(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ l ਇਸ ਸੰਸਥਾ ਨੇ ਬਹੁਤ ਸੰਘਰਸ਼ ਲੜੇ ਅਤੇ ਜਿੱਤੇ ਹਨ l
ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਬਾੜੀ ਕਨੂੰਨਾਂ ਖਿਲਾਫ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਵੀ ਹੋਰ ਜਥੇਬੰਦੀਆਂ ਸਮੇਤ ਇਹ ਜਥੇਬੰਦੀ ਵਧ ਚੜ੍ਹ ਕੇ ਹਿੱਸਾ ਲੈ ਰਹੀ ਹੈ l
ਜਿਹੜੇ ਖੇਤੀਬਾੜੀ ਵਿਰੋਧੀ ਕਨੂੰਨ ਪੰਜਾਬ ਵਿੱਚ ਹੁਣ ਲਾਗੂ ਕੀਤੇ ਗਏ ਹਨ ਉਹੀ ਕਨੂੰਨ ਗੁਜਰਾਤ ਅਤੇ ਬਿਹਾਰ ਵਿੱਚ ਸੰਨ 2006 ਵਿੱਚ ਲਾਗੂ ਕੀਤੇ ਗਏ ਸਨ ਜਿਨ੍ਹਾਂ ਦੇ ਮਾੜੇ ਅਸਰ ਕਾਰਨ ਇਨ੍ਹਾਂ ਰਾਜਾਂ ਵਿਚਲੇ 15 ਕਿੱਲ੍ਹੇ ਜ਼ਮੀਨ ਦੇ ਮਾਲਕ ਕਿਸਾਨ ਵੀ ਪੰਜਾਬ ਦੇ ਦੋ ਕਿੱਲ੍ਹੇ ਮਾਲਕੀ ਵਾਲੇ ਕਿਸਾਨ ਦੇ ਦਿਹਾੜੀ ਕਰਨ ਨੂੰ ਮਜ਼ਬੂਰ ਹਨ l ਇਸ ਦੇ ਮੁੱਖ ਕਾਰਨ ਐਮ. ਐਸ. ਪੀ. (MSP) ਅਤੇ ਕੰਟਰੈਕਟ ਫਾਰਮਿੰਗ (Contract Farming) ਹਨ l
ਜੇਕਰ ਉਨ੍ਹਾਂ ਰਾਜਾਂ ਵਿੱਚ 15 ਕਿੱਲ੍ਹੇ ਜ਼ਮੀਨ ਮਾਲਕ ਕਿਸਾਨ ਦਾ ਇਹ ਹਾਲ ਹੋਇਆ ਤਾਂ ਮਜ਼ਦੂਰ ਦਾ ਉਥੇ ਕੀ ਹਾਲ ਹੋਇਆ ਹੋਵੇਗਾ ? ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ l
ਇਨ੍ਹਾਂ ਕਨੂੰਨਾਂ ਦੇ ਜ਼ਰੀਏ ਕੇਂਦਰ ਸਰਕਾਰ ਸਰਕਾਰੀ ਮੰਡੀ ਖਤਮ ਕਰਕੇ ਪੂੰਜੀਪਤੀ ਘਰਾਣਿਆਂ ਦੇ ਘਰ ਭਰਨ ਦੀ ਕੋਸ਼ਿਸ਼ ਵਿੱਚ ਹੈ l ਜੇ ਇਹ ਕਨੂੰਨ ਲਾਗੂ ਰਹਿੰਦੇ ਹਨ ਤਾਂ ਪੂੰਜੀਪਤੀ ਘਰਾਣੇ ਹੀ ਕਿਸਾਨ ਦਾ ਅਨਾਜ ਖਰੀਦ ਕੇ ਦੁਬਾਰਾ ਕਿਸਾਨਾਂ, ਮਜਦੂਰਾਂ ਅਤੇ ਛੋਟੇ ਕਾਰੋਬਾਰ ਕਰਨ ਵਾਲਿਆਂ ਨੂੰ ਵੇਚਣਗੇ ਜਿਸ ਨਾਲ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰ ਕਰਨ ਵਾਲਿਆਂ ਦੀ ਹਾਲਤ ਮਾੜੀ ਹੋਵੇਗੀ ਕਿਉਂਕਿ ਸਾਰੇ ਹੀ ਸਰਮਾਏਦਾਰਾਂ ਦੇ ਖਰੀਦਦਾਰ ਬਣ ਜਾਣਗੇ l ਇਸ ਕਰਕੇ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਸਮੁੱਚੇ ਪੰਜਾਬੀਆਂ ਦਾ ਹੈ l
