ਨੇ ਹੁਲੀਆ ਦੱਸਿਆ ਤਾਂ ਮੈਨੂੰ ਚੇਤੇ ਆਇਆ ਕਿ ਇਹ ਉਸ ਦੀ ਗੱਲ ਕਰ ਰਿਹਾ l ਮੈਂ ਘੜ੍ਹੀ ਸਾਜ਼ ਨੂੰ ਕਿਹਾ ਕਿ ਮੈਂ ਤਾਂ ਆਪ ਉਸ ਨੂੰ ਲੱਭਦਾ ਹਾਂ ਉਹ ਮੇਰੇ ਕੋਲੋਂ ਨਵਾਂ ਪੱਖਾ ਲੈ ਗਿਆ ਸੀ ਅਤੇ ਪੈਸੇ ਵੀ ਨਹੀਂ ਦਿੱਤੇ l ਉਹ ਕਹਿੰਦਾ ਕਿ ਉਹ ਪੱਖਾ ਮੇਰੇ ਕੋਲ ਗਹਿਣੇ ਰੱਖ ਗਿਆ ਸੀ ਡੇਢ ਸੌ ਰੁਪਏ ਵਿੱਚ l
ਪੱਖਾ ਗਹਿਣੇ ਰੱਖਣ ਵੇਲੇ ਉਹ ਘੜ੍ਹੀ ਸਾਜ਼ ਨੂੰ ਕਹਿਣ ਲੱਗਾ ਕਿ ਅਵਤਾਰ ਮੇਰਾ ਦੋਸਤ ਹੈ ਮੈਂ ਉਸ ਤੋਂ ਪੈਸੇ ਮੰਗਣੇ ਨਹੀਂ ਚਾਹੁੰਦਾ ਅਤੇ ਤੂੰ ਵੀ ਅਵਤਾਰ ਨਾਲ ਗੱਲ ਨਾ ਕਰੀਂ l
ਜਦੋਂ ਘੜ੍ਹੀ ਸਾਜ਼ ਨੇ ਮੈਨੂੰ ਪੱਖਾ ਦਿਖਾਇਆ ਤਾਂ ਉਹ ਪੱਖਾ ਉਹੀ ਸੀ ਜੋ ਮੈਂ ਉਧਾਰ ਲੈ ਕੇ ਦਿੱਤਾ ਸੀ l ਮੈਂ ਉਹ ਆਪਣਾ ਹੀ ਪੱਖਾ ਡੇਢ ਸੌ ਰੁਪਏ ਵਿੱਚ ਦੁਬਾਰਾ ਘੜੀਸਾਜ਼ ਤੋਂ ਖਰੀਦਿਆ l
ਇਸ ਕਰਕੇ ਲੋਕ ਭਲਾਈ ਕਰਦਿਆਂ ਕਈ ਵਾਰ ਵੱਡੀਆਂ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ ਪਰ ਇਸ ਦੇ ਬਾਵਯੂਦ ਲੋਕ ਭਲਾਈ ਛੱਡਣੀ ਨਹੀਂ ਚਾਹੀਦੀ l
ਜਿਹੜੇ ਲੋਕ ਇਸ ਤਰਾਂ ਜਿੰਦਗੀ ਵਿੱਚ ਧੋਖਾ ਕਰਦੇ ਰਹੇ ਜਦੋਂ ਮੈਂ ਉਨ੍ਹਾਂ ਵੱਲ ਅੱਜ ਨਿਗ੍ਹਾ ਮਾਰਦਾ ਹਾਂ ਤਾਂ ਉਨ੍ਹਾਂ ਦਾ ਹਾਲ ਅੱਜ ਵੀ ਉਹੀ ਹੈ ਜਾਂ ਉਸ ਸਮੇਂ ਨਾਲੋਂ ਵੀ ਬੁਰਾ ਹੈ l
ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਹੱਕ ਦੀ ਕਮਾਈ ਹੀ ਬਚਦੀ ਹੈ, ਸਕੂਨ ਦਿੰਦੀ ਹੈ ਅਤੇ ਤੁਹਾਨੂੰ ਉਸ ਤੇ ਮਾਣ ਵੀ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147