ਇਸ ਦੇ ਅਸਰ ਨੂੰ ਘੱਟ ਕਰਨ ਲਈ ਕੀ ਕਰੀਏ ?
-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਹੋਏ ਤਾਜ਼ੇ ਜੀ. ਡੀ. ਪੀ. ਡਿਕਲਾਇੰਨ (-12.2) ਤੋਂ ਬਾਦ ਆਰਥਿਕ ਮੰਦੀ ਐਲਾਨੀ ਗਈ ਜਿਸ ਦੇ ਸੁਣਦਿਆਂ ਸਾਰ ਕਾਮਿਆਂ ਅਤੇ ਕਾਰੋਬਾਰਾਂ ਦੇ ਮਾਲਕਾਂ ਵਿੱਚ ਕਾਫੀ ਫਿਕਰ ਦੇਖਣ ਨੂੰ ਮਿਲ ਰਿਹਾ ਹੈ l ਭਾਵੇਂ ਕਿ ਹੋਰ ਬਹੁਤ ਸਾਰੇ ਦੇਸ਼ ਕਰੋਨਾ ਦੀ ਵਜ੍ਹਾ ਨਾਲ ਹੋਏ ਲੌਕ ਡੌਨ ਕਰਕੇ ਆਰਥਿਕ ਮੰਦੀ ਦੀ ਲਪੇਟ ਵਿੱਚ ਹਨ ਪਰ ਹਰ ਇੱਕ ਨੂੰ ਆਪਣਾ ਫਿਕਰ ਹੁੰਦਾ ਹੈ l ਸਭ ਕੁੱਝ ਮੌਡਰਨ ਹੋਣ ਨਾਲ ਜਾਂ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਅਤੇ ਟੈਕਨੋਲੋਜੀ ਦੀ ਵਜ੍ਹਾ ਨਾਲ ਸਾਰਾ ਸੰਸਾਰ ਇੱਕ ਮੰਡੀ ਬਣ ਗਿਆ ਹੈ l ਬਹੁਤੇ ਮੁਲਕ ਇੱਕ ਦੂਜੇ ਨੂੰ ਸਮਾਨ ਵੇਚਦੇ ਅਤੇ ਖਰੀਦਦੇ ਹਨ l ਸਿੱਟੇ ਵਜੋਂ ਜਦੋਂ ਇੱਕ ਮੁਲਕ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਅਸਰ ਦੂਜੇ ਮੁਲਕਾਂ ਤੇ ਵੀ ਪੈਂਦਾ ਹੈ l ਹੁਣ ਦੇਖਣ ਦੀ ਲੋੜ ਹੈ ਕਿ ਆਰਥਿਕ ਮੰਦੀ ਆਪਣੇ ਆਪ ਕਿਉਂ ਆ ਜਾਂਦੀ ਹੈ ? ਜੋ ਸਰਮਾਏਦਾਰੀ ਸਿਸਟਮ ਬਣਿਆ ਹੋਇਆ ਹੈ ਉਸ ਦੇ ਚੱਲਦੇ ਆਰਥਿਕ ਮੰਦੀ ਨੇ ਆਉਣਾ ਹੀ ਹੁੰਦਾ ਹੈ l ਕਈ ਵਾਰ ਜਾਣ ਬੁਝ ਕੇ ਆਰਥਿਕ ਮੰਦੀ ਲਿਆਈ ਜਾਂਦੀ ਹੈ ਜਿਸ ਤਰਾਂ ਹੁਣ ਕਰੋਨਾ ਦੇ ਨਾਮ ਤੇ l
ਨਿਊਜ਼ੀਲੈਂਡ ਵਿੱਚ ਕਰੋਨਾ ਦੇ ਹੁੰਦਿਆਂ ਬੇਸ਼ੱਕ ਸਰਕਾਰ ਦੇ ਕਹੇ ਮੁਤਾਬਕ ਲੌਕ ਡੌਨ ਜ਼ਰੂਰੀ ਸੀ ਪਰ ਫਿਰ ਵੀ ਬਹੁਤ ਸਾਰੇ ਕਾਰੋਬਾਰ ਜਾਣ ਬੁਝ ਕੇ ਬੰਦ ਕਰਵਾ ਦਿੱਤੇ ਗਏ ਸਨ l ਜਿਸ ਵੇਲੇ ਲੌਕ ਡੌਨ ਲੈਵਲ 4 ਲਾਗੂ ਹੋਇਆ ਤਾਂ ਬਿਲਡਿੰਗਾਂ ਵਿੱਚ ਸਾਰੇ ਕੰਮ ਬੰਦ ਕਰ ਦਿੱਤੇ ਗਏ ਹਾਲਾਂਕਿ ਬਿਲਡਿੰਗਾਂ ਵਿੱਚ ਪੇਂਟਰ, ਪਲੰਬਰ, ਇਲਿਕਟ੍ਰਿਸ਼ਨ, ਕਾਰਪੈਟ ਪਾਉਣ ਵਾਲੇ, ਵਾਇਨਲ ਪਾਉਣ ਵਾਲੇ, ਵਾਟਰ ਬਲਾਸਟਿੰਗ ਕਰਨ ਵਾਲੇ, ਘਾਹ ਕੱਟਣ ਵਾਲੇ, ਪ੍ਰਾਪਰਟੀ ਮੈਨੇਜਰ, ਫੈਂਸ ਲਗਾਉਣ ਵਾਲੇ ਅਤੇ ਲੈਂਡਸਕੇਪਿੰਗ ਵਾਲੇ, ਅਲਾਰਮ ਲਗਾਉਣ ਵਾਲੇ, ਕੈਮਰੇ ਲਗਾਉਣ ਵਾਲੇ, ਆਰਕੀਟੈਕਟ, ਸਰਵੇਅਰ ਸਭ ਇਕੱਲੇ ਇਕੱਲੇ ਹੀ ਕੰਮ ਕਰਦੇ ਹੁੰਦੇ ਹਨ ਜਾਂ ਲੋੜ ਪੈਣ ਤੇ ਇਕੱਲੇ ਇਕੱਲੇ ਕੰਮ ਕਰ ਸਕਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਕੰਮ ਬੰਦ ਕਰਵਾ ਦਿੱਤੇ ਗਏ l
ਘਰਾਂ ਦੇ ਬਾਹਰ ਸ਼ੈੱਡਾਂ ਬਣਾਉਣ ਵਾਲੇ, ਗੈਰਾਜ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਲੀਪ ਆਊਟ ਬਣਾਉਣ ਵਾਲੀਆਂ ਕੰਪਨੀਆਂ ਦੇ ਵੀ ਕੰਮ ਬੰਦ ਕਰਵਾ ਦਿੱਤੇ ਗਏ l ਜਿਨ੍ਹਾਂ ਦੇ ਘਰ ਖਾਲੀ ਪਏ ਸਨ ਉਨ੍ਹਾਂ ਮਾਲਕਾਂ ਦੇ ਘਰਾਂ ਵਿੱਚ ਕਿਰਾਏਦਾਰਾਂ ਨੂੰ ਸ਼ਿਫਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ l ਹਾਲਾਂਕਿ ਕਿਰਾਏਦਾਰ ਪਰਿਵਾਰ ਸਮੇਤ ਆਪ ਘਰ ਵਿੱਚ ਸ਼ਿਫਟ ਹੋ ਸਕਦਾ ਸੀ l ਇਸ ਦੇ ਸਿੱਟੇ ਵਜੋਂ ਉਹ ਘਰ ਖਾਲੀ ਪਏ ਰਹੇ ਅਤੇ ਮਕਾਨ ਮਾਲਕਾਂ ਨੂੰ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਕੋਲੋਂ ਭਰਨੀਆਂ ਪਈਆਂ l ਜਿਹੜੇ ਕਿਸ਼ਤਾਂ ਨਹੀਂ ਦੇ ਸਕੇ ਉਨ੍ਹਾਂ ਨੂੰ ਹੁਣ ਵੱਧ ਵਿਆਜ ਭਰਨਾ ਪੈ ਰਿਹਾ ਹੈ l ਉਪਰੋਕਤ ਕੰਮ ਜਿਹੜੇ ਲੌਕ ਡੌਨ ਵਿੱਚ ਚੱਲ ਸਕਦੇ ਸੀ ਉਹ ਜਾਣ ਬੁਝ ਕੇ ਬੰਦ ਕਰਵਾ ਦਿੱਤੇ ਗਏ l ਬਾਕੀ ਬਹੁਤੇ ਕੰਮ ਕਰੋਨਾ ਦੀ ਮਾਰ ਕਰਕੇ ਬੰਦ ਹੋ ਗਏ ਜਿਸ ਤਰਾਂ ਟੂਰਿਜ਼ਮ, ਕਿਰਾਏ ਤੇ ਗੱਡੀਆਂ ਦੇਣ ਦਾ ਕੰਮ, ਹੋਟਲ, ਮੋਟਲ ਆਦਿ l ਇਸ ਸਭ ਕੁੱਝ ਦਾ ਅਸਰ ਹੋਇਆ ਕਿ ਮੁਲਕ ਆਰਥਿਕ ਮੰਦੀ ਦਾ ਸ਼ਿਕਾਰ ਹੋ ਗਿਆ ਜਿਸ ਨੂੰ ਪੈਰਾਂ ਤੇ ਆਉਣ ਨੂੰ ਕਾਫੀ ਸਮਾਂ ਲੱਗ ਸਕਦਾ ਹੈ l
ਬੇਰੋਜ਼ਗਾਰੀ ਪਹਿਲਾਂ ਦੇ ਮੁਕਾਬਲੇ ਕਾਫੀ ਵਧ ਗਈ ਹੈ ਅਤੇ ਹੋਰ ਵੀ ਵਧਣ ਦੀ ਸੰਭਾਵਨਾ ਹੈ l ਜਿਸ ਵੇਲੇ ਲੋਕਾਂ ਵਿੱਚ ਆਰਥਿਕ ਸਮੱਸਿਆਵਾਂ ਆਉਂਦੀਆਂ ਹਨ ਤਾਂ ਹੋਰ ਬਹੁਤ ਸਾਰੇ ਮਸਲੇ ਸਾਹਮਣੇ ਆ ਜਾਂਦੇ ਹਨ ਜਿਸ ਤਰਾਂ ਵੱਧ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ, ਪਰਿਵਾਰਾਂ ਵਿੱਚ ਪੈਸੇ ਦੀ ਘਾਟ ਕਾਰਨ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ, ਚੋਰੀ ਅਤੇ ਠਗੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਹੈ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਜਿਆਦਾ ਪਤੀ ਪਤਨੀ ਦੋਨੋਂ ਹੀ ਕੰਮ ਕਰਦੇ ਹਨ ਫਿਰ ਹੀ ਜਾ ਕੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ l ਇੱਕ ਜਣੇ ਦੀ ਤਨਖਾਹ ਤਾਂ ਹਰ ਹਫਤੇ ਕਿਰਾਏ ਜਾਂ ਘਰ ਦੀ ਕਿਸ਼ਤ ਵਿੱਚ ਨਿਕਲ ਜਾਂਦੀ ਹੈ l ਭਾਰਤ ਵਰਗੇ ਮੁਲਕ ਵਿੱਚੋਂ ਨਿਊਜ਼ੀਲੈਂਡ ਜਾਂ ਯੂਰਪ ਦੇ ਕਿਸੇ ਵੀ ਮੁਲਕ ਵਿੱਚ ਜਾ ਕੇ ਵਸਣ ਤੋਂ ਬਾਦ ਭਾਰਤੀਆਂ ਨੂੰ ਜੋ ਸਭ ਤੋਂ ਮਹਿੰਗੀ ਚੀਜ਼ ਖਰੀਦਣੀ ਪੈਂਦੀ ਹੈ ਉਹ ਰਹਿਣ ਵਾਸਤੇ ਘਰ ਹੁੰਦਾ ਹੈ ਜੋ ਔਕਲੈਂਡ ਵਰਗੇ ਸ਼ਹਿਰ ਵਿੱਚ ਛੇ ਲੱਖ ਡਾਲਰ ਜਾਂ ਇਸ ਤੋਂ ਵੱਧ ਕੀਮਤ ਵਿੱਚ ਮਿਲਦਾ ਹੈ l ਹਰ ਹਫਤੇ ਕਿਸ਼ਤ ਦਿਓ ਤਾਂ 30 ਕੁ ਸਾਲਾਂ ਵਿੱਚ ਉਸ ਘਰ ਦਾ ਕਰਜ਼ਾ ਉਤਰਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਪਹਿਲੀ ਪੀੜ੍ਹੀ ਤੋਂ ਤਾਂ ਸਿਰਫ ਘਰ ਦੀਆਂ ਕਿਸ਼ਤਾਂ ਹੀ ਉਤਰਦੀਆਂ ਹਨ l
ਜਦੋਂ ਕਿਸੇ ਮੁਲਕ ਵਿੱਚ ਆਰਥਿਕ ਮੰਦੀ ਆਉਂਦੀ ਹੈ ਤਾਂ ਕਾਰੋਬਾਰੀ ਅਤੇ ਕਾਮੇ ਇਸ ਦੇ ਅਸਰ ਤੋਂ ਡਰ ਜਾਂਦੇ ਹਨ ਅਤੇ ਹਰ ਕੋਈ ਆਪਣੇ ਬਚਾਅ ਲਈ ਸੰਭਵ ਯਤਨ ਕਰਦਾ ਹੈ l ਲੋਕ ਪੈਸਾ ਖਰਚਣਾ ਘੱਟ ਕਰ ਦਿੰਦੇ ਹਨ l ਇਸ ਦੀ ਵਜ੍ਹਾ ਨਾਲ ਮੰਦੀ ਹੋਰ ਵਧਦੀ ਹੈ l ਕਾਰੋਬਾਰੀ ਆਪਣੀ ਆਮਦਨ ਘਟਣ ਕਰਕੇ ਆਪਣਾ ਖਰਚਾ ਘਟਾਉਂਦੇ ਹਨ l ਕਾਰੋਬਾਰੀ ਵਾਸਤੇ ਸਭ ਤੋਂ ਵੱਡਾ ਖਰਚਾ ਆਪਣੇ ਕਾਮਿਆਂ ਦੀ ਤਨਖਾਹ ਹੁੰਦੀ ਹੈ l ਇਸ ਕਰਕੇ ਉਹ ਕੁੱਝ ਕਰਮਚਾਰੀਆਂ ਦੀ ਤਨਖਾਹ ਬਚਾਉਣ ਲਈ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੰਦਾ ਹੈ l ਆਰਥਿਕ ਮੰਦੀ ਦੌਰਾਨ ਵੀ ਲੋਕਾਂ ਨੂੰ ਖਾਣ ਪੀਣ, ਡਾਕਟਰੀ ਆਦਿ ਦੀ ਲੋੜ ਪੈਂਦੀ ਹੈ l ਇਸ ਕਰਕੇ ਇਸ ਤਰਾਂ ਦੇ ਕਾਰੋਬਾਰਾਂ ਵਿੱਚ ਮੰਦਾ ਨਹੀਂ ਪੈਂਦਾ ਜਾਂ ਘੱਟ ਮੰਦਾ ਪੈਂਦਾ ਹੈ l
ਦੂਸਰੇ ਕਾਰੋਬਾਰਾਂ ਤੇ ਵੱਧ ਅਸਰ ਪੈਂਦਾ ਹੈ ਜਿਸ ਤਰਾਂ ਟੂਰਿਜ਼ਮ ਦਾ ਕੰਮ, ਕਾਰਾਂ ਵੇਚਣ ਦਾ ਕੰਮ, ਫਰਨੀਚਰ, ਟੀ ਵੀ, ਫਰਿਜਾਂ, ਡਿਸ਼ ਵਾਸ਼ਰ, ਕੱਪੜੇ ਧੋਣ ਦੀਆਂ ਮਸ਼ੀਨਾਂ ਅਤੇ ਵਾਕਿਉਮ ਕਲੀਨਰ ਵੇਚਣ ਆਦਿ ਦੇ ਕਾਰੋਬਾਰ l ਆਰਥਿਕ ਮੰਦੀ ਦੌਰਾਨ ਜਿਥੇ ਆਮ ਲੋਕ ਬਹੁਤ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ ਉਥੇ ਹੀ ਕੁੱਝ ਸਭ ਤੋਂ ਅਮੀਰ ਲੋਕ ਹੋਰ ਅਮੀਰ ਹੋ ਜਾਂਦੇ ਹਨ ਕਿਉਂਕਿ ਉਹ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ l ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਆਰਥਿਕ ਮੰਦੀ ਬਹੁਤ ਨਵੇਂ ਸਰਮਾਏਦਾਰ ਪੈਦਾ ਕਰਦੀ ਹੈ ਅਤੇ ਕਈ ਪਹਿਲੇ ਸਰਮਾਏਦਾਰਾਂ ਦੀ ਦੌਲਤ ਹੋਰ ਵਧ ਜਾਂਦੀ ਹੈ l ਜਿਹੜੇ ਕਾਰੋਬਾਰੀ ਇਸ ਵਾਸਤੇ ਤਿਆਰ ਨਹੀਂ ਹੁੰਦੇ ਉਹ ਘਾਟੇ ਦਾ ਸ਼ਿਕਾਰ ਹੋਣ ਕਰਕੇ ਆਪਣਾ ਕਾਰੋਬਾਰ ਬੰਦ ਕਰ ਦਿੰਦੇ ਹਨ l ਇਸ ਤਰਾਂ ਦੇ ਹਲਾਤਾਂ ਵਿੱਚ ਕਈਆਂ ਦੀ ਸਾਰੀ ਉਮਰ ਦੀ ਕਮਾਈ ਰੁੜ੍ਹ ਜਾਂਦੀ ਹੈ l ਆਤਮ ਹਤਿਆਵਾਂ ਵਰਗੇ ਮਾਮਲੇ ਸਾਹਮਣੇ ਆਉਣ ਲਗਦੇ ਹਨ l ਉਪਰੋਕਤ ਸਭ ਕੁੱਝ ਤੋਂ ਉੱਪਰ ਉੱਠ ਕੇ ਸੋਚੀਏ ਕਿ ਆਰਥਿਕ ਮੰਦੀ ਤਾਂ ਆ ਗਈ ਹੈ l ਇਸ ਦੇ ਬਾਵਯੂਦ ਆਪਾਂ ਇਸ ਦੇ ਅਸਰ ਨੂੰ ਆਪਣੇ ਤੌਰ ਤੇ ਘੱਟ ਕਿਸ ਤਰਾਂ ਕਰ ਸਕਦੇ ਹਾਂ ?
