-ਆਪਣੇ ਤਜਰਬੇ ਅਨੁਸਾਰ
ਪਿਛਲੇ ਕੁੱਝ ਦਿਨਾਂ ਤੋਂ ਇੱਕ ਵਿਦੇਸ਼ੀ ਮੌਟੀਵੇਸ਼ਨਲ ਲੇਖਕ ਅਤੇ ਸਪੀਕਰ ਬਾਰੇ ਕੁੱਝ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਲੇਖਕ ਦੀ ਫੋਟੋ ਅਤੇ ਉਸ ਦੀ ਇੱਕ ਮਸ਼ਹੂਰ ਕਿਤਾਬ ਦੀ ਫੋਟੋ ਦੇ ਨਾਲ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਖੁਦ ਹੀ 1.2 ਬਿਲੀਅਨ ਡਾਲਰ ਦੇ ਕਰਜ਼ੇ ਵਿੱਚ ਹੋ ਗਿਆ ਹੈ l
ਉਸ ਦੇ ਥੱਲੇ ਕਮੈਂਟ ਕਰਨੇ ਵਾਲੇ ਵੀ ਸਿਰਾ ਲਗਾ ਦਿੰਦੇ ਹਨ ਜਿਨ੍ਹਾਂ ਨੂੰ ਲੇਖਕ ਬਾਰੇ ਜਾਂ ਉਸ ਦੀਆਂ ਲਿਖਤਾਂ ਬਾਰੇ ਜਾਂ ਉਸ ਦੀ ਸੋਚ ਬਾਰੇ ਕੋਈ ਬਹੁਤੀ ਸਮਝ ਵੀ ਨਹੀਂ ਹੁੰਦੀ l
ਇਸ ਦਾ ਮਾੜਾ ਅਸਰ ਇਹ ਹੁੰਦਾ ਹੈ ਕਿ ਲੋਕ ਕਰਜ਼ਾ ਲੈਣ ਤੋਂ ਡਰਨ ਲੱਗ ਪੈਂਦੇ ਹਨ ਪਰ ਬਹੁਤੇ ਕਾਰੋਬਾਰ ਕਰਜ਼ੇ ਬਿਨਾਂ ਸ਼ੁਰੂ ਹੀ ਨਹੀਂ ਕੀਤੇ ਜਾ ਸਕਦੇ l ਲੋੜ ਕਰਜ਼ੇ ਤੋਂ ਡਰਨ ਦੀ ਨਹੀਂ ਕਰਜ਼ੇ ਨੂੰ ਸਮਝਣ ਦੀ ਹੁੰਦੀ ਹੈ ਅਤੇ ਕਰਜ਼ੇ ਨੂੰ ਮੈਨੇਜ ਕਰਨ ਦੀ ਹੁੰਦੀ ਹੈ l ਇਹੀ ਗੱਲ ਲੇਖਕ ਆਪਣੀਆਂ ਲਿਖਤਾਂ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ ਜੋ ਬਹੁਤ ਲੋਕ ਸਮਝ ਨਹੀਂ ਸਕਦੇ l
ਕੁੱਝ ਲੋਕ ਵਿਦੇਸ਼ੀ ਮੁਲਕਾਂ ਦੇ ਕਰਜ਼ੇ ਨੂੰ ਭਾਰਤ ਦੇ ਬਿਜਨਸਮੈਨਾਂ ਨਾਲ ਮਿਲਾ ਕੇ ਦੇਖਦੇ ਹਨ ਜੋ ਪੈਸਾ ਲੈ ਕੇ ਹੋਰ ਮੁਲਕਾਂ ਨੂੰ ਭੱਜ ਜਾਂਦੇ ਹਨ l
