ਮੈਂ ਖੇਤੀ ਆਰਡੀਨੈਂਸ ਦਾ ਵਿਰੋਧ ਕਰਦਾ ਹਾਂ l ਮੇਰੇ ਵਿਚਾਰ ਤਕਰੀਬਨ ਇੱਕ ਹਫਤਾ ਪਹਿਲਾਂ ਇੱਕ ਚੈਨਲ ਨੇ ਰਿਕਾਰਡ ਕੀਤੇ ਸੀ ਅਤੇ ਉਹ ਵੀਡੀਓ ਰੂਪ ਵਿੱਚ ਹੀ ਇਥੇ ਸਾਂਝੇ ਕਰਨੇ ਸੀ l ਕਿਸੇ ਵਜ੍ਹਾ ਕਰਕੇ ਉਹ ਵੀਡੀਓ ਚੈਨਲ ਦੁਆਰਾ ਨਹੀਂ ਪਾਈ ਗਈ ਇਸ ਕਰਕੇ ਆਪਣੇ ਵਿਚਾਰ ਦੇਰੀ ਨਾਲ ਸਾਂਝੇ ਕਰ ਰਿਹਾ ਹਾਂ l ਇਹ ਆਪਾਂ ਚੰਗੀ ਤਰਾਂ ਜਾਣਦੇ ਹਾਂ ਕਿ ਕਿਸਾਨਾਂ ਨਾਲ ਧੱਕਾ ਬਹੁਤ ਚਿਰਾਂ ਤੋਂ ਹੁੰਦਾ ਆ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ l ਇਹੀ ਵਜ੍ਹਾ ਹੋਈ ਕਿ ਕਿਸਾਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਚੰਗੇ ਭਵਿੱਖ ਦੀ ਖੋਜ ਕਰਨ ਚਲੇ ਗਏ ਜਾਂ ਇਹ ਕਹਿ ਲਵੋ ਕਿ ਸਰਕਾਰਾਂ ਨੇ ਕਿਸਾਨਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਦੂਰ ਹੋਣ ਲਈ ਮਜ਼ਬੂਰ ਕੀਤਾ l ਜਿਥੇ ਕਦੇ ਨੌਜਵਾਨ ਦੁੱਧ, ਦਹੀਂ, ਲੱਸੀ ਅਤੇ ਮੱਖਣ ਖਾ ਕੇ ਕੁਸ਼ਤੀਆਂ ਕਰਿਆ ਕਰਦੇ ਸੀ ਉਨ੍ਹਾਂ ਨੂੰ ਨਸ਼ੇ ਕਰਨ ਲਈ ਮਜ਼ਬੂਰ ਕੀਤਾ l ਆਰਥਿਕਤਾ ਨਸ਼ਿਆਂ ਤੇ ਨਿਰਭਰ ਕਰ ਦਿੱਤੀ ਗਈ l ਨਸ਼ੇ ਰੋਕਣਾ ਸਰਕਾਰਾਂ ਦੀ ਜਿੰਮੇਂਵਾਰੀ ਹੁੰਦੀ ਹੈ ਜਿਸ ਵਿੱਚ ਸਰਕਾਰ ਬੁਰੀ ਤਰਾਂ ਫੇਲ੍ਹ ਹੋਈ l ਠੇਕੇ ਕੁੱਝ ਦਿਨ ਬੰਦ ਹੋ ਜਾਣ ਤਾਂ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੋ ਜਾਂਦੀ ਹੈ l ਪਿੰਡਾਂ ਵਿੱਚ ਜਿਥੇ ਸਰਕਾਰਾਂ ਨੂੰ ਜਿੰਮ ਖੋਲ੍ਹ ਕੇ ਦੇਣ ਦੀ ਲੋੜ ਸੀ ਉਥੇ ਠੇਕੇ ਖੋਲ੍ਹ ਕੇ ਦਿੱਤੇ ਗਏ l ਜਿਥੇ ਬੱਚਿਆਂ ਨੂੰ ਉਸਾਰੂ ਸਾਹਿਤ ਪੜ੍ਹਨ ਵਾਸਤੇ ਲਾਇਬ੍ਰੇਰੀਆਂ ਦੀ ਲੋੜ ਸੀ ਉਥੇ ਉਨ੍ਹਾਂ ਨੂੰ ਫੋਨ ਸਸਤੇ ਦਿੱਤੇ ਗਏ ਤਾਂ ਕਿ ਉਹ ਸਾਰਾ ਦਿਨ ਫੋਟੋਆਂ ਹੀ ਖਿੱਚ ਖਿੱਚ ਦੂਜਿਆਂ ਨੂੰ ਭੇਜਦੇ ਰਹਿਣ l