ਅੰਗਰੇਜ਼ੀ ਵਿੱਚ ਕਹਿੰਦੇ ਹਨ ਕਿ ‘Plan for the worse and hope for the best’. ਭਾਵ ਕਿ ਤਿਆਰੀ ਸਭ ਤੋਂ ਮਾੜੇ ਸਮੇਂ ਦੀ ਕਰੋ ਅਤੇ ਆਸ ਸਭ ਤੋਂ ਵਧੀਆ ਸਮੇਂ ਦੀ ਰੱਖੋ l ਸਭ ਤੋਂ ਪਹਿਲਾਂ ਵੱਡੇ ਮਸਲੇ ਘਰ ਦੀ ਗੱਲ ਕਰਦੇ ਹਾਂ l ਕੱਲ ਇੱਕ ਨਿਊਜ਼ ਏਜੇਂਸੀ ਦੀ ਖ਼ਬਰ ਵਿੱਚ ਦੱਸਿਆ ਗਿਆ ਕਿ ਘਰਾਂ ਦੀ ਕੀਮਤ 37% ਤੋਂ 50% ਤੱਕ ਡਿਗ ਸਕਦੀ ਹੈ l ਇਹ ਸੁਣਦਿਆਂ ਹੀ ਕਾਫੀ ਘਰਾਂ ਦੇ ਮਾਲਕ ਫਿਕਰ ਵਿੱਚ ਪੈ ਗਏ l ਮੇਰੇ ਤਜਰਬੇ ਮੁਤਾਬਕ ਘਰਾਂ ਦੀ ਕੀਮਤ ਐਨੀ ਜਿਆਦਾ ਨਹੀਂ ਡਿਗ ਸਕਦੀ ਕਿਉਂਕਿ ਘਰਾਂ ਦੀ ਮੰਗ ਸਪਲਾਈ ਨਾਲੋਂ ਬਹੁਤ ਜਿਆਦਾ ਹੈ l ਦੂਜੀ ਗੱਲ ਕਿ ਘਰ ਵਿੱਚ ਘਾਟਾ ਉਸ ਵਕਤ ਪੈਂਦਾ ਹੈ ਜਦੋਂ ਤੁਹਾਨੂੰ ਆਰਥਿਕ ਮੰਦੀ ਚੱਲਦਿਆਂ ਵੇਚਣਾ ਪੈ ਜਾਵੇ l ਕਈਆਂ ਨੂੰ ਫਿਕਰ ਹੈ ਕਿ ਆਰਥਿਕ ਮੰਦੀ ਦੌਰਾਨ ਲੋਕ ਕਿਸ਼ਤਾਂ ਨਹੀਂ ਦੇ ਸਕਣਗੇ ਅਤੇ ਬੈਂਕਾਂ ਘਰ ਵੇਚ ਦੇਣਗੀਆਂ l ਇਸ ਤਰਾਂ ਹੋਣ ਦੀ ਵੀ ਸੰਭਾਵਨਾ ਕਾਫੀ ਘੱਟ ਹੈ ਕਿਉਂਕਿ ਪਿਛਲੀ ਆਰਥਿਕ ਮੰਦੀ ਦੌਰਾਨ ਘਰਾਂ ਦੀ ਕੀਮਤ 7% ਤੋਂ 8% ਤੱਕ ਡਿਗੀ ਸੀ ਉਸ ਵੇਲੇ ਬੈਂਕ ਦਾ ਵਿਆਜ ਤਕਰੀਬਨ 6% ਤੋਂ 7% ਦੇ ਲਾਗੇ ਸੀ l ਹੁਣ ਵਿਆਜ ਢਾਈ ਪ੍ਰਤੀਸ਼ਤ ਹੈ ਭਾਵ ਪਿਛਲੀ ਆਰਥਿਕ ਮੰਦੀ ਨਾਲੋਂ ਘਰਾਂ ਦੀਆਂ ਕਿਸ਼ਤਾਂ ਅੱਧੀਆਂ ਹੀ ਹਨ ਜੋ ਕਿ ਅਰਾਮ ਨਾਲ ਦਿਤੀਆਂ ਜਾ ਸਕਦੀਆਂ ਹਨ l ਇੱਕ ਹੋਰ ਕਾਰਨ ਹੈ ਕਿ ਘਰਾਂ ਦਾ ਕਿਰਾਇਆ ਘਰ ਦੀ ਕਿਸ਼ਤ ਨਾਲੋਂ ਵੱਧ ਹੈ l ਇਸ ਕਰਕੇ ਘਰ ਦੇ ਕਿਰਾਏ ਨਾਲ ਹੀ ਕਿਸ਼ਤ ਵੀ ਪੂਰੀ ਹੋ ਜਾਂਦੀ ਹੈ ਅਤੇ ਵਿੱਚੋਂ ਪੈਸੇ ਵੀ ਬਚ ਜਾਂਦੇ ਹਨ l