ਆਓ ਵਿਦੇਸ਼ੀ ਕਰਜ਼ੇ ਬਾਰੇ ਕੁੱਝ ਜਾਨਣ ਦੀ ਕੋਸ਼ਿਸ਼ ਕਰੀਏ l ਵਿਦੇਸ਼ਾਂ ਵਿੱਚ ਜਿਆਦਾ ਵੱਡਾ ਕਰਜ਼ਾ ਬਿਜਨਸ ਵਾਸਤੇ, ਕਿਰਾਏ ਵਾਲੇ ਘਰਾਂ ਵਾਸਤੇ ਜਾਂ ਕਮਰਸ਼ੀਅਲ ਬਿਲਡਿੰਗਾਂ ਲਈ ਆਮ ਲੋਕਾਂ ਨੂੰ ਜਾਂ ਬਿਜਨਸਮੈਨਾਂ ਨੂੰ ਦਿੱਤਾ ਜਾਂਦਾ ਹੈ l ਬੈਂਕ ਦੇ ਆਪਣੇ ਰੂਲ, ਰੈਗੂਲੇਸ਼ਨ ਅਤੇ ਪਾਲਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਰਜ਼ਾ ਲੈਣ ਤੋਂ ਪਹਿਲਾਂ ਹਰ ਵਿਅਕਤੀ ਨੂੰ ਪੂਰਾ ਕਰਨਾ ਪੈਂਦਾ ਹੈ l ਹਰ ਮੁਲਕ ਵਿੱਚ ਬੈਂਕਾਂ ਦੇ ਨਿਯਮਾਂ ਜਾਂ ਪਾਲਸੀਆਂ ਵਿੱਚ ਥੋੜ੍ਹਾ ਬਹੁਤ ਬਦਲਾਓ ਸਮੇਂ ਦੀ ਲੋੜ ਮੁਤਾਬਕ ਹੁੰਦਾ ਰਹਿੰਦਾ ਹੈ l ਸਮੇਂ ਸਮੇਂ ਕੁੱਝ ਮੁਲਕਾਂ ਦੀ ਰਿਜ਼ਰਵ ਬੈਂਕ ਵੀ ਦੂਜੀਆਂ ਬੈਂਕਾਂ ਤੇ ਪਬੰਦੀਆਂ ਲਗਾਉਂਦੀ ਹੈ ਜਿਸ ਤਰਾਂ ਨਿਊਜ਼ੀਲੈਂਡ ਵਿੱਚ ਘਰਾਂ ਦੇ ਖੇਤਰ ਵਿੱਚ ਇਨਵੈਸਟਰਾਂ ਵਾਸਤੇ 35% ਡਿਪੋਜਿਟ ਦੀ ਪਬੰਦੀ ਲਗਾਈ ਹੋਈ ਹੈ ਜੋ ਸਮੇਂ ਸਮੇਂ ਬਦਲਦੀ ਰਹਿੰਦੀ ਹੈ l ਮੌਕੇ ਦੀ ਸਰਕਾਰ ਵੀ ਕਈ ਵਾਰ ਇਨਵੈਸਟਰਾਂ ਤੇ ਪਬੰਦੀ ਲਗਾ ਜਾਂ ਹਟਾ ਦਿੰਦੀ ਹੈ ਜਿਸ ਤਰਾਂ ਨਿਊਜ਼ੀਲੈਂਡ ਵਿੱਚ ਫੌਰਨ ਇਨਵੈਸਟਰਾਂ ਤੇ ਨਿਊਜ਼ੀਲੈਂਡ ਵਿੱਚ ਘਰ ਖਰੀਦਣ ਤੇ ਪਬੰਦੀ ਲਗਾਈ ਹੋਈ ਹੈ ਜੋ ਲੋੜ ਪੈਣ ਤੇ ਬਦਲ ਵੀ ਸਕਦੀ ਹੈ l
ਕਰਜ਼ਾ ਦੇਣ ਤੋਂ ਪਹਿਲਾਂ ਬੈਂਕ ਦੇਖਦੀ ਹੈ ਕਿ ਕਰਜ਼ਾ ਲੈਣ ਵਾਲਾ ਕਿੰਨਾ ਕੁ ਰਿਸਕੀ (Risky) ਹੈ ਭਾਵ ਉਥੇ ਬੈਂਕ ਦੇ ਪੈਸੇ ਮਰਨ ਦੇ ਕਿੰਨੇ ਕੁ ਚਾਨਸ (Chance/ਮੌਕੇ) ਹਨ? ਬੈਂਕ ਇਹ ਵੀ ਦੇਖਦੀ ਹੈ ਕਿ ਇਸ ਰਿਸਕ ਨੂੰ ਉਹ ਕਿਵੇਂ ਘੱਟ ਕਰ ਸਕਦੀ ਹੈ? ਇਹ ਉਸੇ ਤਰਾਂ ਹੈ ਜਿਵੇਂ ਤੁਹਾਡੇ ਤੋਂ ਕੋਈ ਉਧਾਰ ਪੈਸੇ ਮੰਗੇ ਤਾਂ ਤੁਸੀਂ ਦੇਖਦੇ ਹੋ ਕਿ ਉਥੇ ਪੈਸੇ ਮੁੜਨ ਜਾਂ ਮਰਨ ਦਾ ਕਿੰਨਾ ਕੁ ਚਾਨਸ ਹੈ? ਫਿਰ ਤੁਸੀਂ ਦੇਖਦੇ ਹੋ ਕਿ ਇਥੇ ਕਿੰਨੇ ਕੁ ਪੈਸੇ ਦਾ ਰਿਸਕ ਲਿਆ ਜਾ ਸਕਦਾ ਹੈ l ਫਿਰ ਤੁਸੀਂ ਦੇਖਦੇ ਹੋ ਕਿ ਇਸ ਵਿਅਕਤੀ ਨੇ ਦੂਜਿਆਂ ਦੇ ਕਿੰਨੇ ਕੁ ਪੈਸੇ ਪਹਿਲਾਂ ਮਾਰੇ ਹੋਏ ਹਨ? ਜਿਸ ਤਰਾਂ ਤੁਹਾਡੇ ਕੋਲੋਂ ਜੇ ਕੋਈ ਇੱਕ ਲੱਖ ਰੁਪਏ ਮੰਗੇ ਤਾਂ ਜੇ ਉਥੋਂ ਪੈਸਾ ਮੁੜਨ ਦਾ ਚਾਨਸ ਨਾ ਹੋਵੇ ਤਾਂ ਤੁਸੀਂ ਬਹਾਨਾ ਮਾਰ ਕੇ ਨਾਂਹ ਕਰ ਦਿਓਗੇ, ਜੇ ਮੁੜਨ ਦਾ ਚਾਨਸ ਹੈ ਤਾਂ ਤੁਸੀਂ ਪੈਸੇ ਦੇ ਦਿਓਗੇ ਜਾਂ ਤੁਸੀਂ ਕਹੋਗੇ ਕਿ ਮੇਰੇ ਕੋਲ ਤਾਂ 50 ਕੁ ਹਜ਼ਾਰ ਹੀ ਹੋ ਸਕਦਾ ਹੈ l ਬਿਲਕੁਲ ਬੈਂਕ ਵੀ ਇਸੇ ਤਰਾਂ ਹੀ ਸੋਚਦਾ ਹੈ l
ਵਿਦੇਸ਼ਾਂ ਵਿੱਚ ਜਿਆਦਾ ਬੈਂਕਾਂ ਪ੍ਰਾਈਵੇਟ ਹਨ l ਉਹ ਵੀ ਦੂਜੇ ਬਿਜਨਸਾਂ ਵਾਂਗ ਹਨ l ਕਈ ਵਾਰ ਦੂਜੇ ਬਿਜਨਸ ਘਾਟਾ ਖਾ ਜਾਂਦੇ ਹਨ l ਇਸੇ ਤਰਾਂ ਕਦੇ ਕਦਾਈਂ ਬੈਂਕ ਨੂੰ ਵੀ ਘਾਟਾ ਪੈ ਜਾਂਦਾ ਹੈ l ਇਥੇ ਇਹ ਜਾਨਣ ਦੀ ਲੋੜ ਹੈ ਕਿ ਬੈਂਕਾਂ ਦੇ ਹਜ਼ਾਰਾਂ ਜਾਂ ਲੱਖਾਂ ਗਾਹਕ ਹੁੰਦੇ ਹਨ l ਜੇ ਕੁੱਝ ਗਾਹਕ ਬੈਂਕ ਨੂੰ ਘਾਟਾ ਦੇ ਵੀ ਜਾਣ ਤਾਂ ਵੀ ਬੈਂਕ ਨੂੰ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਬੈਂਕ ਨੇ ਉਹ ਘਾਟਾ ਬਾਕੀ ਗਾਹਕਾਂ ਨੂੰ ਦਿੱਤੇ ਕਰਜ਼ੇ ਦੇ ਆਉਂਦੇ ਵਿਆਜ਼ ਵਿੱਚੋਂ ਪੂਰਾ ਕਰਨਾ ਹੁੰਦਾ ਹੈ l ਪਿਆ ਹੋਇਆ ਘਾਟਾ ਬੈਂਕਾਂ ਦੂਜੇ ਗਾਹਕਾਂ ਸਿਰ ਨਹੀਂ ਮੜ੍ਹਦੀਆਂ l