ਆਪ ਜਾਣਦੇ ਹੋ ਕਿ ਬਹੁਤ ਸਾਲਾਂ ਤੋਂ ਫਸਲਾਂ ਦੇ ਜਾਇਜ਼ ਭਾਅ ਨਾ ਮਿਲਣ ਅਤੇ ਖੇਤੀ ਬਾੜੀ ਵਿੱਚ ਵਰਤੀਆਂ ਜਾਂਦੀਆਂ ਸਪਰੇਆਂ, ਖਾਦਾਂ, ਡੀਜ਼ਲ ਅਤੇ ਮਸ਼ੀਨਰੀ ਦਾ ਭਾਅ ਵਧਣ ਕਾਰਨ ਕਿਸਾਨ ਪਹਿਲਾਂ ਹੀ ਬਹੁਤ ਮਾੜੀ ਹਾਲਤ ਵਿੱਚ ਹਨ l ਇਸ ਕਰਕੇ ਸਮਾਜ ਦੇ ਹਰ ਕਿੱਤੇ ਨਾਲ ਜੁੜੇ ਲੋਕਾਂ ਦੀ ਜਿੰਮੇਵਾਰੀ ਹੈ ਕਿ ਉਹ ਜੋ ਵੀ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਸਹਿਯੋਗ ਦੇ ਸਕਦੇ ਹਨ ਉਸ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ l
ਇਥੇ ਇਹ ਵਰਨਣਯੋਗ ਹੈ ਕਿ ਧਰਨੇ ਵਿੱਚ ਸ਼ਾਮਿਲ ਸਾਰੇ ਵਿਅਕਤੀਆਂ ਦੇ ਖਾਣ ਪੀਣ ਵਾਸਤੇ ਲੋੜ ਦੇ ਸਮਾਨ ਦੀ ਜਰੂਰਤ ਪਿੰਡਾਂ ਵਿੱਚੋਂ ਪੂਰੀ ਹੋ ਜਾਂਦੀ ਹੈ l ਇਸ ਸਮਾਨ ਤੋਂ ਇਲਾਵਾ ਹੋਰ ਸਮਾਨ ਜਿਸ ਤਰਾਂ ਬੈਨਰ ਬਣਾਉਣ, ਇਸ਼ਤਿਹਾਰ ਛਪਵਾਉਣ, ਟੈਂਟ ਹਾਉਸ ਦਾ ਸਮਾਨ ਅਤੇ ਕਿਸਾਨਾਂ ਦੇ ਧਰਨੇ ਤੇ ਆਉਣ ਜਾਣ ਦੇ ਖਰਚੇ ਵਾਸਤੇ ਆਰਥਿਕ ਮੱਦਦ ਦੀ ਲੋੜ ਹੈ l
ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਇਹ ਨਾ ਸੋਚਣ ਕਿ ਅਸੀਂ ਇਥੇ ਬੈਠੇ ਕੀ ਕਰ ਸਕਦੇ ਹਾਂ ? ਇਤਿਹਾਸ ਗਵਾਹ ਹੈ ਕਿ ਗਦਰ ਲਹਿਰ ਵੀ ਵਿਦੇਸ਼ਾਂ ਵਿੱਚੋਂ ਹੀ ਸ਼ੁਰੂ ਹੋਈ ਸੀ ਜਿਸ ਨੇ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ l ਗਦਰ ਲਹਿਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦੇ ਸਨ ਜੋ ਕਿ ਆਜ਼ਾਦੀ ਖਾਤਿਰ ਵਿਦੇਸ਼ ਤੋਂ ਜਾ ਕੇ ਫਾਂਸੀ ਚੜ੍ਹੇ ਸਨ l
ਜਿਥੇ ਸਾਡੇ ਵਾਸਤੇ ਆਪਣਾ ਮਾਣਮੱਤਾ ਇਤਿਹਾਸ ਚੇਤੇ ਰੱਖਣਾ ਜ਼ਰੂਰੀ ਹੁੰਦਾ ਹੈ ਉਥੇ ਹੀ ਲੋੜ ਪੈਣ ਤੇ ਇਤਿਹਾਸ ਦੁਹਰਾਉਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ l ਗਦਰ ਲਹਿਰ ਵੇਲੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਗਦਰ ਲਹਿਰ ਦੀ ਮੱਦਦ ਕੀਤੀ ਸੀ l
ਇਹ ਲੜ੍ਹਾਈ ਕਿਸੇ ਪਾਰਟੀ, ਜਾਤ ਜਾਂ ਧਰਮ ਨਾਲ ਸਬੰਧਤ ਨਹੀਂ ਹੈ l ਇਹ ਲੜ੍ਹਾਈ ਪੰਜਾਬ ਦੀ ਲੜ੍ਹਾਈ ਹੈ l ਜਦੋਂ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ ਤਾਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਖੜ੍ਹਨਾ ਸਾਡਾ ਫਰਜ਼ ਬਣਦਾ ਹੈ l ਆਓ ਅੱਜ ਇਕੱਠੇ ਹੋ ਕੇ ਪੰਜਾਬ ਨਾਲ ਖੜ੍ਹੇ ਹੋ ਕੇ ਪੰਜਾਬੀ ਹੋਣ ਦਾ ਸਬੂਤ ਦੇਈਏ l