ਵੈਸੇ ਵਿਦੇਸ਼ਾਂ ਵਿੱਚ ਪੱਕੇ ਵਸਦੇ ਪੰਜਾਬੀਆਂ ਤੇ ਆਰਥਿਕ ਮੰਦੀ ਦਾ ਅਸਰ ਘੱਟ ਹੀ ਪੈਂਦਾ ਹੈ l ਪਿਛਲੀ ਆਰਥਿਕ ਮੰਦੀ ਵਿੱਚ ਇੱਕ ਵਾਕਿਫ ਗੋਰਾ ਮੈਨੂੰ ਪੁੱਛਣ ਲੱਗਾ ਕਿ ਸਾਰੇ ਆਰਥਿਕ ਮੰਦੀ ਦਾ ਸ਼ਿਕਾਰ ਹਨ ਪਰ ਪੰਜਾਬੀਆਂ ਤੇ ਇਸ ਦਾ ਅਸਰ ਕਿਉਂ ਨਹੀਂ ਹੈ ? ਮੈਂ ਕਿਹਾ ਕਿ ਤੁਸੀਂ ਹਮੇਸ਼ਾਂ ਅਰਾਮ ਦੀ ਜਿੰਦਗੀ ਜਿਉਣ ਦੇ ਆਦੀ ਹੋ ਇਸ ਕਰਕੇ ਤੁਹਾਨੂੰ ਹੁਣ ਥੋੜ੍ਹੀ ਤੰਗੀ ਆਉਣ ਤੇ ਹੀ ਤੁਹਾਡੇ ਤੇ ਆਰਥਿਕ ਮੰਦੀ ਆ ਗਈ ਪਰ ਅਸੀਂ ਤਾਂ ਕਈ ਪੀੜ੍ਹੀਆਂ ਤੋਂ ਰਹਿੰਦੇ ਹੀ ਆਰਥਿਕ ਮੰਦੀ ਵਿੱਚ ਹਾਂ l ਇਸ ਕਰਕੇ ਸਾਡੇ ਵਾਸਤੇ ਇਹ ਆਮ ਗੱਲ ਹੀ ਹੈ l ਉਹ ਬੜਾ ਹੈਰਾਨ ਹੋਇਆ l ਫਿਰ ਕਹਿਣ ਲੱਗਾ ਕਿ ਸਾਨੂੰ ਫਿਕਰ ਦੇ ਮਾਰੇ ਨੀਂਦ ਨਹੀਂ ਆਉਂਦੀ ਪਰ ਮੈਂ ਪੰਜਾਬੀਆਂ ਨੂੰ ਦੇਖਿਆ ਕਿ ਇਹ ਆਰਥਿਕ ਮੰਦੀ ਵਿੱਚ ਵੀ ਪਾਰਟੀਆਂ ਕਰਕੇ ਭੰਗੜਾ ਪਾਉਂਦੇ ਰਹਿੰਦੇ ਹਨ l ਇਹ ਕਿਉਂ ? ਮੈਂ ਕਿਹਾ ਕਿ ਸਾਨੂੰ ਸਾਰੀ ਉਮਰ ਚੰਗਾ ਸਮਾਂ ਆਉਣ ਦੀ ਆਸ ਹੀ ਨਹੀਂ ਬਚਦੀ ਇਸ ਕਰਕੇ ਅਸੀਂ ਆਰਥਿਕ ਮੰਦੀ ਵਿੱਚ ਵੀ ਭੰਘੜੇ ਹੀ ਪਾਈਦੇ ਹਨ l ਸੋਚ ਕੇ ਕਹਿੰਦਾ ਅੱਛਾ ਤਾਂ ਹੀ ਤੁਸੀਂ ਗਾਉਣ ਵਾਲਿਆਂ ਅੱਗੇ ਭੰਗੜੇ ਪਾਉਂਦੇ ਹੋ l ਮੈਂ ਅੱਗੇ ਕੁੱਝ ਨਾ ਕਹਿ ਸਕਿਆ l