ਉਦਾਹਰਣ ਦੇ ਤੌਰ ਤੇ ਨਿਊਜ਼ੀਲੈਂਡ ਵਿੱਚ ਬੈਂਕਾਂ ਇਸ ਵੇਲੇ ਕਿਰਾਏ ਵਾਲੇ ਘਰਾਂ ਤੇ 35% ਇਕੁਟੀ (Equity) ਜਾਂ ਡਿਪੋਜਿਟ (Deposit) ਹੋਣ ਤੇ ਬਕਾਇਆ 65% ਪ੍ਰਤੀਸ਼ਤ ਕਰਜ਼ਾ ਕਿਰਾਏ ਵਾਲੇ ਘਰ ਖਰੀਦਣ ਲਈ ਦਿੰਦੀਆਂ ਹਨ l ਬਾਕੀ ਫਾਰਮਾਂ ਜਾਂ ਬਿਜਨਸਾਂ ਵਾਸਤੇ ਜਿਆਦਾ ਤੌਰ ਤੇ ਬੈਂਕਾਂ 40% ਡਿਪੋਜਿਟ ਲੈ ਕੇ 60% ਕਰਜ਼ਾ ਦਿੰਦੀਆਂ ਹਨ l ਮੰਨ ਲਓ ਕਰਜ਼ਾ ਲੈਣ ਵਾਲੇ ਨੇ 10 ਲੱਖ ਦਾ ਘਰ ਜਾਂ ਬਿਜਨਸ ਖਰੀਦਿਆ l ਇਸ ਵਿੱਚ ਬੈਂਕ 6 ਲੱਖ ਦੇ ਕਰੀਬ ਕਰਜ਼ਾ ਦੇਵੇਗੀ ਅਤੇ ਮਾਲਕ ਚਾਰ ਲੱਖ ਦੇ ਕਰੀਬ ਆਪਣਾ ਪੈਸਾ ਲਗਾਵੇਗਾ l ਸਕਿਉਰਟੀ ਦੇ ਤੌਰ ਤੇ ਬੈਂਕ ਕਰਜ਼ੇ ਵਾਲੀ ਪ੍ਰਾਪਰਟੀ ਰੱਖੇਗੀ l ਇਸ ਉਦਾਹਰਣ ਵਿੱਚ ਜੇ ਕਰਜ਼ਾ ਲੈਣ ਵਾਲਾ ਕਰਜ਼ਾ ਨਾ ਮੋੜ ਸਕੇ ਤਾਂ ਬੈਂਕ ਉਸ ਪ੍ਰਾਪਰਟੀ ਨੂੰ ਵੇਚ ਕੇ ਆਪਣਾ ਪੈਸਾ ਪੂਰਾ ਕਰੇਗੀ l ਜਿਆਦਾ ਤੌਰ ਤੇ 10 ਲੱਖ ਵਾਲੀ ਪ੍ਰਾਪਰਟੀ 7 ਲੱਖ ਤੋਂ ਉੱਪਰ ਵਿਕ ਜਾਂਦੀ ਹੈ ਜਿਸ ਕਰਕੇ ਬੈਂਕ ਨੂੰ ਕੋਈ ਘਾਟਾ ਨਹੀਂ ਪੈਂਦਾ l
ਆਮ ਲੋਕਾਂ ਨੂੰ ਇਸ ਵਰਤਾਰੇ ਦੀ ਜਾਣਕਾਰੀ ਨਾ ਹੋਣ ਕਾਰਣ ਲਗਦਾ ਹੈ ਕਿ ਬੈਂਕ ਘਾਟਾ ਖਾ ਗਈ ਹੈ ਜਾਂ ਕੋਈ ਬੈਂਕ ਦਾ ਕਰਜ਼ਾ ਲੈ ਕੇ ਭੱਜ ਗਿਆ ਹੈ l
ਇਸੇ ਤਰਾਂ ਬੈਂਕਾਂ ਪਹਿਲਾ ਘਰ ਖਰੀਦਣ ਵਾਲੇ ਨੂੰ 5% ਜਾਂ 10% ਡਿਪੋਜਿਟ ਨਾਲ ਕਰਜ਼ਾ ਦੇ ਦਿੰਦੀਆਂ ਹਨ l ਬੈਂਕਾਂ 80% ਤੱਕ ਆਪਣਾ ਰਿਸਕ ਲੈਂਦੀਆਂ ਹਨ ਪਰ ਬਾਕੀ ਕਰਜ਼ੇ ਦੀ ਇੰਸ਼ੋਰੈਂਸ ਕਰਵਾ ਲੈਂਦੀਆਂ ਹਨ l ਉਸ ਇੰਸ਼ੋਰੈਂਸ ਦੀ ਕਿਸ਼ਤ ਇੱਕੋ ਵਾਰ ਖਰੀਦਦਾਰ ਤੋਂ ਲੈ ਲਈ ਜਾਂਦੀ ਹੈ l ਜਿਸ ਨੂੰ ਲੋ ਇਕੁਟੀ ਮੋਰਗੇਜ਼ ਇੰਸ਼ੋਰੈਂਸ (Low Equity Mortgage Insurance)
