ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ l ਬਹੁਤ ਸਾਲਾਂ ਤੋਂ ਪੰਜਾਬੀਆਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਅਤੇ ਖੇਤੀ ਬਾੜੀ ਵਿੱਚ ਵਰਤੀਆਂ ਜਾਂਦੀਆਂ ਸਪਰੇਆਂ, ਖਾਦਾਂ ਅਤੇ ਮਸ਼ੀਨਰੀ ਦੀ ਕੀਮਤ ਵਧਣ ਕਰਕੇ ਕਿਸਾਨ ਆਰਥਿਕ ਪੱਖੋਂ ਬਹੁਤ ਮੰਦੀ ਹਾਲਤ ਵਿੱਚੋਂ ਗੁਜਰ ਰਹੇ ਹਨ l ਇਸ ਦੇ ਨਾਲ ਨਾਲ ਕਿਸਾਨਾਂ ਵਲੋਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਵਿੱਚ ਬੈਂਕਾਂ ਵਿੱਚੋਂ ਕਰਜ਼ਾ ਲੈ ਕੇ ਵੀ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ ਅਤੇ ਡਿਗਰੀਆਂ ਹਾਸਲ ਕਰਾਈਆਂ ਜਾ ਰਹੀਆਂ ਹਨ l ਇਸ ਦੇ ਬਾਵਯੂਦ ਸਰਕਾਰਾਂ ਵਲੋਂ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਗਿਆ l
ਇਸ ਸਾਰੇ ਸਿਸਟਮ ਤੋਂ ਤੰਗ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਮਜ਼ਬੂਰ ਹਨ l ਬਹੁਤਿਆਂ ਨੂੰ ਵਿਦੇਸ਼ਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ l ਉਥੇ ਦੇ ਕਾਇਦੇ ਕਨੂੰਨ ਤੋਂ ਵੀ ਅਣਜਾਣ ਹੁੰਦੇ ਹਨ ਪਰ ਫਿਰ ਵੀ ਆਪਣੇ ਬੇਹਤਰ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਣਾ ਲੋਚਦੇ ਹਨ l ਇਸ ਵਾਸਤੇ ਉਹ ਵਿਦੇਸ਼ ਵਿੱਚ ਹੋਣ ਵਾਲੀਆਂ ਤੰਗੀਆਂ ਦਾ ਵੀ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਹਨ l ਨੌਜਵਾਨ ਇਹ ਵੀ ਸੋਚਦਾ ਹੈ ਕਿ ਜੇਕਰ ਵਿਦੇਸ਼ ਵਿੱਚ ਤੰਗੀਆਂ ਵੀ ਹੋਣਗੀਆਂ ਤਾਂ ਉਹ ਪੰਜਾਬ ਨਾਲੋਂ ਤਾਂ ਘੱਟ ਹੀ ਹੋਣਗੀਆਂ l
ਇਸ ਮੌਕੇ ਦਾ ਫਾਇਦਾ ਟ੍ਰੈਵਲ ਏਜੇਂਟ ਉਠਾਉਂਦੇ ਹਨ l ਕੁੱਝ ਏਜੇਂਟ ਤਾਂ ਲੱਖਾਂ ਦੀ ਠਗੀ ਮਾਰ ਜਾਂਦੇ ਹਨ l ਬਹੁਤੇ ਪੰਜਾਬੀ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਜ਼ਮੀਨਾਂ ਵੇਚ ਕੇ ਵੀ ਏਜੇਂਟਾਂ ਨੂੰ ਪੈਸਾ ਦੇ ਦਿੰਦੇ ਹਨ l ਕਈ ਪੰਜਾਬੀ ਬਹੁਤ ਜਿਆਦਾ ਵਿਆਜ਼ ਤੇ ਪੈਸਾ ਚੁੱਕ ਕੇ ਵੀ ਟ੍ਰੈਵਲ ਏਜੇਂਟ ਨੂੰ ਦੇ ਦਿੰਦੇ ਹਨ ਜਿਸ ਨੂੰ ਮੋੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ l
ਪਿਛਲੇ ਕੁੱਝ ਹਫਤਿਆਂ ਤੋਂ ਨਿਊਜ਼ੀਲੈਂਡ ਦੇ ਨਾਮ ਤੇ ਪੰਜਾਬ ਦੇ ਏਜੇਂਟਾਂ ਵਲੋਂ ਠਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ l ਇਸ ਆਰਟੀਕਲ ਦੇ ਥੱਲੇ ਇੱਕ ਚਿੱਠੀ (letter) ਦੀ ਕਾਪੀ ਹੈ ਜਿਸ ਤੋਂ ਲਗਦਾ ਹੈ ਕਿ ਇਹ ਚਿੱਠੀ ਚਾਰਟਵੈੱਲ ਸ਼ੌਪਿੰਗ ਸੈਂਟਰ ਹੈਮਿਲਟਨ, ਨਿਊਜ਼ੀਲੈਂਡ ਦੀ ਲਿਖੀ ਹੋਈ ਹੈ l ਇਹ ਕਾਪੀਆਂ ਪੰਜਾਬ ਵਿੱਚ ਨੌਜਵਾਨਾਂ ਨੂੰ ਨਿਊਜ਼ੀਲੈਂਡ ਵਿੱਚ ਲਿਜਾਣ ਦੇ ਵਾਅਦੇ ਨਾਲ ਵੰਡੀਆਂ ਜਾ ਰਹੀਆਂ ਹਨ l ਪੰਜਾਬ ਤੋਂ ਇੱਕ ਵਿਅਕਤੀ ਨੇ ਇਹ ਚਿੱਠੀ ਦੀ ਕਾਪੀ ਮੇਰੇ ਦੋਸਤ ਨੂੰ ਨਿਊਜ਼ੀਲੈਂਡ ਵਿੱਚ ਭੇਜੀ ਤਾਂ ਕਿ ਇਸ ਦੇ ਸੱਚ ਹੋਣ ਬਾਰੇ ਪਤਾ ਲਗਾਇਆ ਜਾ ਸਕੇ l ਉਸ ਨੇ ਇਹ ਚਿੱਠੀ ਮੇਰੀ ਰਾਏ ਲੈਣ ਲਈ ਮੈਨੂੰ ਭੇਜੀ l ਜਦੋਂ ਮੈਂ ਚਿੱਠੀ ਪੜ੍ਹੀ ਤਾਂ ਮੈਨੂੰ ਚਿੱਠੀ ਨਕਲੀ ਲੱਗੀ l ਕੁੱਝ ਸ਼ਬਦ ਹੇਠ ਲਿਖੇ ਹਨ ਜੋ ਚਿੱਠੀ ਦੇ ਨਕਲੀ ਹੋਣ ਦਾ ਸਬੂਤ ਦਿੰਦੇ ਹਨ :-
*ਚਿੱਠੀ ਲਿਖਣ ਦਾ ਸਟੈਂਡਰਡ ਨਿਊਜ਼ੀਲੈਂਡ ਦੇ ਸਟੈਂਡਰਡ ਨਾਲੋਂ ਬਹੁਤ ਥੱਲੇ ਹੈ l
*ਚਿੱਠੀ ਜਿਸ ਨੂੰ ਲਿਖੀ ਗਈ ਉਸ ਕੰਪਨੀ ਜਾਂ ਵਿਅਕਤੀ ਦਾ ਨਾਮ ਹੀ ਨਹੀਂ ਹੈ l
*ਚਿੱਠੀ ਵਿੱਚ ਸਰ/ਮੈਡਮ (Sir/Madam) ਲਿਖਿਆ ਗਿਆ l ਭਾਵ ਕਿ ਚਿੱਠੀ ਲਿਖਣ ਵਾਲੇ ਨੂੰ ਇਹ ਵੀ ਨਹੀਂ ਪਤਾ ਕਿ ਜਿਸ ਨੂੰ ਚਿੱਠੀ ਲਿਖੀ ਜਾ ਰਹੀ ਹੈ ਉਹ ਸਰ ਹੈ ਜਾਂ ਮੈਡਮ ?
*ਚਿੱਠੀ ਦੇ ਸ਼ੁਰੂ ਵਿੱਚ ਬੰਦੇ ਕਾਮੇ (male workers) ਲਿਖਿਆ ਹੋਇਆ ਹੈ l ਨਿਊਜ਼ੀਲੈਂਡ ਵਿੱਚ ਕਿਸੇ ਕੰਮ ਵਾਸਤੇ ਬੰਦਾ ਜਾਂ ਔਰਤ (male or female) ਨਹੀਂ ਲਿਖਿਆ ਜਾ ਸਕਦਾ ਕਿਉਂਕਿ ਇਥੇ ਆਦਮੀ ਅਤੇ ਔਰਤ ਦੀ ਬਰਾਬਰਤਾ ਹੈ l
*ਤਨਖਾਹ ਅਮਰੀਕੀ ਡਾਲਰਾਂ ਵਿੱਚ ਲਿਖੀ ਹੋਈ ਹੈ ਜਦਕਿ ਨਿਊਜ਼ੀਲੈਂਡ ਵਿੱਚ ਨਿਊਜ਼ੀਲੈਂਡ ਡਾਲਰਾਂ ਦੀ ਕਰੰਸੀ ਹੈ l