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਗਿੱਲ ਜ਼ਮੀਨੀ ਪੱਧਰ ਤੇ ਇਸ ਸੰਘਰਸ਼ ਵਿੱਚ ਸ਼ਾਮਿਲ ਹਨ l ਕਾਮਰੇਡ ਨਛੱਤਰ ਸਿੰਘ ਗਿੱਲ ਪਿੰਡ ਝੰਡੇਵਾਲਾ ਤਹਿਸੀਲ ਤੇ ਜਿਲ੍ਹਾ ਮੋਗਾ ਦੇ ਵਸਨੀਕ ਹਨ ਅਤੇ ਮੋਗੇ ਜਿਲ੍ਹੇ ਦੇ ਮੀਤ ਪ੍ਰਧਾਨ, ਬਲਾਕ ਦੇ ਖਜ਼ਾਨਚੀ ਅਤੇ ਪਿੰਡ ਦੇ ਇਕਾਈ ਪ੍ਰਧਾਨ ਹਨ l ਕਾਮਰੇਡ ਨਛੱਤਰ ਸਿੰਘ ਗਿੱਲ ਹੋਰੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਥੱਲੇ ਪੰਜਾਬ ਦੇ ਤਕਰੀਬਨ 60% ਧਰਨਿਆਂ ਵਿੱਚ ਸ਼ਾਮਿਲ ਹਨ l
ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਤੇ ਆਈ ਇਸ ਮੁਸੀਬਤ ਦੀ ਘੜੀ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਨੇ ਕਿਸਾਨ ਜਥੇਬੰਦੀ ਉਗਰਾਹਾਂ ਨੂੰ ਆਰਥਿਕ ਮੱਦਦ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਕਿ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ l
ਜੇਕਰ ਕੋਈ ਸੱਜਣ ਜਾਂ ਅਦਾਰਾ ਇਸ ਲੋਕ ਪੱਖੀ ਸੰਘਰਸ਼ ਵਾਸਤੇ ਆਰਥਿਕ ਮੱਦਦ ਕਰਨੀ ਚਾਹੁੰਦਾ ਹੈ ਤਾਂ ਉਹ ਕਮੈਂਟ ਦੇ ਰੂਪ ਵਿੱਚ ਸੰਪਰਕ ਕਰ ਸਕਦਾ ਹੈ ਜਾਂ ਨਿਊਜ਼ੀਲੈਂਡ ਵਿੱਚ ਵਸਦੇ ਸੱਜਣ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਮੁਫ਼ਤ ਫੋਨ 0800MANAVTA (08006262882) ਤੇ ਸੰਪਰਕ ਕਰ ਸਕਦੇ ਹਨ l
ਨੋਟ :- ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵਲੋਂ ਇਕੱਠੀ ਕੀਤੀ ਆਰਥਿਕ ਮੱਦਦ ਦਾ 100% ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਭੇਜਿਆ ਜਾਵੇਗਾ l ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਸਾਰੇ ਮੈਂਬਰ ਬਿਨਾਂ ਤਨਖਾਹ ਲਏ ਤੋਂ ਸੰਸਥਾ ਲਈ ਕੰਮ ਕਰਦੇ ਹਨ ਅਤੇ ਲੋਕ ਪੱਖੀ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ l ਇਸ ਸੁਨੇਹੇ ਨੂੰ ਤੁਸੀਂ ਹੋਰ ਦੋਸਤਾਂ, ਰਿਸ਼ਤੇਦਾਰਾਂ ਅਤੇ ਸੰਸਥਾਵਾਂ ਨਾਲ ਸ਼ੇਅਰ ਕਰਕੇ ਵੀ ਸਹਿਯੋਗ ਦੇ ਸਕਦੇ ਹੋ l ਤੁਹਾਡਾ ਇਹ ਕਦਮ ਪੰਜਾਬ ਵਿੱਚ ਕਿਸਾਨੀ ਸੰਘਰਸ਼ ਜਾਰੀ ਰੱਖਣ ਵਿੱਚ ਮੱਦਦਗਾਰ ਹੋਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147