ਜਿਥੇ ਸਕੂਲ ਅਤੇ ਹਸਪਤਾਲ ਬਣਾਉਣ ਦੀ ਲੋੜ ਸੀ ਉਥੇ ਡੇਰਿਆਂ ਨੂੰ ਉਤਸ਼ਾਹਿਤ ਕੀਤਾ ਗਿਆ l ਲੋਕਾਂ ਦਾ ਧਿਆਨ ਇਸ ਜਨਮ ਦੀਆਂ ਸਮੱਸਿਆਵਾਂ ਤੋਂ ਹਟਾ ਕੇ ਅਗਲੇ ਜਨਮ ਦੇ ਸਵਰਗਾਂ ਵੱਲ ਲਗਾਇਆ ਗਿਆ ਜਿਸ ਦੀ ਬਦੌਲਤ ਲੋਕਾਂ ਦਾ ਇਹ ਜਨਮ ਵੀ ਨਰਕ ਬਣਿਆ l ਇਸ ਤਰ੍ਹਾਂ ਸੀਰੀਅਲ ਟੀ ਵੀ ਚੈਨਲਾਂ ਤੇ ਚਲਾਏ ਗਏ ਜਿਨ੍ਹਾਂ ਦਾ ਮੁੱਖ ਮਕਸਦ ਪਰਿਵਾਰਾਂ ਨੂੰ ਦੋਫਾੜ ਕਰਨਾ ਹੁੰਦਾ ਸੀ l ਸਭ ਕੁੱਝ ਦਾ ਨਤੀਜਾ ਕੀ ਹੋਇਆ ਕਿ ਕਿਸਾਨ ਕਦੇ ਰਾਜਨੀਤਕ ਪਾਰਟੀਆਂ ਵਿੱਚ ਵੰਡਿਆ ਗਿਆ, ਕਦੇ ਧਰਮਾਂ ਦੇ ਨਾਮ ਤੇ ਵੰਡਿਆ ਗਿਆ, ਕਦੇ ਜਾਤ ਪਾਤ ਦੇ ਨਾਮ ਤੇ ਵੰਡਿਆ ਗਿਆ ਅਤੇ ਕਦੇ ਪਰਿਵਾਰਕ ਤੌਰ ਤੇ ਵੰਡਿਆ ਗਿਆ l ਆਪ ਸਭ ਜਾਣਦੇ ਹੋ ਕਿ ਜਦੋਂ ਕੋਈ ਚੀਜ਼ ਟੁਕੜਿਆਂ ਵਿੱਚ ਵੰਡੀ ਜਾਵੇ ਤਾਂ ਉਸ ਦੀ ਸ਼ਕਤੀ ਘਟ ਜਾਂਦੀ ਹੈ l ਕਿਸਾਨ ਨੂੰ ਵਾਰ ਵਾਰ ਵੰਡ ਕੇ ਉਸ ਦੀ ਸ਼ਕਤੀ ਘਟਾਈ ਗਈ ਅਤੇ ਹੁਣ ਉਸ ਦੀ ਸਭ ਤੋਂ ਕੀਮਤੀ ਚੀਜ਼ ਜ਼ਮੀਨ/ਖੇਤੀ ਨੂੰ ਹੱਥ ਪਾਇਆ ਗਿਆ ਜਿਸ ਨੂੰ ਕਿਸਾਨ ਆਪਣੀ ਮਾਂ ਸਮਝਦਾ ਹੈ l ਖੇਤੀ ਮਾਂ ਇਸ ਕਰਕੇ ਹੈ ਕਿ ਅਸੀਂ ਇਸ ਦੀ ਬਦੌਲਤ ਹੀ ਜਿਉਂਦੇ ਹਾਂ l
ਇਹ ਆਰਡੀਨੈਂਸ ਕਿਸਾਨਾਂ ਵਾਸਤੇ ਬਹੁਤ ਹੈਰਾਨੀ ਵਾਲਾ ਹੈ ਪਰ ਮੇਰੇ ਵਾਸਤੇ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਸਰਮਾਏਦਾਰੀ ਦੇ ਇਸ ਰੂਪ ਨੂੰ ਚੰਗੀ ਤਰਾਂ ਜਾਣਦਾ ਹਾਂ l ਪਿਛਲੇ ਬਹੁਤ ਸਾਲਾਂ ਤੋਂ ਖੱਬੇ ਪੱਖੀ ਲਹਿਰਾਂ ਨਾਲ ਜੁੜਨ ਅਤੇ ਖੱਬੇ ਪੱਖੀ ਲਿਟਰੇਚਰ ਪੜ੍ਹਨ ਨਾਲ ਇਸ ਤਰਾਂ ਦੀ ਮੈਨੂੰ ਜਾਣਕਾਰੀ ਹੈ l ਜੋ ਤਰਕਸ਼ੀਲਾਂ ਜਾਂ ਕਾਮਰੇਡ ਵੀਰਾਂ ਵਲੋਂ ਵੱਖ ਵੱਖ ਸੈਮੀਨਾਰ ਕਰਵਾਏ ਜਾਂਦੇ ਹਨ l ਉਨ੍ਹਾਂ ਵਿੱਚ ਸਰਮਾਏਦਾਰੀ ਦੇ ਇਸ ਤਰਾਂ ਦੇ ਰੂਪਾਂ ਦਾ ਵਰਨਣ ਆਮ ਹੀ ਕੀਤਾ ਜਾਂਦਾ ਹੈ l ਉਨ੍ਹਾਂ ਵਲੋਂ ਜਾਰੀ ਕੀਤੀਆਂ ਮੈਗਜ਼ੀਨਾਂ ਜਿਹੜੀਆਂ ਕਿ 30 ਸਾਲ ਤੋਂ ਵੀ ਪੁਰਾਣੀਆਂ ਹਨ ਉਨ੍ਹਾਂ ਵਿੱਚ ਵੀ ਵਰਨਣ ਮਿਲਦਾ ਹੈ l ਜੋ ਪੰਜਾਬ ਦੀ ਖੇਤੀ ਤੇ ਸਰਕਾਰ ਵਲੋਂ ਜਹਿਰੀਲੀਆਂ ਸਪਰੇਆਂ ਕਰਨ ਦੀ ਇਜਾਜ਼ਤ ਦੇ ਕੇ ਮਨੁੱਖੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਉਹ ਵੀ ਖੱਬੇ ਪੱਖੀ ਮੈਗਜ਼ੀਨਾਂ ਵਿੱਚ 30 ਸਾਲ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ l ਤ੍ਰਾਸਦੀ ਇਹ ਰਹੀ ਕਿ ਇਸ ਨੂੰ ਬਹੁਤ ਲੋਕਾਂ ਵਲੋਂ ਸੱਚ ਨਹੀਂ ਮੰਨਿਆ ਗਿਆ ਅਤੇ ਨਤੀਜੇ ਸਾਡੇ ਸਾਹਮਣੇ ਹਨ l
ਸਚਾਈ ਇਹ ਹੈ ਕਿ ਸਮੇਂ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ l ਪੁਰਾਣੀਆਂ ਗਲਤੀਆਂ ਤੇ ਪਛਤਾਉਣ ਦਾ ਵੀ ਫਾਇਦਾ ਨਹੀਂ ਪਰ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰ ਲੋੜ ਹੈ ਤਾਂ ਕਿ ਉਹ ਗਲਤੀਆਂ ਦੁਬਾਰਾ ਨਾ ਹੋਣ l ਮੈਂ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਹਾਂ ਅਤੇ ਆਪਣੇ ਪਿੰਡ ਖੁਰਦਪੁਰ ਦੇ ਕਿਸਾਨਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਜੋ ਆਰਥਿਕ ਮੱਦਦ ਦੀ ਜਰੂਰਤ ਹੋਈ ਤਾਂ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ l ਇਸ ਦੇ ਨਾਲ ਹੀ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਪਾਰਟੀ ਦਾ ਝੰਡਾ ਚੁੱਕ ਕੇ ਸੰਘਰਸ਼ ਵਿੱਚ ਸ਼ਾਮਿਲ ਨਾ ਹੋਣਾ ਕਿਉਂਕਿ ਤੁਹਾਡੀ ਕਦੇ ਵੀ ਕਿਸੇ ਨੇ ਬਾਂਹ ਨਹੀਂ ਫੜੀ l ਉਸ ਦਾ ਸਿੱਟਾ ਤੁਸੀਂ ਭੁਗਤ ਰਹੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ ਜਿਲ੍ਹਾ ਜਲੰਧਰ
avtar31@hotmail.com