ਵੀ ਕਹਿੰਦੇ ਹਨ l ਜੇਕਰ ਇਸ ਘਰ ਦਾ ਮਾਲਕ ਕਿਸ਼ਤ ਨਹੀਂ ਦੇ ਪਾਉਂਦਾ ਤਾਂ ਬੈਂਕ ਜਦੋਂ ਘਰ ਨੂੰ ਵੇਚੇਗੀ ਤਾਂ ਉਸ ਵਿੱਚੋਂ ਆਪਣਾ 80% ਪਹਿਲਾਂ ਪੂਰਾ ਕਰ ਲਵੇਗੀ ਅਤੇ ਬਾਕੀ ਘਾਟਾ ਇੰਸ਼ੋਰੈਂਸ ਕੰਪਨੀ ਪੂਰਾ ਕਰੇਗੀ l
ਜੇ ਸਾਰੇ ਸਿਸਟਮ ਨੂੰ ਥੋੜ੍ਹੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਬੈਂਕ ਨੂੰ ਬਹੁਤੀਆਂ ਹਾਲਤਾਂ ਵਿੱਚ ਕੋਈ ਘਾਟਾ ਨਹੀਂ ਪੈਂਦਾ l
ਮੇਰੀ ਸੋਚ ਮੁਤਾਬਕ ਕਰਜ਼ਾ ਲੈਣਾ ਮਾੜਾ ਨਹੀਂ ਹੈ ਪਰ ਕਰਜ਼ੇ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ l ਕਰਜ਼ਾ ਲੈਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ ਕਿ ਕਰਜ਼ਾ ਮੋੜਨਾ ਕਿਵੇਂ ਹੈ?
ਇਸੇ ਤਰਾਂ ਉਪਰੋਕਤ ਲੇਖਕ ਕਰਜ਼ੇ ਪ੍ਰਤੀ ਚੰਗੀ ਜਾਣਕਾਰੀ ਰੱਖਦਾ ਹੈ l ਉਹ ਕਰਜ਼ੇ ਵਿੱਚੋਂ ਹੀ ਆਮਦਨ ਪੈਦਾ ਕਰਦਾ ਹੈ l ਇਸ ਤਰਾਂ ਉਸ ਨੂੰ ਟੈਕਸ ਵੀ ਘੱਟ ਦੇਣਾ ਪੈਂਦਾ ਹੈ l ਉਹ ਕਰਜ਼ੇ ਵਿੱਚ ਹੀ ਰਹਿਣਾ ਚਾਹੁੰਦਾ ਹੈ l ਇਸ ਵਿੱਚ ਹੈਰਾਨੀ ਜਾਂ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ l
ਨੋਟ :- ਨਿਊਜ਼ੀਲੈਂਡ ਵਿੱਚ ਕਰਜ਼ਾ ਲੈਣ ਤੋਂ ਪਹਿਲਾਂ ਜਾਂ ਬਿਜਨਸ ਜਾਂ ਘਰ ਖਰੀਦਣ ਤੋਂ ਪਹਿਲਾਂ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ l ਇਹ ਲੇਖ ਆਪਣੇ ਤਜਰਬੇ ਤੇ ਅਧਾਰਤ ਹੈ ਅਤੇ ਫਾਈਨੈਂਸ਼ਲ ਅਡਵਾਈਜ਼ ਨਹੀਂ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147