* ਨਵੀਂ ਸਰਕਾਰ ਨਵੀਆਂ ਆਸਾਂ *
ਨਿਊਜ਼ੀਲੈਂਡ ਵਿੱਚ 2 ਕੁ ਮਹੀਨੇ ਪਹਿਲਾਂ ਪਈਆਂ ਵੋਟਾਂ ਵਿੱਚ ਨੈਸ਼ਨਲ, ਐਕਟ ਅਤੇ ਐਨ ਜ਼ੈਡ ਫਸਟ ਨੇ ਰਲ ਕੇ ਸਰਕਾਰ ਬਣਾਈ ਹੈ l
ਲੋਕਾਂ ਨੂੰ ਸਰਕਾਰ ਤੇ ਬਹੁਤ ਆਸਾਂ ਹੁੰਦੀਆਂ ਹਨ l ਇਸੇ ਆਸ ਨਾਲ ਲੋਕ ਵੋਟਾਂ ਪਾਉਂਦੇ ਹਨ l ਕੁੱਝ ਨੂੰ ਇਹ ਸਰਕਾਰ ਚੰਗੀ ਲੱਗ ਸਕਦੀ ਹੈ ਅਤੇ ਕੁੱਝ ਨੂੰ ਮਾੜੀ l ਜਿਵੇੰ ਕਹਾਵਤ ਹੈ ਕਿ ਕਿਸੇ ਨੂੰ ਮਾਂਹ ਬਾਏ ਅਤੇ ਕਿਸੇ ਨੂੰ ਗਰਮੀ l
ਨਿਊਜ਼ੀਲੈਂਡ ਵਿੱਚ ਲੋਕਾਂ ਨੇ ਵਧੇਰੇ ਪੈਸਾ ਰੈਸੀਡੈਂਸ਼ਲ ਪ੍ਰੌਪਰਟੀ ਵਿੱਚ ਲਗਾਇਆ ਹੋਇਆ ਹੈ l ਤਕਰੀਬਨ 80% ਤੋਂ ਵੱਧ ਕਿਰਾਏ ਵਾਲੇ ਘਰ ਪ੍ਰਾਈਵੇਟ ਇਨਵੈਸਟਰਾਂ ਦੁਆਰਾ ਲੋੜਵੰਦ ਕਿਰਾਏਦਾਰਾਂ ਨੂੰ ਉਪਲੱਬਧ ਕਰਵਾਏ ਜਾਂਦੇ ਹਨ l
ਪਿਛਲੇ ਕੁੱਝ ਸਾਲਾਂ ਵਿੱਚ ਲੇਬਰ ਸਰਕਾਰ ਦੁਆਰਾ ਬਣਾਈਆਂ ਪਾਲਸੀਆਂ ਕਾਰਣ ਇਨਵੈਸਟਰਾਂ ਨੇ ਇਸ ਖੇਤਰ ਵਲੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਣ ਬਹੁਤ ਸਾਰੇ ਇਨਵੈਸਟਰ ਮਾਰਕੀਟ ਛੱਡ ਗਏ ਅਤੇ ਕੁੱਝ ਮਾਰਕੀਟ ਛੱਡਣ ਦੀ ਤਿਆਰੀ ਵਿੱਚ ਸਨ l ਇਸ ਨਾਲ ਕਿਰਾਏ ਵਾਲੇ ਘਰਾਂ ਦੀ ਘਾਟ ਮਾਰਕੀਟ ਵਿੱਚ ਰੜਕਣ ਲੱਗ ਪਈ ਸੀ ਜਿਸ ਨਾਲ ਕਿਰਾਏ ਤੇਜ਼ੀ ਨਾਲ ਵਧੇ l ਕਿਰਾਏ ਵਧਣ ਦੇ ਹੋਰ ਕਾਰਨਾਂ ਵਿੱਚ ਘਰਾਂ ਦੇ ਕਰਜ਼ੇ ਦੇ ਵਿਆਜ਼ ਦਾ ਵਧਣਾ ਅਤੇ ਬਿਲਡਿੰਗ ਮਟੀਰੀਅਲ ਦਾ ਮਹਿੰਗੇ ਹੋਣਾ ਵੀ ਸ਼ਾਮਿਲ ਹੈ l
ਨਵੀਂ ਸਰਕਾਰ ਨੇ ਇਸ ਸਮੱਸਿਆ ਵਿੱਚ ਕੁੱਝ ਰਾਹਤ ਲਿਆਉਣ ਲਈ ਕੁੱਝ ਪਾਲਸੀਆਂ ਬਦਲੀਆਂ ਹਨ ਜੋ ਆਉਣ ਵਾਲੇ ਸਮੇਂ ਵਿੱਚ ਲਾਗੂ ਹੋਣ ਦੀ ਆਸ ਹੈ l ਕੁੱਝ ਪਾਲਸੀਆਂ ਇਸ ਤਰਾਂ ਹਨ :-