ਇਥੇ ਮੈਂ ਵਰਨਣ ਕਰਨਾ ਚਾਹਾਂਗਾ ਕਿ ਪਿਛਲੀ ਆਰਥਿਕ ਮੰਦੀ ਦੌਰਾਨ ਕਾਰਾਂ ਦੀ ਵਿਕਰੀ ਘਟਣ ਨਾਲ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਤੇ ਕਾਫੀ ਮਾੜਾ ਅਸਰ ਪਿਆ ਸੀ ਪਰ ਪੰਜਾਬ ਵਿੱਚ ਉਸ ਸਮੇਂ ਬਹੁਤ ਸਾਰੇ ਮੁਲਕਾਂ ਨਾਲੋਂ ਵੱਧ ਕਾਰਾਂ ਵਿਕ ਰਹੀਆਂ ਸਨ l ਜੇਕਰ ਕਿਸੇ ਨੇ ਘਰ ਖਰੀਦਣ ਵਾਸਤੇ ਛੇ ਲੱਖ ਡਾਲਰ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ ਤਾਂ 2.5% ਵਿਆਜ ਦੇ ਹਿਸਾਬ ਨਾਲ ਉਸ ਦੀ ਹਫਤੇ ਦੀ ਬੈਂਕ ਦੀ ਇਕੱਲੇ ਵਿਆਜ ਦੀ ਕਿਸ਼ਤ ਸਿਰਫ 289 ਡਾਲਰ ਬਣੇਗੀ l ਜੇਕਰ ਉਸ ਵਿਅਕਤੀ ਕੋਲੋਂ ਇਹ ਕਿਸ਼ਤ ਨਹੀਂ ਦੇ ਹੁੰਦੀ ਤਾਂ ਉਹ ਵਿਅਕਤੀ ਉਸ ਘਰ ਨੂੰ ਵੇਚਣ ਦੀ ਬਜਾਏ ਕਿਰਾਏ ਤੇ ਦੇ ਸਕਦਾ ਹੈ l ਉਸ ਦਾ ਕਿਰਾਇਆ ਹਫਤੇ ਦਾ $550 ਦੇ ਕਰੀਬ ਆਵੇਗਾ ਜੋ ਕਿ ਬੈਂਕ ਦੀ ਕਿਸ਼ਤ ਨਾਲੋਂ ਦੁਗਣੇ ਦੇ ਕਰੀਬ ਹੈ l ਇਸ ਤਰ੍ਹਾਂ ਆਰਥਿਕ ਮੰਦੀ ਦੌਰਾਨ ਘਰ ਵਿਕਣ ਤੋਂ ਬਚਿਆ ਰਹੇਗਾ l ਆਪ ਆਪਣੇ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਨਾਲ ਥੋੜ੍ਹਾ ਖਰਚਾ ਕਰਕੇ ਰਹਿ ਸਕਦਾ ਹੈ l
ਚੱਲ ਰਹੀ ਆਰਥਿਕ ਮੰਦੀ ਦਾ ਮੁਕਾਬਲਾ ਕਰਨ ਵਾਸਤੇ ਹੇਠ ਲਿਖੀਆਂ ਗੱਲਾਂ ਤੇ ਅਮਲ ਕੀਤਾ ਜਾ ਸਕਦਾ ਹੈ:-
- ਆਪਣੀ ਜੌਬ ਦਾ ਮੁਆਇਨਾ ਕਰੋ ਕਿ ਆਰਥਿਕ ਮੰਦੀ ਦੌਰਾਨ ਇਹ ਕਾਇਮ ਰਹੇਗੀ ਜਾਂ ਨਹੀਂ l ਜੇ ਨਹੀਂ ਤਾਂ ਦੂਜੀ ਜੌਬ ਦੀ ਭਾਲ ਜਾਰੀ ਰੱਖੋ l
- ਜੇ ਤੁਸੀਂ ਹਫਤੇ ਵਿੱਚ 40 ਘੰਟੇ ਕੰਮ ਕਰਦੇ ਹੋ ਤਾਂ ਅੱਠ ਜਾਂ ਦੱਸ ਘੰਟੇ ਦੀ ਪਾਰਟ ਟਾਈਮ ਜੌਬ ਹੋਰ ਲੱਭ ਲਵੋ l