*ਤਨਖਾਹ ਤੋਂ ਥੱਲੇ ਨੰਬਰ ਇੱਕ ਵਿੱਚ ਕੰਮ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਦਾ ਲਿਖਿਆ ਹੈ ਜਦ ਕਿ ਚਿੱਠੀ ਦੇ ਥੱਲੇ ਤਨਖਾਹ ਐਤਵਾਰ ਦੀ ਵੀ ਦਿੱਤੀ ਹੋਈ ਹੈ l
*ਨੰਬਰ ਦੋ ਦੇ ਥੱਲੇ ਹਫਤੇ ਦਾ 48 ਘੰਟੇ ਕੰਮ ਲਿਖਿਆ ਹੋਇਆ ਹੈ ਜਦਕਿ ਨਿਊਜ਼ੀਲੈਂਡ ਵਿੱਚ ਹਫਤੇ ਦੇ 40 ਘੰਟੇ ਹੀ ਫੁੱਲ ਟਾਈਮ ਕੰਮ ਹੁੰਦਾ ਹੈ l
*ਨੰਬਰ 3 ਵਿੱਚ ਓਵਰ ਟਾਈਮ ਦੀ ਤਨਖਾਹ ਲੇਬਰ ਲਾ ਮੁਤਾਬਕ ਲਿਖੀ ਹੈ l ਪਰ ਥੱਲੇ ਜਾ ਕੇ ਤਨਖਾਹ ਦਾ ਵੇਰਵਾ ਵੀ ਲਿਖਿਆ ਹੈ l
*ਇਸ ਚਿੱਠੀ ਤੇ ਈ-ਮੇਲ ਅਤੇ ਫੋਨ ਨੰਬਰ ਵੀ ਨਹੀਂ ਲਿਖਿਆ ਹੋਇਆ l
*ਚਿੱਠੀ ਉਤੇ ਕੋਈ ਰੈਫਰੈਂਸ ਨੰਬਰ ਵੀ ਨਹੀਂ ਹੈ l
*ਚਿੱਠੀ ਵਿੱਚ ਚਿੱਠੀ ਲਿਖਣ ਵਾਲੇ ਦਾ ਨਾਮ ਵੀ ਨਹੀਂ ਲਿਖਿਆ ਗਿਆ l
ਪੜ੍ਹਨ ਤੋਂ ਬਾਦ ਇਹ ਚਿੱਠੀ ਮੈਨੂੰ ਨਕਲੀ ਲੱਗੀ ਪਰ ਫਿਰ ਵੀ ਮੈਂ ਸਬੂਤ ਚਾਹੁੰਦਾ ਸੀ ਤਾਂ ਕਿ ਚਿੱਠੀ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਲੱਗ ਸਕੇ l ਮੈਂ ਐਤਵਾਰ ਨੂੰ ਚਾਰਟਵੈੱਲ ਸ਼ੌਪਿੰਗ ਸੈਂਟਰ ਨੂੰ ਈ-ਮੇਲ ਕੀਤੀ ਜਿਸ ਵਿੱਚ ਮੈਂ ਇਸ ਚਿੱਠੀ ਦੀ ਕਾਪੀ ਭੇਜੀ ਅਤੇ ਆਪਣਾ ਫੋਨ ਨੰਬਰ ਵੀ ਭੇਜਿਆ l ਈ-ਮੇਲ ਵਿੱਚ ਮੈਂ ਲਿਖਿਆ ਕਿ ਮੇਰੇ ਨਾਲ ਛੇਤੀਂ ਸੰਪਰਕ ਕੀਤਾ ਜਾਵੇ l ਅੱਜ ਮੈਨੂੰ ਸ਼ੌਪਿੰਗ ਸੈਂਟਰ ਤੋਂ ਫੋਨ ਆਇਆ ਅਤੇ ਉਨ੍ਹਾਂ ਦੱਸਿਆ ਕਿ ਇਹ ਚਿੱਠੀ ਨਕਲੀ ਹੈ l
ਜੇਕਰ ਪੰਜਾਬ ਵਿੱਚ ਇਹ ਚਿੱਠੀ ਕਿਸੇ ਨੂੰ ਮਿਲੇ ਤਾਂ ਇਸ ਨੂੰ ਨਕਲੀ ਸਮਝਿਆ ਜਾਵੇ ਅਤੇ ਇਸ ਧੋਖੇ ਬਾਰੇ ਸਬੰਧਤ ਮਹਿਕਮੇ ਨੂੰ ਜਾਣਕਾਰੀ ਦਿੱਤੀ ਜਾਵੇ l
ਇਸ ਆਰਟੀਕਲ ਨੂੰ ਹੋਰਾਂ ਨਾਲ ਸ਼ੇਅਰ ਕਰ ਦਿੱਤਾ ਜਾਵੇ ਤਾਂ ਕਿ ਬਾਕੀਆਂ ਨੂੰ ਧੋਖੇ ਤੋਂ ਬਚਾਇਆ ਜਾ ਸਕੇ l ਜਿਥੇ ਸਾਡੇ ਵਾਸਤੇ ਆਪ ਧੋਖੇ ਤੋਂ ਬਚਣਾ ਜ਼ਰੂਰੀ ਹੁੰਦਾ ਹੈ ਉਥੇ ਹੀ ਦੂਜਿਆਂ ਨੂੰ ਧੋਖੇ ਤੋਂ ਬਚਾਉਣਾ ਵੀ ਸਾਡੀ ਜਿੰਮੇਂਵਾਰੀ ਹੈ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147