*ਕਿਰਾਏ ਵਾਲੇ ਪੁਰਾਣੇ ਘਰਾਂ ਦੇ ਮਾਲਕ ਮੋਰਗੇਜ਼ ਦੇ ਵਿਆਜ਼ ਨੂੰ ਇਸ ਸਾਲ (1 ਅਪ੍ਰੈਲ 2023 ਤੋਂ 31 ਮਾਰਚ 2024) 60% ਖਰਚੇ ਦੇ ਤੌਰ ਤੇ ਗਿਣ ਸਕਦੇ ਹਨ l ਲੇਬਰ ਸਰਕਾਰ ਦੇ ਰਾਜ ਵਿੱਚ ਇਹ 50% ਸੀ l ਇੱਕ ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਇਹ ਮਾਲਕ 80% ਵਿਆਜ਼ ਨੂੰ ਖਰਚੇ ਦੇ ਤੌਰ ਤੇ ਗਿਣ ਸਕਣਗੇ ਜਦ ਕਿ ਜੇ ਲੇਬਰ ਸਰਕਾਰ ਜਿੱਤਦੀ ਤਾਂ ਇਸ ਸਾਲ ਵਿੱਚ 25% ਗਿਣ ਸਕਦੇ ਸਨ l ਇੱਕ ਅਪ੍ਰੈਲ 2025 ਤੋਂ ਬਾਦ ਇਹ ਮਾਲਕ ਵਿਆਜ਼ ਨੂੰ 100% ਖਰਚੇ ਦੇ ਤੌਰ ਤੇ ਗਿਣ ਸਕਣਗੇ ਜਦ ਕਿ ਲੇਬਰ ਸਰਕਾਰ ਜਿੱਤਦੀ ਤਾਂ ਇਸ ਤਰੀਕ ਤੋਂ 0% ਹੀ ਗਿਣ ਸਕਦੇ ਸਨ l
ਨਵੀਂ ਬਣੀ ਸਰਕਾਰ ਦੁਆਰਾ No Cause Tenancy Termination ਦੁਬਾਰਾ ਵਾਪਸ ਲਿਆਵੇਗੀ ਜਿਸ ਨਾਲ ਜੇਕਰ ਘਰ ਦਾ ਮਾਲਕ ਘਰ ਨੂੰ ਖਾਲੀ ਕਰਵਾਉਣਾ ਚਾਹੁੰਦਾ ਹੈ ਤਾਂ 90 ਦਿਨ ਦਾ ਨੋਟਿਸ ਦੇ ਕੇ ਬਿਨਾਂ ਕਾਰਣ ਦੱਸੇ ਕਿਰਾਏਦਾਰ ਨੂੰ ਘਰ ਖਾਲੀ ਕਰਨ ਲਈ ਕਹਿ ਸਕਦਾ ਹੈ l ਲੇਬਰ ਸਰਕਾਰ ਨੇ ਇਹ ਬੰਦ ਕਰ ਦਿੱਤਾ ਸੀ l
ਬ੍ਰਾਈਟ-ਲਾਈਨ ਬਦਲਾਓ (Bright-Line Change) :- ਨਵੀਂ ਸਰਕਾਰ ਇਸ ਨੂੰ ਘਟਾ ਕੇ 2 ਸਾਲ ਕਰ ਦੇਵੇਗੀ l ਲੇਬਰ ਸਰਕਾਰ ਦੇ ਰਾਜ ਵਿੱਚ ਇਹ ਪੁਰਾਣੇ ਘਰਾਂ ਤੇ 10 ਸਾਲ ਅਤੇ ਨਵੇਂ ਘਰਾਂ ਤੇ 5 ਸਾਲ ਸੀ l ਇਸ ਦੇ ਨਾਲ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਘਰ ਵੇਚਣ ਵੇਲੇ ਕੁੱਝ ਹੋਰ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਹਨ ਜੋ ਆਪਣੇ ਅਕਾਉੰਟੈਂਟ ਤੋਂ ਪੁੱਛ ਲੈਣੀਆਂ ਚਾਹੀਦੀਆਂ ਹਨ l