- ਆਪਣੇ ਕ੍ਰੈਡਿਟ ਕਾਰਡ ਵਰਤਣੇ ਬੰਦ ਕਰੋ l
- ਕਿਸ਼ਤਾਂ ਤੇ ਚੀਜ਼ਾਂ ਨਾ ਖਰੀਦੋ l
- ਸਿਰਫ ਜਰੂਰਤ ਮੁਤਾਬਕ ਹੀ ਚੀਜ਼ਾਂ ਖਰੀਦੋ l
- ਸੋਫਾ, ਫਰਿਜ, ਟੀ ਵੀ, ਕਾਰਾਂ ਆਦਿ ਖਰੀਦਣ ਤੋਂ ਬਚਿਆ ਜਾ ਸਕਦਾ ਹੈ l
- ਜੇਕਰ ਤੁਹਾਡੇ ਘਰ ਵਿੱਚ ਇਕੁਇਟੀ ਜਿਆਦਾ ਹੈ ਤਾਂ ਤੁਸੀਂ ਬੈਂਕ ਕੋਲੋਂ ਵੀਹ ਕੁ ਹਜ਼ਾਰ ਡਾਲਰ ਦਾ ਟੌਪ ਅਪ ਕਰਜ਼ਾ ਪਾਸ ਕਰਵਾ ਕੇ ਰੱਖ ਸਕਦੇ ਹੋ ਜਿਸ ਦੀ ਮਿਆਦ ਛੇ ਮਹੀਨੇ ਦੀ ਹੋਵੇ l ਉਹ ਬੁਰੇ ਸਮੇਂ ਵਿੱਚ ਆਪ ਦੀ ਮੱਦਦ ਕਰੇਗਾ l ਮੈਂ ਇਸ ਤਰਾਂ ਦਾ ਲੋਨ ਇੱਕ ਲੱਖ ਡਾਲਰ ਦਾ ਪਹਿਲਾਂ ਹੀ ਕਰਵਾਇਆ ਹੋਇਆ ਹੈ l ਇਸ ਤਰਾਂ ਦਾ ਕਰਜ਼ਾ ਮਾੜੇ ਸਮੇਂ ਵਿੱਚ ਤੁਹਾਡੀ ਨੀਂਦ ਖਰਾਬ ਨਹੀਂ ਹੋਣ ਦਿੰਦਾ l
- ਜੇ ਹੋਰ ਪੈਸੇ ਦੀ ਜਰੂਰਤ ਹੋਵੇ ਤਾਂ ਕਿਸੇ ਪਰਿਵਾਰ ਨੂੰ ਆਪਣੇ ਘਰ ਵਿੱਚ ਕਿਰਾਏ ਤੇ ਰੱਖਿਆ ਜਾ ਸਕਦਾ ਹੈ l
ਇਸ ਤਰਾਂ ਕਰਨ ਨਾਲ ਤੁਹਾਡੇ ਤੇ ਆਰਥਿਕ ਮੰਦੀ ਦਾ ਪ੍ਰਭਾਵ ਘੱਟ ਪਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਤੇ ਪ੍ਰਭਾਵ ਪਵੇ ਹੀ ਨਾ l
ਨੋਟ :- ਕੋਈ ਵੀ ਜਾਣਕਾਰੀ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਆਪਣੇ ਪੈਸੇ ਪ੍ਰਤੀ ਅਡਵਾਈਜ਼ਰ (authorised financial adviser) ਦੀ ਸਲਾਹ ਲੈਣੀ ਚਾਹੀਦੀ ਹੈ l ਇਸ ਆਰਟੀਕਲ ਵਿਚ ਲਿਖੀ ਜਾਣਕਾਰੀ ਸਿਰਫ ਮੇਰੇ ਤਜਰਬੇ ਤੇ ਅਧਾਰਤ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
avtar31@hotmailcom