ਫੌਰਨ ਬਾਇਰ ਟੈਕਸ (Foreign Buyer Tax) :- ਵਿਦੇਸ਼ੀ ਇਨਵੈਸਟਰਾਂ ਨੂੰ ਨਿਊਜ਼ੀਲੈਂਡ ਵਿੱਚ ਘਰ ਖਰੀਦਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ ਜਿਸ ਕਾਰਣ ਉਹ ਟੈਕਸ ਵੀ ਨਹੀਂ ਲੱਗੇਗਾ l ਜੇਕਰ ਇਕੱਲੀ ਨੈਸ਼ਨਲ ਸਰਕਾਰ ਜਿੱਤਦੀ ਤਾਂ ਵਿਦੇਸ਼ੀ ਖਰੀਦਦਾਰਾਂ ਨੂੰ 2 ਮਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੇ ਘਰ ਖਰੀਦਣ ਦੀ ਇਜਾਜਤ ਹੋਣੀ ਸੀ ਪਰ ਉਨ੍ਹਾਂ ਤੇ 15% ਟੈਕਸ ਲਾਗੂ ਹੋਣਾ ਸੀ l ਭਾਵ 2 ਮਿਲੀਅਨ ਵਾਲਾ ਘਰ ਵਿਦੇਸ਼ੀ ਖਰੀਦਦਾਰ ਨੂੰ ਟੈਕਸ ਸਮੇਤ 23 ਲੱਖ ਡਾਲਰ ਵਿੱਚ ਪੈ ਸਕਦਾ ਸੀ l ਖੈਰ ਹੁਣ ਇਸ ਦੀ ਇਜਾਜਤ ਹੀ ਨਹੀਂ ਹੈ l ਅਸਟ੍ਰੇਲੀਆ ਅਤੇ ਸਿੰਗਾਪੁਰ ਵਾਲੇ ਘਰ ਖਰੀਦ ਸਕਦੇ ਹਨ ਪਰ ਖਰੀਦਣ ਤੋਂ ਪਹਿਲਾਂ ਆਪਣੇ ਅੱਥੋਰਾਇਜ਼ਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਜ਼ਰੂਰ ਲਵੋ ਕਿਉਂਕਿ ਪਾਲਸੀਆਂ ਵਿੱਚ ਬਦਲਾਓ ਹਮੇਸ਼ਾਂ ਚੱਲਦਾ ਰਹਿੰਦਾ ਹੈ l
ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਨਿਊਜ਼ੀਲੈਂਡ ਵਿੱਚ ਨਵੀਂ ਸਰਕਾਰ ਆਉਣ ਨਾਲ ਕਿਰਾਏ ਵਾਲੇ ਘਰਾਂ ਦੇ ਮਾਲਕਾਂ ਨੂੰ ਨਵੀਆਂ ਆਸਾਂ ਬੱਝੀਆਂ ਹਨ l ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਇਨਵੈਸਟਰ ਇਸ ਖੇਤਰ ਵਿੱਚ ਸ਼ਾਮਲ ਹੋਣਗੇ l
ਇਹ ਜਾਣਕਾਰੀ ਸਿਰਫ ਆਪਣੇ ਤਜ਼ਰਬੇ ਤੇ ਅਧਾਰਤ ਹੈ l ਘਰਾਂ ਦੇ ਖੇਤਰ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਅੱਥੋਰਾਇਜ਼ਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147